ਗਿੱਦੜਬਾਹਾ ਚੋਣ ਵਿੱਚ ਦਲਬੀਰ ਗੋਲਡੀ ਦੀ ਮੌਜੂਦਗੀ ਨੇ ਕਾਂਗਰਸ ’ਚ ਕਲੇਸ਼ ਛੇੜਿਆ
ਚਰਨਜੀਤ ਭੁੱਲਰ
ਚੰਡੀਗੜ੍ਹ, 13 ਨਵੰਬਰ
ਜ਼ਿਮਨੀ ਚੋਣਾਂ ਦਰਮਿਆਨ ਹੀ ਸਾਬਕਾ ਵਿਧਾਇਕ ਦਲਬੀਰ ਗੋਲਡੀ ਦੀ ਗਿੱਦੜਬਾਹਾ ਚੋਣ ’ਚ ਮੂੰਹ ਦਿਖਾਈ ਨੇ ਕਾਂਗਰਸ ਦੇ ਅੰਦਰੂਨੀ ਕਲੇਸ਼ ਨੂੰ ਮੁੜ ਉਭਾਰ ਦਿੱਤਾ ਹੈ। ਦਲਬੀਰ ਗੋਲਡੀ ਕੁੱਝ ਸਮਾਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਸਨ। ਉਨ੍ਹਾਂ ਦੀ ਨਰਾਜ਼ਗੀ ਸੰਗਰੂਰ ਹਲਕੇ ਤੋਂ ਟਿਕਟ ਨਾ ਦਿੱਤੇ ਜਾਣ ਤੋਂ ਸੀ। ਗੋਲਡੀ ਨੇ ਕੁੱਝ ਸਮੇਂ ਤੋਂ ਚੁੱਪ ਵੱਟੀ ਹੋਈ ਅਤੇ ‘ਆਪ’ ਤੋਂ ਅੰਦਰੋਂ ਅੰਦਰੀ ਦੂਰੀ ਬਣਾ ਲਈ ਸੀ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਿਛਲੇ ਸਮੇਂ ਦੌਰਾਨ ਗੋਲਡੀ ਦੀ ਮੁੜ ਕਾਂਗਰਸ ਵਿੱਚ ਸ਼ਮੂਲੀਅਤ ਨੂੰ ਲੈ ਕੇ ਸਵਾਗਤੀ ਸੁਰ ਦਿਖਾਏ ਸਨ ਜਦੋਂਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਰੌਂਅ ਵੱਖਰਾ ਸੀ। ਸ੍ਰੀ ਬਾਜਵਾ ਨੇ ਕਿਹਾ ਸੀ ਕਿ ਗੋਲਡੀ ਦੀ ਪਾਰਟੀ ਵਿੱਚ ਕੋਈ ਥਾਂ ਨਹੀਂ ਹੈ। ਹੁਣ ਗਿੱਦੜਬਾਹਾ ਦੀ ਚੋਣ ਦੌਰਾਨ ਗੋਲਡੀ ਤਸਵੀਰਾਂ ਵਿੱਚ ਰਾਜਾ ਵੜਿੰਗ ਨਾਲ ਖੜ੍ਹੇ ਨਜ਼ਰ ਆਏ ਸਨ। ਇੱਥੋਂ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਚੋਣ ਲੜ ਰਹੀ ਹੈ। ਅੱਜ ਪ੍ਰਤਾਪ ਸਿੰਘ ਬਾਜਵਾ ਨੇ ਹਲਕਾ ਚੱਬੇਵਾਲ ਵਿੱਚ ਦਲਬੀਰ ਗੋਲਡੀ ਦਾ ਬਿਨਾਂ ਨਾਮ ਲਏ ਕਿਹਾ ਕਿ ਉਹ (ਬਾਜਵਾ) ਅਹਿਮ ਪੁਜ਼ੀਸ਼ਨ ’ਤੇ ਹਨ ਅਤੇ ਕੋਈ ਵੀ ਕਿਸੇ ਦੇ ਵੀ ਚੋਣ ਪ੍ਰਚਾਰ ਵਿੱਚ ਫਿਰਦਾ ਰਹੇ, ਉਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਪਾਰਟੀ ਵਿੱਚ ਸ਼ਾਮਲ ਨਹੀਂ ਹੋ ਸਕਦਾ।