ਜੀ-20 ਸੰਮੇਲਨ ਦੀਆਂ ਤਿਆਰੀਆਂ ਸਿਖਰ ’ਤੇ ਪੁੱਜੀਆਂ
ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਅਗਸਤ
ਕੌਮੀ ਰਾਜਧਾਨੀ ਦਿੱਲੀ ਵਿੱਚ ਅਗਲੇ ਮਹੀਨੇ ਹੋਣ ਵਾਲੇ ਜੀ-20 ਸੰਮੇਲਨ ਦੀਆਂ ਤਿਆਰੀਆਂ ਜੰਗੀ ਪੱਧਰ ’ਤੇ ਜਾਰੀ ਹਨ ਅਤੇ ਇਸ ਕੰਮ ’ਚ ਵੱਖ-ਵੱਖ ਵਿਭਾਗ ਦਿਨ ਰਾਤ ਜੁਟੇ ਹੋਏ ਹਨ। ਦਿੱਲੀ ਦੀ ਦਿੱਖ ਸੰਵਾਰਨ ਲਈ ਸੜਕਾਂ ’ਤੇ ਮਜ਼ਦੂਰਾਂ ਨੂੰ ਦਿਨ ਰਾਤ ਦੇਖਿਆ ਜਾ ਸਕਦਾ ਹੈ। ਦੂਜੇ ਪਾਸੇ ਆਪਣੇ ਸਿਰ ਸਿਹਰਾ ਬੰਨ੍ਹਣ ਲਈ ਭਾਜਪਾ ਤੇ ਆਮ ਆਦਮੀ ਪਾਰਟੀ ਸਮੇਤ ਹੋਰ ਸਿਆਸੀ ਆਗੂ ਵੀ ਰਾਤਾਂ ਨੂੰ ਤਸਵੀਰਾਂ ਖਿਚਵਾ ਕੇ ਭੇਜ ਰਹੇ ਹਨ ਕਿ ਉਨ੍ਹਾਂ ਨੇ ਦਿੱਲੀ ਸੰਵਾਰੀ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ਵਿੱਚ ਮਜ਼ਦੂਰਾਂ ਵੱਲੋਂ ਉਨ੍ਹਾਂ ਸੜਕਾਂ ਨੂੰ ਰੰਗ-ਰੋਗਨ ਕੀਤਾ ਜਾ ਰਿਹਾ ਹੈ, ਜਿੱਥੇ ਮੁਰੰਮਤ ਦੀ ਲੋੜ ਹੈ ਉੱਥੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਨਾਲੀਆਂ ਵਿੱਚੋਂ ਕੂੜਾ ਕਰਕਟ ਹਟਾਇਆ ਜਾ ਰਿਹਾ ਹੈ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਅੱਗੇ ਵੀ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕ ਸ਼ਹਿਰ ਨੂੰ ਹਮੇਸ਼ਾ ਸਾਫ਼ ਰੱਖਣ ਨਾ ਕਿ ਜੀ-20 ਸੰਮੇਲਨ ਵੇਲੇ ਹੀ ਸਾਫ਼ ਰੱਖਿਆ ਜਾਵੇ। ਐਕਸ ‘ਤੇ ਕੇਜਰੀਵਾਲ ਨੇ ਕਿਹਾ, ‘‘ਪਿਛਲੇ ਕੁਝ ਹਫ਼ਤਿਆਂ ਵਿੱਚ ਦਿੱਲੀ ਦੇ ਵਿਧਾਇਕਾਂ, ਕੌਂਸਲਰਾਂ ਤੇ ਸਫ਼ਾਈ ਕਾਮਿਆਂ ਨੇ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਲਈ ਸਖ਼ਤ ਮਿਹਨਤ ਕੀਤੀ ਹੈ। ਪੀਡਬਲਯੂਡੀ, ਐਮਸੀਡੀ ਅਤੇ ਹੋਰ ਵਿਭਾਗਾਂ ਦੇ ਇੰਜੀਨੀਅਰਾਂ ਅਤੇ ਕਰਮਚਾਰੀਆਂ ਨੇ ਵੀ ਸਖ਼ਤ ਮਿਹਨਤ ਕੀਤੀ ਹੈ। ਉਨ੍ਹਾਂ ਕਿਹਾ, ‘ਇਹ ਸਫ਼ਾਈ ਸਿਰਫ਼ ਜੀ-20 ਸੰਮੇਲਨ ਲਈ ਨਹੀਂ ਹੋਣੀ ਚਾਹੀਦੀ। ਹੁਣ ਸਾਨੂੰ ਹਮੇਸ਼ਾ ਦਿੱਲੀ ਨੂੰ ਇਸ ਤਰ੍ਹਾਂ ਸਾਫ਼ ਰੱਖਣਾ ਹੋਵੇਗਾ।’ ਸਿਖਰ ਸੰਮੇਲਨ ਦੀ ਅਗਵਾਈ ਵਿਚ ਮੰਤਰੀ ਰਾਸ਼ਟਰੀ ਰਾਜਧਾਨੀ ਵਿਚ ਸੜਕਾਂ ਦੇ ਰੱਖ-ਰਖਾਅ ਅਤੇ ਰੱਖ-ਰਖਾਅ ਦਾ ਵੀ ਨਿਰੀਖਣ ਕਰ ਰਹੇ ਹਨ। ਇਸ ਤੋਂ ਪਹਿਲਾਂ ਦਿਨ ਵੇਲੇ ਸ਼ਹਿਰੀ ਵਿਕਾਸ ਮੰਤਰੀ ਸੌਰਭ ਭਾਰਦਵਾਜ ਨੇ ਮੋਤੀ ਬਾਗ ਵਿੱਚ ਸੰਮੇਲਨ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਦਿੱਲੀ ਪੁਲੀਸ, ਦਿੱਲੀ ਮੈਟਰੋ, ਡੀਟੀਸੀ ਆਦਿ ਵੀ ਜੀ-20 ਲਈ ਤਿਆਰ ਹਨ। ਉਨ੍ਹਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ।