ਰਾਸ਼ਟਰਪਤੀ ਵੱਲੋਂ ਸੂਰਜਕੁੰਡ ਕੌਮਾਂਤਰੀ ਮੇਲੇ ਦਾ ਆਗਾਜ਼
ਮਨਧੀਰ ਸਿੰਘ ਦਿਓਲ
ਫਰੀਦਾਬਾਦ, 2 ਫਰਵਰੀ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਹਰਿਆਣਾ ਦੇ ਸੂਰਜਕੁੰਡ ਵਿੱਚ 37ਵੇਂ ਸੂਰਜਕੁੰਡ ਕੌਮਾਂਤਰੀ ਸ਼ਿਲਪਕਾਰੀ ਮੇਲੇ-2024 ਦਾ ਉਦਘਾਟਨ ਕੀਤਾ। ਇਹ ਮੇਲਾ 18 ਫਰਵਰੀ ਤੱਕ ਚੱਲੇਗਾ। ਇਸ ਮੌਕੇ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਅਤੇ ਮੁੱਖ ਮੰਤਰੀ ਮਨੋਹਰ ਲਾਲ ਮੌਜੂਦ ਸਨ। ਰਾਸ਼ਟਰਪਤੀ ਨੇ ਮੇਲੇ ਦਾ ਨਿਰੀਖਣ ਕੀਤਾ ਅਤੇ ਹਰਿਆਣਵੀਂ ਸੰਸਕ੍ਰਿਤੀ ਦੀ ਝਲਕ ਦੇਣ ਵਾਲੇ ਸਾਜ਼ਾਂ ਬਾਰੇ ਵੀ ਜਾਣਕਾਰੀ ਲਈ। ਉਨ੍ਹਾਂ ਨੇ ਮੇਲੇ ’ਚ ਪੁੱਜੇ ਕਾਰੀਗਰਾਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਨੇ ਮੇਲੇ ਵਿੱਚ ਭਾਗ ਲੈਣ ਵਾਲੇ ਦੇਸ਼ਾਂ ਅਤੇ ਹੋਰ ਸੂਬਿਆਂ ਦੀਆਂ ਸੱਭਿਆਚਾਰਕ ਸ਼ੈਲੀਆਂ ਨੂੰ ਦੇਖ ਕੇ ਕਲਾਕਾਰਾਂ ਦਾ ਹੌਸਲਾ ਵਧਾਇਆ। ਸ੍ਰੀਮਤੀ ਮੁਰਮੂ ਨੇ ਕਿਹਾ ਕਿ 1987 ਤੋਂ ਹਰ ਸਾਲ ਕਰਵਾਏ ਜਾ ਰਹੇ ਇਸ ਮੇਲੇ ਵਿੱਚ ਤਨਜ਼ਾਨੀਆ ਇਸ ਸਾਲ ਦੇ ਮੇਲੇ ਦਾ ਭਾਈਵਾਲ ਦੇਸ਼ ਹੈ। ਪਿਛਲੇ ਸਾਲ ਅਕਤੂਬਰ ਵਿੱਚ ਤਨਜ਼ਾਨੀਆ ਦੇ ਰਾਸ਼ਟਰਪਤੀ ਸਾਮੀਆ ਸੁਲੁਹੂ ਹਸਨ ਨਾਲ ਵਿਚਾਰ-ਵਟਾਂਦਰੇ ਦੌਰਾਨ, ਦੋਵਾਂ ਦੇਸ਼ਾਂ ਦਰਮਿਆਨ ਸੱਭਿਆਚਾਰਕ ਆਦਾਨ-ਪ੍ਰਦਾਨ ਨੂੰ ਹੋਰ ਵਧਾਉਣ ਦੇ ਮਹੱਤਵ ’ਤੇ ਸਹਿਮਤੀ ਬਣੀ ਸੀ। ਇਸ ਮੇਲੇ ਵਿੱਚ ਆਉਣ ਵਾਲੇ ਸੈਲਾਨੀਆਂ ਨੂੰ ਲੱਕੜ ਦੀ ਨੱਕਾਸ਼ੀ, ਮਿੱਟੀ ਦੇ ਬਰਤਨ ਅਤੇ ਬੁਣਾਈ ਸਣੇ ਜੀਵੰਤ ਅਤੇ ਰੰਗੀਨ ਤਨਜ਼ਾਨੀਆ ਦੀਆਂ ਕਲਾਵਾਂ ਅਤੇ ਸ਼ਿਲਪਕਾਰੀ ਦਾ ਅਨੁਭਵ ਕਰਨ ਦਾ ਮੌਕਾ ਮਿਲੇਗਾ। ਇਹ ਤਨਜ਼ਾਨੀਆ ਦੇ ਡਾਂਸ, ਸੰਗੀਤ ਅਤੇ ਪਕਵਾਨਾਂ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਸ਼ਾਨਦਾਰ ਪਲੇਟਫਾਰਮ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਦੇ ਮੇਲੇ ਦੇ ਭਾਗੀਦਾਰ ‘ਰਾਜ ਗੁਜਰਾਤ’ ਦੀ ਕਲਾ ਅਤੇ ਪਰੰਪਰਾ ਦੇਖਣਯੋਗ ਹੈ। ਗੁਜਰਾਤ ਦੇ ਵੱਖ-ਵੱਖ ਖੇਤਰਾਂ ਤੋਂ ਆਉਣ ਵਾਲੇ ਕਾਰੀਗਰਾਂ ਅਤੇ ਕਲਾਕਾਰਾਂ ਰਾਹੀਂ ਸੂਬੇ ਦੀ ਜੀਵੰਤ ਕਲਾ ਨੂੰ ਦੇਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਨਾਰਥ ਈਸਟਰਨ ਹੈਂਡੀਕਰਾਫਟ ਐਂਡ ਹੈਂਡਲੂਮ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ ਇਸ ਸਾਲ ਦੇ ਮੇਲੇ ਦਾ ਸੱਭਿਆਚਾਰਕ ਭਾਈਵਾਲ ਹੈ। ਸਾਡੇ ਸਾਰੇ ਕਾਰੀਗਰ ਸ਼ਲਾਘਾ ਦੇ ਹੱਕਦਾਰ ਹਨ ਕਿ ਇਹ ਮੇਲਾ ਸਾਡੀ ਸੱਭਿਆਚਾਰਕ ਵਿਭਿੰਨਤਾ ਦਾ ਜਸ਼ਨ ਹੈ, ਸਾਡੀ ਪਰੰਪਰਾ ਦੇ ਨਾਲ-ਨਾਲ ਨਵੀਨਤਾ ਦਾ ਮੇਲਾ ਸਾਡੇ ਕਾਰੀਗਰਾਂ ਨੂੰ ਕਲਾ ਪ੍ਰੇਮੀਆਂ ਨਾਲ ਜੋੜਨ ਦਾ ਇੱਕ ਪ੍ਰਭਾਵਸ਼ਾਲੀ ਮੰਚ ਹੈ। ਇਹ ਮੇਲਾ ਕਲਾ ਪ੍ਰਦਰਸ਼ਨੀ ਅਤੇ ਵਪਾਰਕ ਕੇਂਦਰ ਦੋਵੇਂ ਹਨ। ਉਨ੍ਹਾਂ ਕਿਹਾ ਕਿ ਇਸ ਮੇਲੇ ਦੌਰਾਨ 20 ਕਰੋੜ ਰੁਪਏ ਤੋਂ ਵੱਧ ਦਾ ਵਪਾਰ ਹੋਣ ਦੀ ਉਮੀਦ ਹੈ, ਜੋ ਕਿ ਕਾਰੀਗਰਾਂ ਅਤੇ ਹੈਂਡਲੂਮ ਵਪਾਰੀਆਂ ਲਈ ਆਰਥਿਕ ਨਜ਼ਰੀਏ ਤੋਂ ਵੱਡਾ ਉਪਰਾਲਾ ਹੈ।
ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਅੱਜ ਦੇ ਦਿਨ ਨੂੰ ਹਰਿਆਣਾ ਰਾਜ ਲਈ ਇਤਿਹਾਸਕ ਦਿਨ ਦੱਸਿਆ ਅਤੇ ਕਿਹਾ ਕਿ ਸ੍ਰੀਮਤੀ ਦ੍ਰੋਪਦੀ ਮੁਰਮੂ ਦੀ ਮੌਜੂਦਗੀ ਨੇ ਇਸ ਮੇਲੇ ਦੀ ਸ਼ਾਨ ਵਿਚ ਨਵਾਂ ਆਯਾਮ ਜੋੜਿਆ ਹੈ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਅਜਿਹੇ ਸਮਾਗਮ ਸਾਡੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਗੇ। ਰਾਜਪਾਲ ਨੇ ਕਿਹਾ ਕਿ ਸੂਰਜਕੁੰਡ ਅੰਤਰਰਾਸ਼ਟਰੀ ਮੇਲੇ ਨੇ ਕੌਮਾਂਤਰੀ ਪੱਧਰ ’ਤੇ ਆਪਣੀ ਵੱਖਰੀ ਪਛਾਣ ਬਣਾਈ ਹੈ। ਇਸ ਮੌਕੇ ’ਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਹਰਿਆਣਾ ਦੇ ਲੋਕਾਂ ਦੀ ਤਰਫੋਂ ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਸਵਾਗਤ ਕੀਤਾ।