For the best experience, open
https://m.punjabitribuneonline.com
on your mobile browser.
Advertisement

ਟਰੱਕ ਯੂਨੀਅਨ ਸੰਗਰੂਰ ਦਾ ਪ੍ਰਧਾਨ ‘ਥੋਪਣ’ ਤੋਂ ਅਪਰੇਟਰ ਭੜਕੇ

06:51 AM Feb 27, 2024 IST
ਟਰੱਕ ਯੂਨੀਅਨ ਸੰਗਰੂਰ ਦਾ ਪ੍ਰਧਾਨ ‘ਥੋਪਣ’ ਤੋਂ ਅਪਰੇਟਰ ਭੜਕੇ
ਸੰਗਰੂਰ ’ਚ ਨਾਅਰੇਬਾਜ਼ੀ ਕਰਦੇ ਹੋਏ ਟਰੱਕ ਯੂਨੀਅਨ ਦੇ ਅਪਰੇਟਰ। ਫੋਟੋ: ਲਾਲੀ
Advertisement

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 26 ਫਰਵਰੀ
ਦਿ ਦਸਮੇਸ਼ ਟਰੱਕ ਅਪਰੇਟਰ ਯੂਨੀਅਨ ਵਿੱਚ ਅੱਜ ਉਸ ਸਮੇਂ ਸਥਿਤੀ ਤਣਾਅਪੂਰਨ ਬਣ ਗਈ ਜਦੋਂ ਸੱਤਾਧਾਰੀ ਧਿਰ ਨਾਲ ਸਬੰਧਤ ਦੱਸੇ ਜਾਂਦੇ ਕੁਝ ਵਿਅਕਤੀਆਂ ਨੇ ਆ ਕੇ ਬਿਨਾਂ ਕਿਸੇ ਚੋਣ ਤੋਂ ਇੱਕ ਵਿਅਕਤੀ ਦੇ ਗਲ੍ਹ ਵਿੱਚ ਹਾਰ ਕੇ ਕਥਿਤ ਰੂਪ ਵਿੱਚ ਟਰੱਕ ਯੂਨੀਅਨ ਦਾ ਪ੍ਰਧਾਨ ਥੋਪ ਦਿੱਤਾ ਗਿਆ ਜਿਸ ਦਾ ਮੌਕੇ ’ਤੇ ਹੀ ਟਰੱਕ ਅਪਰੇਟਰਾਂ ਨੇ ਜ਼ੋਰਦਾਰ ਵਿਰੋਧ ਕੀਤਾ। ਇਸ ਦੌਰਾਨ ਦੋਵੇਂ ਧਿਰਾਂ ਵਿੱਚ ਤਕਰਾਰ ਤੋਂ ਬਾਅਦ ਗੱਲ ਹੱਥੋਪਾਈ ਤੱਕ ਵੀ ਪੁੱਜ ਗਈ ਪਰ ਟਰੱਕ ਅਪਰੇਟਰਾਂ ਨੇ ਕਥਿਤ ਤੌਰ ’ਤੇ ਥੋਪੇ ਗਏ ਪ੍ਰਧਾਨ ਤੇ ਸਾਥੀਆਂ ਨੂੰ ਬਾਹਰ ਕੱਢ ਕੇ ਯੂਨੀਅਨ ਨੂੰ ਜਿੰਦਾ ਲਗਾ ਦਿੱਤਾ ਅਤੇ ਧਰਨਾ ਲਗਾਉਂਦਿਆਂ ਨਾਅਰੇਬਾਜ਼ੀ ਕੀਤੀ ਗਈ। ਟਰੱਕ ਅਪਰੇਟਰਾਂ ਨੇ ਐਲਾਨ ਕੀਤਾ ਕਿ ਗਲਤ ਢੰਗ ਨਾਲ ਥੋਪੇ ਗਏ ਕਿਸੇ ਬਾਹਰੀ ਬੰਦੇ ਨੂੰ ਪ੍ਰਧਾਨ ਪ੍ਰਵਾਨ ਨਹੀਂ ਕਰਨਗੇ ਅਤੇ ਡਟ ਕੇ ਵਿਰੋਧ ਕਰਨਗੇ। ਇਸ ਮੌਕੇ ਟਰੱਕ ਅਪਰੇਟਰ ਜਰਨੈਲ ਸਿੰਘ ਨੇ ਕਿਹਾ ਕਿ ਅੱਜ ਟਰੱਕ ਯੂਨੀਅਨ ਵਿੱਚ ਪੁੱਜੇ ਸੱਤਾਧਾਰੀ ਧਿਰ ਦੇ ਕੁਝ ਬੰਦਿਆਂ ਨੇ ਮਨਦੀਪ ਸਿੰਘ ਨੂੰ ਹਾਰ ਪਾ ਕੇ ਜਬਰੀ ਪ੍ਰਧਾਨ ਥੋਪਣ ਦੀ ਕੋਸ਼ਿਸ਼ ਕੀਤੀ ਜਿਸ ਦਾ ਅਪਰੇਟਰਾਂ ਨੇ ਵਿਰੋਧ ਕੀਤਾ। ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮਨਦੀਪ ਸਿੰਘ ਨਾਮੀ ਵਿਅਕਤੀ ਦੇ ਕੁਝ ਬੰਦੇ ਹਾਰ ਪਾ ਕੇ ਜਸ਼ਨ ਮਨਾਉਣ ਲੱਗੇ ਪਰ ਜਦੋਂ ਅਪਰੇਟਰਾਂ ਨੂੰ ਪਤਾ ਲੱਗਿਆ ਤਾਂ ਵਿਰੋਧ ਕੀਤਾ। ਇਸ ਮੌਕੇ ਟਰੱਕ ਅਪਰੇਟਰਾਂ ਅਤੇ ਕਥਿਤ ਪ੍ਰਧਾਨ ਦੇ ਬੰਦਿਆਂ ਵਿਚਕਾਰ ਗੱਲ ਹੱਥੋਪਾਈ ਤੱਕ ਵੀ ਪੁੱਜ ਗਈ। ਕਾਕਾ ਸਿੰਘ ਨੇ ਕਿਹਾ ਕਿ ਜਿਸ ਨੂੰ ਜਬਰੀ ਪ੍ਰਧਾਨ ਥੋਪ ਰਹੇ ਹਨ, ਉਸ ਨੂੰ ਟਰੱਕ ਅਪਰੇਟਰ ਜਾਣਦੇ ਤੱਕ ਵੀ ਨਹੀਂ ਹਨ ਜਿਨ੍ਹਾਂ ਨੂੰ ਇਕੱਠੇ ਹੋਏ ਅਪਰੇਟਰਾਂ ਨੇ ਯੂਨੀਅਨ ’ਚੋਂ ਬਾਹਰ ਕੱਢ ਦਿੱਤਾ। ਸੰਜੇ ਕੁਮਾਰ ਨੇ ਕਿਹਾ ਕਿ ਜਬਰੀ ਪ੍ਰਧਾਨ ਥੋਪਣ ਦੀ ਧੱਕੇਸ਼ਾਹੀ ਕਿਸੇ ਵੀ ਹਾਲਤ ਵਿੱਚ ਟਰੱਕ ਅਪਰੇਟਰ ਬਰਦਾਸ਼ਤ ਨਹੀਂ ਕਰਨਗੇ।
ਟਰੱਕ ਅਪਰੇਟਰਾਂ ਨੇ ਦੋਸ਼ ਲਾਇਆ ਕਿ ਅਜਿਹੀ ਧੱਕੇਸ਼ਾਹੀ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਸਗੋਂ ਟਰੱਕ ਅਪਰੇਟਰ ਆਪਣੀ ਸਹਿਮਤੀ ਨਾਲ ਪ੍ਰਧਾਨ ਦੀ ਚੋਣ ਕਰਨਗੇ।

Advertisement

Advertisement
Advertisement
Author Image

Advertisement