ਖੇਤੀ ਵਿਭਿੰਨਤਾ ਤਹਿਤ ਬੀਜੀ ਮੂੰਗੀ ਦੇ ਭਾਅ ਨੇ ਕਿਸਾਨਾਂ ਨੂੰ ਪੜ੍ਹਨੇ ਪਾਇਆ
ਜੋਗਿੰਦਰ ਸਿੰਘ ਮਾਨ
ਮਾਨਸਾ, 8 ਜੁਲਾਈ
ਮਾਲਵਾ ਖੇਤਰ ਵਿੱਚ ਖੇਤੀ ਵਿਭਿੰਨਤਾ ਤਹਿਤ ਝੋਨੇ ਤੋਂ ਪਹਿਲਾਂ ਮੂੰਗੀ ਬੀਜਣ ਵਾਲੇ ਕਿਸਾਨਾਂ ਨੂੰ ਇਸ ਵਾਰ ਭਾਅ ਪੱਖੋਂ ਮਾਰ ਪੈਣ ਲੱਗੀ ਹੈ। ਪੰਜਾਬ ਸਰਕਾਰ ਵੱਲੋਂ ਝੋਨੇ ਦੀ ਥਾਂ ਬਾਸਮਤੀ ਲਾਉਣ ਨੂੰ ਤਰਜੀਹ ਦੇਣ ਲਈ ਕਿਸਾਨਾਂ ਨੂੰ ਵੱਡੀ ਪੱਧਰ ’ਤੇ ਮੂੰਗੀ ਬੀਜਣ ਦਾ ਸੱਦਾ ਦਿੱਤਾ ਗਿਆ ਹੈ। ਇਸ ਖੇਤਰ ਵਿੱਚ 2-3 ਸਾਲਾਂ ਤੋਂ ਮੂੰਗੀ ਹੇਠ ਕਿਸਾਨਾਂ ਵੱਲੋਂ ਰਕਬੇ ਨੂੰ ਵੱਡੀ ਪੱਧਰ ’ਤੇ ਵਧਾਇਆ ਗਿਆ ਹੈ। ਪਿਛਲੇ ਸਾਲ ਬਾਸਮਤੀ ਦੇ ਭਾਅ 5 ਹਜ਼ਾਰ ਤੋਂ ਵੱਧ ਰਹਿਣ ਕਾਰਨ ਇਸ ਵਾਰ ਕਿਸਾਨਾਂ ਵੱਲੋਂ ਮੂੰਗੀ ਨੂੰ ਵੱਡੀ ਪੱਧਰ ’ਤੇ ਲਾਇਆ ਗਿਆ ਹੈ, ਪਰ ਹੁਣ ਐੱਮਐੱਸਪੀ ਤੋਂ ਘੱਟ ਭਾਅ ਨੇ ਕਿਸਾਨਾਂ ਦਾ ਕਚੂੰਮਰ ਕੱਢ ਦਿੱਤਾ ਹੈ। ਮਾਲਵੇ ਦੀਆਂ ਮੰਡੀਆਂ ਵਿੱਚ ਅਜੇ ਤੱਕ ਸਰਕਾਰੀ ਭਾਅ ’ਤੇ ਮੂੰਗੀ ਦੀ ਕੋਈ ਖਰੀਦ ਨਾ ਹੋਣ ਦੀ ਜਾਣਕਾਰੀ ਮਿਲੀ ਹੈ।
ਦਿਲਚਸਪ ਗੱਲ ਹੈ ਕਿ ਕਿਸਾਨਾਂ ਨੂੰ ਉਂਝ ਤਾਂ ਸਾਰੇ ਮਾਲਵੇ ਵਿੱਚ ਮੂੰਗੀ ਵੇਚਣ ਦੀ ਤਕਲੀਫ਼ ਆ ਰਹੀ ਹੈ, ਪਰ ਜਿਹੜੇ ਮਾਨਸਾ ਜ਼ਿਲ੍ਹੇ ਵਿੱਚ ਸਭ ਤੋਂ ਜ਼ਿਆਦਾ 10,700 ਹਜ਼ਾਰ ਏਕੜ ਰਕਬੇ ਵਿੱਚ ਮੂੰਗੀ ਬੀਜਣ ਦਾ ਸਰਕਾਰੀ ਦਾਅਵਾ ਕੀਤਾ ਗਿਆ ਹੈ, ਉਥੇ ਵੀ ਸਭ ਤੋਂ ਮਾੜਾ ਹਾਲ ਹੈ।
ਅਨਾਜ ਮੰਡੀ ਵਿੱਚ ਮੂੰਗੀ ਵੇਚਣ ਆ ਰਹੇ ਕਿਸਾਨਾਂ ਨੇ ਇਹ ਵੀ ਦੱਸਿਆ ਕਿ ਮੂੰਗੀ ਨੂੰ ਪ੍ਰਾਈਵੇਟ ਵਪਾਰੀ ਖਰੀਦ ਰਹੇ ਹਨ, ਜਿਨ੍ਹਾਂ ਵੱਲੋਂ ਸਰਕਾਰੀ ਭਾਅ ਨਹੀਂ ਦਿੱਤਾ ਜਾ ਰਿਹਾ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਮਾਨਸਾ ਦੀਆਂ ਮੰਡੀਆਂ ’ਚ ਮੂੰਗੀ ਦੀ ਫ਼ਸਲ ਵਿਕਣ ਤੋਂ ਕਿਸਾਨ ਪ੍ਰੇਸ਼ਾਨ ਹੋ ਰਹੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੀ ਮੂੰਗੀ ਦੀ ਫ਼ਸਲ ਬਿਨਾਂ ਕਿਸੇ ਸ਼ਰਤ ਦੇ ਘੱਟੋ-ਘੱਟ ਸਮਰਥਨ ਮੁੱਲ ’ਤੇ ਖ਼ਰੀਦੀ ਜਾਵੇ ਨਹੀਂ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਪੰਜਾਬ ਰਾਜ ਮੰਡੀ ਬੋਰਡ ਦੇ ਉਪ ਜ਼ਿਲ੍ਹਾ ਅਫ਼ਸਰ ਅਤੇ ਮਾਰਕੀਟ ਕਮੇਟੀ ਮਾਨਸਾ ਦੇ ਸਕੱਤਰ ਜੈ ਸਿੰਘ ਸਿੱਧੂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 3240 ਕੁਇੰਟਲ ਮੂੰਗੀ ਪ੍ਰਾਈਵੇਟ ਵਪਾਰੀਆਂ ਵੱਲੋਂ ਖਰੀਦੀ ਗਈ ਹੈ। ਐੱਮਐੱਸਪੀ ਤੋਂ ਘੱਟ ਭਾਅ ਮਿਲਣ ਤੇ ਕਿਸਾਨਾਂ ਦੇ ਹਿੱਤਾਂ ਲਈ ਬਾਕਾਇਦਾ ਸਰਕਾਰ ਨੂੰ ਪੱਤਰ ਲਿਖਿਆ ਗਿਆ ਹੈ।
ਆਪ’ ਸਰਕਾਰ ਮੂੰਗੀ ਐੱਮਐੱਸਪੀ ’ਤੇ ਖਰੀਦਣ ’ਚ ਨਾਕਾਮ: ਬਾਜਵਾ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਵਿੱਚ ਮੂੰਗੀ ਦੀ ਫ਼ਸਲ ਐੱਮਐੱਸਪੀ ’ਤੇ ਖ਼ਰੀਦਣ ’ਚ ਨਾਕਾਮ ਰਹਿਣ ’ਤੇ ‘ਆਪ’ ਸਰਕਾਰ ਦੀ ਅਲੋਚਨਾ ਕੀਤੀ ਹੈ। ਸ੍ਰੀ ਬਾਜਵਾ ਨੇ ਕਿਹਾ ਕਿ ਇਸ ਸਾਲ ਹੁਣ ਤੱਕ ਮੂੰਗੀ ਦੀ ਫ਼ਸਲ ਦੀ ਕੋਈ ਸਰਕਾਰੀ ਖ਼ਰੀਦ ਨਹੀਂ ਹੋਈ ਹੈ। ਮੂੰਗੀ ਦੀ ਐੱਮਐੱਸਪੀ 8555 ਰੁਪਏ ਤੈਅ ਕੀਤੀ ਗਈ ਹੈ, ਜਦੋਂ ਕਿ 99 ਫ਼ੀਸਦੀ ਤੋਂ ਵੱਧ ਫ਼ਸਲ ਐੱਮਐੱਸਪੀ ਤੋਂ ਘੱਟ ਕੀਮਤ ’ਤੇ ਖਰੀਦੀ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ 2022 ਵਿੱਚ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਪ੍ਰੋਗਰਾਮ ਤਹਿਤ ਮੂੰਗੀ ਬੀਜਣ ਲਈ ਪ੍ਰੇਰਿਤ ਕੀਤਾ ਸੀ। ਇਹ ਲਗਾਤਾਰ ਤੀਜਾ ਸਾਲ ਹੈ, ਜਦੋਂ ਬੇਸਹਾਰਾ ਕਿਸਾਨਾਂ ਨੂੰ ਮੂੰਗੀ ਦੀ ਫ਼ਸਲ ਐੱਮਐੱਸਪੀ ਤੋਂ ਘੱਟ ਕੀਮਤ ’ਤੇ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ।