ਚੰਡੀਗੜ੍ਹ ਵਿੱਚ ਪੁਸਤਕਾਂ ਦੀਆਂ ਕੀਮਤਾਂ 20 ਫੀਸਦੀ ਵਧੀਆਂ
ਸੁਖਵਿੰੰਦਰ ਪਾਲ ਸੋਢੀ
ਚੰਡੀਗੜ੍ਹ, 29 ਮਾਰਚ
ਸਕੂਲਾਂ ਵਿਚ ਨਵਾਂ ਸੈਸ਼ਨ ਪਹਿਲੀ ਅਪਰੈਲ ਤੋਂ ਸ਼ੁਰੂ ਹੋਣ ਵਾਲਾ ਹੈ ਤੇ ਮਾਪਿਆਂ ਨੇ ਆਪਣੇ ਬੱਚਿਆਂ ਲਈ ਅਗਲੀ ਜਮਾਤ ਲਈ ਪੁਸਤਕਾਂ ਤੇ ਸਟੇਸ਼ਨਰੀ ਲੈਣੀ ਹੈ ਪਰ ਇਸ ਵਾਰ ਮਾਪਿਆਂ ਨੂੰ ਪੁਸਤਕਾਂ ਦੀ ਖਰੀਦਦਾਰੀ ਲਈ ਜੇਬ ਢਿੱਲੀ ਕਰਨੀ ਪਵੇਗੀ ਕਿਉਂਕਿ ਪ੍ਰਾਈਵੇਟ ਪਬਲਿਸ਼ਰਾਂ ਨੇ ਪੁਸਤਕਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ ਪਰ ਨੈਸ਼ਨਲ ਕਾਊਂਸਲ ਆਫ ਐਜੂਕੇਸ਼ਨਲ ਰਿਸਚਰਚ ਐਂਡ ਟਰੇਨਿੰਗ (ਐਨਸੀਈਆਰਟੀ) ਦੀਆਂ ਪੁਸਤਕਾਂ ਦੀਆਂ ਕੀਮਤਾਂ ਵਿਚ ਇਸ ਵਾਰ ਵਾਧਾ ਨਹੀਂ ਕੀਤਾ ਗਿਆ।
ਚੰਡੀਗੜ੍ਹ ਤੇ ਮੁਹਾਲੀ ਦੀਆਂ ਦੁਕਾਨਾਂ ਤੋਂ ਹਾਸਲ ਕੀਤੀ ਜਾਣਕਾਰੀ ਅਨੁਸਾਰ ਹਰ ਜਮਾਤ ਦੀਆਂ ਪੁਸਤਕਾਂ ਦੀਆਂ ਕੀਮਤਾਂ ਪਿਛਲੇ ਸਾਲ ਦੇ ਮੁਕਾਬਲੇ 20 ਫੀਸਦੀ ਤਕ ਵਧ ਗਈਆਂ ਹਨ। ਸ਼ਹਿਰ ਦੇ ਜ਼ਿਆਦਾਤਰ ਸਕੂਲਾਂ ਨੇ ਵਿਦਿਆਰਥੀਆਂ ਦੇ ਜਮਾਤਾਂ ਦੇ ਨਤੀਜੇ ਐਲਾਨ ਦਿੱਤੇ ਹਨ। ਇੱਥੋਂ ਦੇ ਬੁੱਕ ਸਟੋਰਾਂ ’ਤੇ ਮਾਪਿਆਂ ਦੀ ਭੀੜ ਵਧਣੀ ਸ਼ੁਰੂ ਹੋ ਗਈ ਹੈ ਤੇ ਪੁਸਤਕਾਂ ਦੀਆਂ ਦੁਕਾਨਾਂ ’ਤੇ ਪੁੱਜੇ ਮਾਪਿਆਂ ਨੂੰ ਕੀਮਤਾਂ ਵਧਣ ਕਾਰਨ ਵੱਡਾ ਝਟਕਾ ਲੱਗਿਆ ਹੈ। ਸੈਕਟਰ-19 ਵਿਚ ਮਨਚੰਦਾ ਸਟੋਰ ਦੇ ਮਾਲਕ ਨੇ ਦੱਸਿਆ ਕਿ ਇਸ ਵਾਰ ਪੁਸਤਕਾਂ ਦੇ ਸੈੱਟਾਂ ਦੀਆਂ ਕੀਮਤਾਂ ਵਧੀਆਂ ਹਨ। ਸੈਕਟਰ-22 ਦੇ ਹੈਪੀ ਬੁੱਕ ਡਿਪੂ ਦੇ ਮਾਲਕ ਆਨੰਦ ਨੇ ਦੱਸਿਆ ਕਿ ਇਸ ਵਾਰ ਸਾਰੀਆਂ ਜਮਾਤਾਂ ਦੀਆਂ ਪੁਸਤਕਾਂ 20 ਫੀਸਦੀ ਤਕ ਵਧੀਆਂ ਹਨ। ਪ੍ਰਾਈਵੇਟ ਪਬਲਿਸ਼ਰਾਂ ਨੇ ਤਾਂ ਕਈ ਪੁਸਤਕਾਂ ਵਿਚ ਵੀਹ ਫੀਸਦੀ ਤਕ ਵਾਧਾ ਕੀਤਾ ਹੈ ਪਰ ਐਨਸੀਈਆਰਟੀ ਦੀਆਂ ਪੁਸਤਕਾਂ ਦੀਆਂ ਕੀਮਤਾਂ ਵਿਚ ਇਸ ਸਾਲ ਵਾਧਾ ਨਹੀਂ ਕੀਤਾ ਗਿਆ।
ਹੈਪੀ ਬੁੱਕ ਦੇ ਮਾਲਕ ਨੇ ਦੱਸਿਆ ਕਿ ਪੰਜਵੀਂ ਜਮਾਤ ਦੀਆਂ ਪੁਸਤਕਾਂ ਦਾ ਸੈਟ ਪਿਛਲੇ ਸਾਲ ਪੰਜ ਹਜ਼ਾਰ ਵਿਚ ਮਿਲਦਾ ਸੀ ਜੋ ਇਸ ਸਾਲ ਛੇ ਹਜ਼ਾਰ ਰੁਪਏ ਤੋਂ ਵੱਧ ਮਿਲ ਰਿਹਾ ਹੈ। ਇਸ ਤੋਂ ਇਲਾਵਾ ਨੌਵੀਂ ਜਮਾਤ ਦੀਆਂ ਪੁਸਤਕਾਂ ਦਾ ਸੈਟ ਪਿਛਲੇ ਸਾਲ ਸੱਤ ਹਜ਼ਾਰ ਰੁਪਏ ਕੇ ਕਰੀਬ ਸੀ ਜੋ ਇਸ ਵਾਰ 9200 ਰੁਪਏ ਦਾ ਮਿਲ ਰਿਹਾ ਹੈ।
ਪੁਸਤਕ ਵਿਕਰੇਤਾਵਾਂ ਨੇ ਵਿਸ਼ੇਸ਼ ਪ੍ਰਬੰਧ ਕੀਤੇ
ਮਨਚੰਦਾ ਬੁੱਕ ਸਟੋਰ ਦੇ ਮਾਲਕ ਨੇ ਦੱਸਿਆ ਕਿ ਉਨ੍ਹਾਂ ਨੇ ਪੁਸਤਕਾਂ ਖਰੀਦਣ ਲਈ ਆਉਣ ਵਾਲਿਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਨੇ ਆਮ ਦਿਨਾਂ ਦੇ ਮੁਕਾਬਲੇ ਦੁੱਗਣੇ ਮੁਲਾਜ਼ਮ ਇਨ੍ਹਾਂ ਦਿਨਾਂ ਲਈ ਰੱਖ ਲਏ ਹਨ ਤਾਂ ਕਿ ਮਾਪਿਆਂ ਨੂੰ ਪ੍ਰੇਸ਼ਾਨੀ ਨਾ ਝੱਲਣੀ ਪਵੇ। ਦੂਜੇ ਪਾਸੇ ਹੈਪੀ ਬੁੱਕ ਡਿਪੂ ਦੇ ਮਾਲਕ ਨੇ ਕਿਹਾ ਕਿ ਉਨ੍ਹਾਂ ਨੇ ਵੀ ਆਪਣੇ ਕਾਊਂਟਰਾਂ ਵਿਚ ਦੁੱਗਣੇ ਮੁਲਾਜ਼ਮ ਤਾਇਨਾਤ ਕਰ ਦਿੱਤੇ ਹਨ।
ਨੇੜਲੇ ਰਿਸ਼ਤੇਦਾਰਾਂ ਨੂੰ ਸੱਦਿਆ; ਕਾਊਂਟਰਾਂ ’ਤੇ ਬਿਠਾਇਆ
ਸੈਕਟਰ-19, 22, 23 ਦੇ ਬੁੱਕ ਵਿਕਰੇਤਾਵਾਂ ਨੇ ਪੁਸਤਕਾਂ ਵੇਚਣ ਦੀ ਦਰ ਵਿਚ ਆਉਣ ਵਾਲੇ ਦਿਨਾਂ ਵਿਚ ਤੇਜ਼ੀ ਆਉਣ ਦੇ ਮੱਦੇਨਜ਼ਰ ਆਪਣੇ ਰਿਸ਼ਤੇਦਾਰਾਂ ਨੂੰ ਸੱਦ ਲਿਆ ਹੈ। ਇਹ ਵੀ ਪਤਾ ਲੱਗਿਆ ਹੈ ਕਿ ਮਨਚੰਦਾ ਬੁੱਕ ਡਿੱਪੂ ਨੇ ਸ਼ਿਮਲਾ ਰਹਿੰਦੇ ਆਪਣੇ ਰਿਸ਼ਤੇਦਾਰਾਂ ਨੂੰ ਸੱਦ ਲਿਆ ਹੈ ਤੇ ਉਨ੍ਹਾਂ ਨੂੰ ਸੇਲ ਕਾਊਂਟਰ ’ਤੇ ਬਿਠਾ ਲਿਆ ਹੈ। ਇਸ ਤੋਂ ਇਲਾਵਾ ਸੈਕਟਰ-23 ਦੇ ਪੁਸਤਕ ਵਿਕਰੇਤਾ ਨੇ ਵੀ ਆਪਣੇ ਸਹੁਰਾ ਪਰਿਵਾਰ ਨੂੰ ਹਫਤੇ ਭਰ ਵਿਚ ਚੰਡੀਗੜ੍ਹ ਸੱਦ ਲਿਆ ਹੈ ਤੇ ਉਨ੍ਹਾਂ ਦੀ ਡਿਊਟੀ ਸੇਲ ’ਤੇ ਲਾ ਦਿੱਤੀ ਹੈ।