ਖੰਨਾ ਕੌਂਸਲ ਦੇ ਪ੍ਰਧਾਨ ’ਤੇ ਸਵਾ ਕਰੋੜ ਦਾ ਭ੍ਰਿਸ਼ਟਾਚਾਰ ਕਰਨ ਦੇ ਦੋਸ਼ ਲੱਗੇ
ਜੋਗਿੰਦਰ ਸਿੰਘ ਓਬਰਾਏ
ਖੰਨਾ, 15 ਅਕਤੂਬਰ
ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਨਗਰ ਕੌਂਸਲ ਖੰਨਾ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ ’ਤੇ ਮੀਟਿੰਗ ਦੌਰਾਨ ਪੁਰਾਣੇ ਕੂੜੇ ਦੀ ਰੈਮੀਡੇਸ਼ਨ ਮਾਮਲੇ ਵਿੱਚ ਭ੍ਰਿਸ਼ਟਾਚਾਰ ਕਰਨ ਦੇ ਦੋਸ਼ ਲਾਏ ਹਨ। ਦੱਸਣਯੋਗ ਹੈ ਕਿ ਪੁਰਾਣੇ ਕੂੜੇ ਦੇ ਨਿਪਟਾਰੇ ਦੇ ਟੈਂਡਰ ਨੂੰ ਲੈ ਕੇ 30 ਸਤੰਬਰ ਨੂੰ ਕੌਂਸਲ ਦੀ ਮੀਟਿੰਗ ਵਿੱਚ ਵੱਡਾ ਹੰਗਾਮਾ ਹੋਇਆ ਸੀ, ਜਿਸ ਕਾਰਨ ਪਿੰਡ ਰਸੂਲੜਾ ਸਥਿਤ ਮੁੱਖ ਡੰਪ ਵਾਲੀ ਥਾਂ ’ਤੇ 3 ਕਰੋੜ 83 ਲੱਖ ਰੁਪਏ ਦੇ ਟੈਂਡਰ ਵਿੱਚ ਵਾਧਾ ਕਰਨ ਦਾ ਮਤਾ ਰੱਦ ਕਰ ਦਿੱਤਾ ਗਿਆ ਸੀ। ਕੌਂਸਲਰ ਪਰਮਪ੍ਰੀਤ ਪੌਂਪੀ ਨੇ ਕਿਹਾ ਕਿ ਕੌਂਸਲ ਦੇ ਮੁੱਖ ਡੰਪ ਤੇ ਕੂੜੇ ਦਾ ਨਿਪਟਾਰਾ ਕਰਨ ਲਈ ਕੌਂਸਲ ਵੱਲੋਂ ਮਤਾ ਨੰਬਰ 62 ਅਕਤੂਬਰ 2022 ਤੇ ਚੀਫ਼ ਇੰਜਨੀਅਰ ਕੌਂਸਲ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਨਵੰਬਰ 2022 ਦੀ ਮਨਜ਼ੂਰੀ ਉਪਰੰਤ ਇੱਕ ਕੰਪਨੀ ਨੂੰ ਟੈਂਡਰ ਦੇ ਕੇ 3 ਕਰੋੜ 83 ਲੱਖ ਰੁਪਏ ਦਾ ਵਰਕ ਆਰਡਰ ਜਾਰੀ ਕੀਤਾ ਗਿਆ ਸੀ ਪਰ ਕੰਪਨੀ ਵੱਲੋਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕੀਤੀ ਗਈ ਸਰਵੇਖਣ ਰਿਪੋਰਟ ਅਨੁਸਾਰ ਇਸ ਡੰਪ ’ਤੇ 90 ਹਜ਼ਾਰ ਦੀ ਥਾਂ 1 ਲੱਖ 47 ਹਜ਼ਾਰ ਮੀਟ੍ਰਿਕ ਟਨ ਕੂੜਾ ਪਾਇਆ ਗਿਆ। ਇਸ ’ਤੇ ਪ੍ਰਧਾਨ ਨੇ ਸਤੰਬਰ 2024 ਦੀ ਮੀਟਿੰਗ ਵਿੱਚ 57 ਹਜ਼ਾਰ ਮੀਟ੍ਰਿਕ ਟਨ ਵੱਧ ਕੂੜੇ ਦੇ ਨਿਪਟਾਰੇ ਲਈ ਪ੍ਰਵਾਨਗੀ ਮਤਾ ਲਿਆਂਦਾ, ਜਿਸ ਨੂੰ ਵਿਰੋਧ ਉਪਰੰਤ ਰੱਦ ਕੀਤਾ ਗਿਆ। ਕੌਂਸਲਰ ਪੌਂਪੀ ਨੇ ਦੋਸ਼ ਲਾਇਆ ਕਿ ਕੌਂਸਲ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕੂੜੇ ਦਾ ਵਜ਼ਨ ਪਹਿਲਾਂ 118179 ਮੀਟ੍ਰਿਕ ਟਨ ਸੀ। ਉਨ੍ਹਾਂ ਦੋਸ਼ ਲਾਇਆ ਕਿ ਇਹ ਸਰਵੇਖਣ ਇਨ੍ਹਾਂ ਨੇ ਹੀ ਕਰਵਾਇਆ ਜੋ ਪ੍ਰਧਾਨ ਨੇ ਨਿੱਜੀ ਫ਼ਾਇਦੇ ਲਈ ਕਥਿਤ ਤੌਰ ’ਤੇ ਲਗਭਗ 1.25 ਕਰੋੜ ਦਾ ਕੰਪਨੀ ਨਾਲ ਮਿਲ ਕੇ ਚੂਨਾ ਲਾਇਆ ਅਤੇ ਹਾਊਸ ਦੀ ਮਰਿਆਦਾ ਭੰਗ ਕੀਤੀ। ਕੌਂਸਲਰ ਸੁਨੀਲ ਕੁਮਾਰ ਨੀਟਾ ਨੇ ਕਿਹਾ ਕਿ ਪ੍ਰਧਾਨ ਲੱਧੜ ਐਨਕੈਪ ਗ੍ਰਾਂਟ ਦੇ ਟੈਂਡਰਾਂ ਵਿੱਚ ਅੜਿੱਕਾ ਲਗਾ ਰਹੇ ਹਨ। ਅਧਿਕਾਰੀਆਂ ਵੱਲੋਂ ਜੁਲਾਈ 2024 ਨੂੰ ਐਨਕੈਪ ਗ੍ਰਾਂਟ ਦੇ 8 ਟੈਂਡਰ ਕਰੀਬ 1.70 ਕਰੋੜ ਰੁਪਏ ਦੇ ਲਾਉਣ ਦੀ ਨੋਟਿੰਗ ਲਾਈ ਗਈ ਸੀ, ਪਰ ਪ੍ਰਧਾਨ ਨੇ ਹਸਤਾਖਰ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਅਧਿਕਾਰੀਆਂ ਨੂੰ ਮੁੜ ਲਿਖਤੀ ਰਿਪੋਰਟ ਤਿਆਰ ਕਰਨ ਲਈ ਕਿਹਾ। ਉਨ੍ਹਾਂ ਦੋਸ਼ ਲਾਇਆ ਜਦੋਂ ਅਫ਼ਸਰਾਂ ਨੇ ਟੈਂਡਰ ਲਾਉਣ ਲਈ ਕਿਹਾ ਤਾਂ ਉਨ੍ਹਾਂ 2 ਤੇ 7 ਨੰਬਰ ਟੈਂਡਰ ਪ੍ਰੋਫੈਸਰ ਕਲੋਨੀ ਨੂੰ ਅਣਅਪਰੂਵਡ ਆਖ ਕੇ ਇਨਕਾਰ ਕਰ ਦਿੱਤਾ ਅਤੇ ਏਡੀਸੀ ਨੂੰ ਚਿੱਠੀ ਕੱਢ ਦਿੱਤੀ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਆਪਣੀ ਕੁਰਸੀ ਦੀ ਗਲਤ ਵਰਤੋਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਆਪਣੀਆਂ ਸ਼ਕਤੀਆਂ ਦੀ ਗਲਤ ਵਰਤੋਂ ਕਰਕੇ ਫੰਡਾਂ ਦਾ ਨੁਕਸਾਨ ਕਰ ਰਹੇ ਹਨ ਜਿਸ ਕਾਰਨ 7 ਕਰੋੜ ਰੁਪਏ ਐਨਕੈਪ ਗ੍ਰਾਂਟ ਵਾਪਸ ਹੋ ਗਈ। ਇਸ ਮੌਕੇ ਕੌਂਸਲਰ ਜਤਿੰਦਰ ਪਾਠਕ, ਮਾ. ਅਵਤਾਰ ਸਿੰਘ, ਸਰਬਦੀਪ ਸਿੰਘ ਕਾਲੀਰਾਓ, ਸੁਰਿੰਦਰ ਬਾਵਾ, ਕਰਮ ਚੰਦ, ਭੁਪਿੰਦਰ ਸਿੰਘ, ਮਦਨ ਲਾਲ ਸ਼ਰਮਾ ਤੇ ਮਨੂੰ ਮਨੋਚਾ ਨੇ ਮੰਗ ਕੀਤੀ ਕਿ ਇਹ ਮਾਮਲਾ ਸਥਾਨਕ ਸਰਕਾਰਾਂ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਜਾਂਚ ਕਰਵਾਈ ਜਾਵੇ।
ਕੌਂਸਲ ਪ੍ਰਧਾਨ ਨੇ ਦੋਸ਼ ਨਕਾਰੇ
ਪ੍ਰਧਾਨ ਸ੍ਰੀ ਲੱਧੜ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕੋਈ ਗਲਤ ਕੰਮ ਨਹੀਂ ਕੀਤਾ ਗਿਆ। ਸਾਰਾ ਸ਼ਹਿਰ ਜਾਣਦਾ ਹੈ ਕਿ ਉਹ ਇਮਾਨਦਾਰੀ ਨਾਲ ਕੰਮ ਕਰ ਰਹੇ ਹਨ। ਜਿਹੜੇ ਟੈਂਡਰ ਲੱਗੇ ਹਨ ਉਹ ਅਫ਼ਸਰਾਂ ਵੱਲੋਂ ਸਰਕਾਰ ਦੇ ਨਿਯਮਾਂ ਅਨੁਸਾਰ ਲਾਏ ਗਏ ਹਨ। ਕੂੜੇ ਦੇ ਨਿਪਟਾਰੇ ਦਾ ਟੈਂਡਰ ਲਾਉਣ ਸਮੇਂ ਇਹ ਦੋਸ਼ ਲਾਉਣ ਵਾਲੇ ਕੌਂਸਲਰ ਪਹਿਲਾਂ ਵੀ ਨਾਲ ਸਨ, ਉਸ ਸਮੇਂ ਉਹ ਕਿਉਂ ਨਹੀਂ ਬੋਲੇੇ?