ਚੜ੍ਹਦੇ ਸਿਆਲ ਦੀ ਤਿਆਰੀ
ਵਰਿੰਦਰ ਸਿੰਘ ਨਿਮਾਣਾ
ਤਿੰਨ ਚਾਰ ਦਹਾਕੇ ਪਹਿਲਾਂ ਪੰਜਾਬ ਦੇ ਪਿੰਡਾਂ ਵਿੱਚ ਬਰਸਾਤਾਂ ਦੇ ਖ਼ਤਮ ਹੋਣ ਪਿੱਛੋਂ ਸ਼ੁਰੂ ਹੋਣ ਜਾ ਰਹੇ ਸਿਆਲ ਨੂੰ ਖ਼ੁਸ਼ਆਮਦੀਦ ਕਹਿਣ ਲਈ ਵੀ ਖ਼ਾਸੀ ਤਿਆਰੀ ਕਰਨੀ ਪੈਂਦੀ ਸੀ। ਅੱਸੂ ਸ਼ੁਰੂ ਹੋਣ ਮੌਕੇ ਚੋਆਂ, ਨਦੀਆਂ, ਦਰਿਆਵਾਂ ਤੇ ਛੱਪੜਾਂ ਦੇ ਕੰਢੇ ਕਾਹੀਆਂ ਨੂੰ ਪਏ ਚਿੱਟੇ ਬੁੱਬਲ ਵੀ ਇੱਕ ਤਰ੍ਹਾਂ ਨਾਲ ਰੁੱਤ ਬਦਲੀ ਦੇ ਸੁਨੇਹੇ ਨਾਲ ਇਹ ਦੱਸਣ ਦਾ ਯਤਨ ਕਰਦੇ ਸਨ ਕਿ ਹੁਣ ਮਿੱਠੀ ਤੇ ਨਿਆਰੀ ਰੁੱਤ ਸ਼ੁਰੂ ਹੋਣ ਦਾ ਸਮਾਂ ਆ ਰਿਹਾ ਹੈ। ਮੀਂਹ ਮੁੱਕ ਜਾਂਦੇ ਤੇ ਕੁਦਰਤ ਮਿੱਟੀ ਘੱਟੇ, ਬੱਦਲ, ਹਨੇਰੀ, ਝੱਖੜਾਂ ਦੀ ਮਾਰ ਤੋਂ ਮੁਕਤ ਹੋ ਕੇ ਨਿੱਖਰੀ ਨਿੱਖਰੀ ਤੇ ਟਿਕਾਅ ਵਾਲੀ ਅਵਸਥਾ ਵਿੱਚ ਆ ਜਾਂਦੀ ਹੈ। ਨਿੱਖਰੇ ਹੋਏ ਨੀਲੇ ਆਸਾਮਾਨ ’ਤੇ ਸਵੇਰੇ ਸ਼ਾਮ ਚੜ੍ਹਦੇ ਤੇ ਢਲਦੇ ਸੂਰਜ ਦੇ ਸੁਰਖ਼ ਰੰਗਾਂ ਵਿੱਚ ਉਡਾਰੀਆਂ ਮਾਰਦੇ ਪੰਛੀ ਪਰਿੰਦਿਆਂ ਦੀ ਰੌਣਕ, ਟੋਭਿਆਂ ਤੇ ਢਾਬਾਂ ਦੇ ਨਿੱਤਰੇ ਹੋਏ ਪਾਣੀਆਂ ’ਚ ਚਾਨਣੀ ਰਾਤ ਨੂੰ ਝਾਤੀਆਂ ਮਾਰਦੇ ਚੰਨ ਦੇ ਮਿਜਾਜ਼ ਨੂੰ ਤੱਕਣਾ ਤੇ ਮਾਨਣਾ ਰੂਹ ਨੂੰ ਸਕੂਨ ਦੇਣ ਵਾਲਾ ਤਜਰਬਾ ਹੋ ਨਿੱਬੜਦਾ ਸੀ।
ਰਾਤ ਵੇਲੇ ਟਿਕੀ ਹੋਈ ਕਾਇਨਾਤ ਵਿੱਚ ਛੋਟੀਆਂ ਛੋਟੀਆਂ ਰੌਸ਼ਨੀਆਂ ਦੀ ਜਗਮਹਾਟ ਨਾਲ ਆਪਣੀ ਹਾਜ਼ਰੀ ਲਵਾ ਰਹੇ ਤਾਰਿਆਂ ਦੀ ਡਲਕ ਅੰਬਰ ਵੱਲ ਨੂੰ ਝਾਤ ਮਾਰਨ ਵਾਲੇ ਹਰ ਸ਼ਖ਼ਸ ਨੂੰ ਆਪਣੇ ਵੱਲ ਖਿੱਚਦੀ ਪ੍ਰਤੀਤ ਹੁੰਦੀ ਸੀ। ਅੱਸੂ ਮਹੀਨੇ ਵਿੱਚ ਹੀ ਲੋਕਾਂ ਵੱਲੋਂ ਆਪਣੇ ਵਡੇਰਿਆਂ ਦੀ ਯਾਦ ’ਚ ਸ਼ਰਾਧ ਕਰਾਉਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਸੀ ਤੇ ਸਾਡੇ ਲੋਕ ਗੀਤਾਂ ’ਚ ਵੀ ਅੰਕਿਤ ਹੋਏ ਬੋਲ: ‘ਅੱਸੂ ਦੇ ਮਹੀਨੇ ਜੀ, ਸ਼ਰਾਧ ਮਸਾਂ ਆਏ, ਨਿੱਖਰੀਆ ਰਾਤਾਂ, ਲੋਹੜੇ ਤਾਰਿਆਂ ਨੇ ਪਾਏ’ ਸੱਚ ਹੁੰਦੇ ਜਾਪਣ ਲੱਗ ਪੈਂਦੇ ਸਨ। ਮੌਸਮ ਦੀ ਬਦਲਦੀ ਤੋਰ ਸਾਹਵੇਂ ਪੱਛਮ ਦੀ ਗੁੱਠ ’ਚੋਂ ਰੁਮਕਦੀਆਂ ਹਵਾਵਾਂ ਆਉਣ ਵਾਲੇ ਸਿਆਲ ਦਾ ਸੁਨੇਹਾ ਦਿੰਦੀਆਂ ਬਿਰਖਾਂ ਦੇ ਪੱਤਰਾਂ ਨਾਲ ਅਠਖੇਲੀਆਂ ਕਰਦੀਆਂ ਦਿਖਾਈ ਦਿੰਦੀਆਂ ਸਨ।
ਇਸ ਰੁੱਤ ’ਚ ਗਵਾਰੇ ਨੂੰ ਫਲੀਆਂ ਪੈ ਜਾਂਦੀਆਂ ਤੇ ਇਹ ਫਲੀਆਂ ਵਾਲਾ ਹਰਾ ਚਾਰਾ ਦੁਧਾਰੂ ਪਸ਼ੁੂਆਂ ਲਈ ਲਾਹੇਵੰਦ ਮੰਨਿਆ ਜਾਂਦਾ ਸੀ। ਬਾਜਰੇ ਦੇ ਸਿੱਟੇ ਅਨਾਜ ਨਾਲ ਭਰੇ ਹੁੰਦੇ ਤੇ ਅਗਲੀ ਰੁੱਤ ਲਈ ਬਾਜਰੇ ਦਾ ਬੀਜ ਤਿਆਰ ਕਰਨ ਲਈ ਇਨ੍ਹਾਂ ਮਹੀਨਿਆਂ ਵਿੱਰ ਬਾਜਰੇ ਦੇ ਸਿੱਟੇ ਡੁੰਗ ਡੁੰਗ ਕੇ ਸੰਭਾਲੇ ਜਾਂਦੇ ਸਨ। ਗਿਆਨੀ ਦਿੱਤ ਸਿੰਘ ਨੇ ਆਪਣੀ ਇੱਕ ਕਵਿਤਾ ਵਿੱਚ ਅੱਸੂ ਨੂੰ ਆਸਾਂ ਦਾ ਮਹੀਨਾ ਆਖਦਿਆਂ ਕਦੇ ਲਿਖਿਆ ਸੀ;
ਅੱਸੂ ਆਸਾਂ ਦਾ ਮਹੀਨਾ, ਇੰਜ ਛੜੀਦਾ ਹੋ ਚੀਨਾਂ,
ਅਸੀਂ ਬਕਲੀਆਂ ਧਰੀਆਂ, ਪੱਟ ਚੁੂਪੀਆਂ ਵੀ ਚਰੀਆਂ।
ਸਾਡੇ ਖੇਤੀ ਸਿੱਟੇ ਪੱਕੇ, ਤੇ ਕਪਾਹ ਪਈ ਹੱਸੇ,
ਮੱਕੀਆਂ ਨੇ ਕੱਢੇ ਬਾਬੂ, ਹੋਇਆ ਜੋਬਨ ਬੇਕਾਬੂ।
ਕਿਸਾਨੀ ਨਾਲ ਸਬੰਧਿਤ ਪਰਿਵਾਰਾਂ ਦੇ ਘਰ ਸਾਉਣੀ ਦੀ ਫ਼ਸਲ ਆਉਣ ਦਾ ਚਾਅ ਤੇ ਫਿਰ ਖਾਲੀ ਹੋਏ ਖੇਤਾਂ ਵਿੱਚ ਥੋੜ੍ਹੇ ਸਮੇਂ ਬਾਅਦ ਹਾੜ੍ਹੀ ਦੀ ਤਿਆਰੀ ਦਾ ਰੁਝੇਵਾਂ ਕਿਸਾਨੀ ਜ਼ਿੰਦਗੀ ਲਈ ਨਵੀਆਂ ਉਮੀਦਾਂ ਤੇ ਉਤਸ਼ਾਹ ਭਰ ਦਿੰਦਾ ਸੀ। ਮਾਲ ਡੰਗਰ ਰੱਖਣ ਵਾਲੇ ਕਿਸਾਨ ਪਰਿਵਾਰਾਂ ਨੂੰ ਪਸ਼ੂਆਂ ਲਈ ਪੂਰਾ ਸਿਆਲ ਹਰੇ ਚਾਰੇ ਲਈ ਵਰਤੇ ਜਾਣ ਵਾਲੇ ਬਰਸੀਮ, ਸੇਂਜੀ ਤੇ ਜਵੀ ਆਦਿ ਦੀ ਬਿਜਾਈ ਕਰਦਿਆਂ ਕਈ ਕਈ ਦਿਨ ਲੱਗ ਜਾਇਆ ਕਰਦੇ ਸਨ। ਉਨ੍ਹੀਂ ਦਿਨੀਂ ਬਿਜਲੀ ਵਾਲੇ ਟਿਊਬਵੈੱਲਾਂ ’ਤੇ ਮੁਫ਼ਤ ਬਿਜਲੀ ਦੀ ਸਹੂਲਤ ਨਾ ਹੋਣ ਕਰਕੇ ਟਿਊਬਵੈੱਲ ਤੋਂ ਪੱਠਿਆਂ ਵਾਲੇ ਖੱਤੇ ਤੱਕ ਪਾਣੀ ਬੇਰੋਕ ਪਹੁੰਚਾਉਣ ਲਈ ਕਾਫ਼ੀ ਸਮਾਂ ਲਾ ਕੇ ਸਾਰੀ ਆੜ ਘੜਨੀ ਪੈਂਦੀ, ਮੀਂਹ ਨਾਲ ਖੁਰੀਆਂ ਵੱਟਾਂ ’ਤੇ ਮਿੱਟੀ ਰੱਖੀ ਜਾਂਦੀ। ਪੱਠੇ ਬੀਜਣ ਵਾਲਾ ਖੇਤ ਹਲ਼ ਵਾਹ ਵਾਹ ਕੇ ਚੰਗੀ ਤਰ੍ਹਾਂ ਸੁਆਰਿਆ ਜਾਂਦਾ ਤੇ ਖੇਤ ਵਿਚਲਾ ਘਾਹ ਦੰਦਾਲ ਫੇਰ ਫੇਰ ਬੰਨੇ ’ਤੇ ਰੱਖਿਆ ਜਾਂਦਾ। ਇਹੀ ਘਾਹ ਫਿਰ ਪੋਹ ਮਾਘ ਦੇ ਠੰਢੇ ਮੌਸਮ ਵਿੱਚ ਪੱਠੇ ਵੱਢਣ ਵੇਲੇ ਹੱਥ ਨਿੱਘੇ ਕਰਨ ਲਈ ਬਾਲ ਲਿਆ ਜਾਂਦਾ ਸੀ। ਬਰਸੀਮ ਵਾਲੇ ਖੇਤ ਵਿੱਚ ਕਿਆਰੇ ਵੀ 90 ਡਿਗਰੀ ਵਾਲੇ ਕੋਨ ਦੀ ਲੀਕ ਵਾਂਗ ਸਿੱਧੇ ਰੱਖੇ ਜਾਂਦੇ ਸਨ। ਪੱਠਿਆਂ ਵਾਲੇ ਖੇਤ ਵਿੱਚ ਵੱਟਾਂ ਪਾਉਣ ਤੋਂ ਬਾਅਦ ਕਿਆਰਿਆਂ ਵਿਚਲਾ ਉੱਚਾ ਨੀਵਾਂ ਥਾਂ ਕਹੀਆਂ ਕਰਾਹਿਆਂ ਨਾਲ ਇੱਕੋ ਜਿਹਾ ਕਰਨਾ ਪੈਂਦਾ ਤਾਂ ਜੋ ਬਰਸੀਮ ਤੇ ਸੇਂਜੀ ਦਾ ਬਹੁਤ ਹੀ ਬਾਰੀਕ ਬੀਜ ਇਕਸਾਰ ਕਿਆਰੇ ਵਿੱਚ ਖਿੱਲਰ ਜਾਵੇ।
ਖੇਤ ਵਿੱਚ ਪਾਈਆਂ ਸਿੱਧੀਆਂ ਵੱਟਾਂ ਉੱਤੇ ਕਈ ਪਰਿਵਾਰਾਂ ਵੱਲੋਂ ਘਰ ਜੋਗੇ ਤੇਲ ਲਈ ਗੋਭੀ ਸਰੋਂ ਵੀ ਕੇਰ ਦਿੱਤੀ ਜਾਂਦੀ ਤੇ ਇਨ੍ਹਾਂ ਵੱਟਾਂ ’ਤੇ ਕੇਰੀ ਸਰੋਂ ਨੂੰ ਫੱਗਣ ਚੇਤ ਦੇ ਮਹੀਨਿਆਂ ਵਿੱਚ ਪੀਲੇ ਫੁੱਲ ਖਿੜਦੇ ਤਾਂ ਹਰੇ ਪੀਲੇ ਖੇਤਾਂ ਨਾਲ ਭਰੀ ਧਰਤੀ ਸਵਰਗ ਦੀਆਂ ਬਾਤਾਂ ਪਾਉਂਦੀ ਲੱਗਿਆ ਕਰਦੀ ਸੀ। ਕਈ ਪਰਿਵਾਰਾਂ ਵੱਲੋਂ ਪੱਠਿਆਂ ਵਾਲੇ ਖੇਤ ਦੀਆਂ ਵੱਟਾਂ ’ਤੇ ਅਲਸੀ ਤੇ ਸੌਂਫ ਬੀਜ ਕੇ ਘਰੇਲੂ ਵਰਤੋਂ ਵਿੱਚ ਕੰਮ ਆਉਣ ਵਾਲੀਆਂ ਇਨ੍ਹਾਂ ਦੇਸੀ ਜਿਣਸਾਂ ਦਾ ਜੁਗਾੜ ਕਰ ਲਿਆ ਜਾਂਦਾ ਸੀ। ਘਰ ਦੀ ਹਰੀ ਸਬਜ਼ੀ ਦੇ ਸ਼ੌਕੀਨ ਪਰਿਵਾਰ ਬਰਸੀਮ ਵਾਲੇ ਖੇਤ ਵਿੱਚ ਹੀ ਇੱਕ ਕਿਆਰਾ ਸਿਆਲਾਂ ਵਿੱਚ ਘਰ ਵਰਤੋਂ ਵਿੱਚ ਆਉਣ ਵਾਲੇ ਹਰੇ ਧਨੀਏ, ਮੇਥੀ, ਪਾਲਕ, ਹਰੇ ਮਟਰ, ਗੋਭੀ, ਮੂਲੀ ਗਾਜਰ, ਸਲਗਮ, ਲਸਣ, ਗੰਢੇ ਆਦਿ ਦੀ ਕਾਸ਼ਤ ਲਈ ਵੀ ਛੱਡ ਲੈਂਦੇ ਤੇ ਫਿਰ ਸਾਰਾ ਸਿਆਲ ਘਰੇਲੂ ਸੁਆਣੀਆਂ ਹਰੀ ਸਬਜ਼ੀ ਪੱਠਿਆਂ ਵਾਲੇ ਖੇਤ ’ਚੋਂ ਲਿਆ ਲਿਆ ਚੁੱਲ੍ਹੇ ਚੌਂਕਿਆਂ ਦੀ ਬਰਕਤ ਵਿੱਚ ਵਾਧਾ ਕਰ ਦਿੰਦੀਆਂ ਸਨ।
ਸਿਆਲ ਵਾਲੇ ਪੱਠਿਆਂ ਦੀ ਤਿਆਰੀ ਦੌਰਾਨ ਹੀ ਮੀਹਾਂ ਤੋਂ ਬਾਅਦ ਟਿਊਬਵੈੱਲ ਚਾਲੂ ਕਰਨ ਲਈ ਵੀ 10-15 ਫੁੱਟ ਡੁੂੰਘੇ ਸੇਮ ਦੇ ਪਾਣੀ ਵਿੱਚ ਡੁੱਬੇ ਪੱਖੇ ਨੂੰ ਵੀ ਉੱਪਰ ਕਸਣ ਲਈ ਪਿੰਡ ਦੇ ਤਿੰਨ ਚਾਰ ਤਕੜੇ ਤੇ ਚੁਸਤ ਜੁਆਨਾਂ ਦੀ ਲੋੜ ਪੈਂਦੀ ਸੀ। ਇਸ ਮੌਕੇ ਇੱਕ ਦੋ ਜਣੇ ਰੱਸੇ ਬਾਲਟੀ ਦੀ ਮਦਦ ਨਾਲ ਮੋਟਰ ਵਾਲੀ ਖੂਹੀ ’ਚੋਂ ਸੇਮ ਦਾ ਪਾਣੀ ਬਾਹਰ ਕੱਢਦੇ ਤੇ ਬਾਕੀ ਜਣੇ ਹਿੰਮਤ ਅਤੇ ਚੁਸਤੀ ਮਾਰ ਪਾਣੀ ’ਚ ਡੁੱਬਿਆ ਪੱਖਾ ਤੇਜ਼ੀ ਨਾਲ ਖੋਲ੍ਹ ਕੇ ਪਾਣੀ ਦੇ ਪੱਧਰ ਤੋਂ ਉਤਾਂਹ ਕੱਸ ਦਿੰਦੇ, ਜਿੱਥੇ ਸਾਰਾ ਸਿਆਲ ਪਾਣੀ ਵਾਲੀ ਮੋਟਰ ਫਰਾਟੇ ਮਾਰ ਮਾਰ ਪਾਣੀ ਬਾਹਰ ਕੱਢਦੀ ਤੇ ਹਾੜ੍ਹੀ ਦੀ ਫ਼ਸਲ ਪਾਲਦੀ ਰਹਿੰਦੀ ਸੀ।
ਬਰਸੀਮ ਦੀ ਬਿਜਾਈ ਕਰਨ ਲਈ ਵੀ ਬਿਜਲੀ ਦੀ ਸਪਲਾਈ ਦੀ ਸਮਾਂ ਸਾਰਣੀ ਦਾ ਖ਼ਾਸ ਧਿਆਨ ਰੱਖਿਆ ਜਾਂਦਾ ਸੀ। ਇਸ ਕੰਮ ਲਈ ਜ਼ਿਆਦਾ ਬੰਦਿਆਂ ਦੀ ਲੋੜ ਪੂਰੀ ਕਰਨ ਲਈ ਪੱਠੇ ਬੀਜਣ ਦੇ ਵੱਡੇ ਕੰਮ ਦਾ ਦਿਨ ਸਕੂਲ-ਕਾਲਜ ਦੇ ਨਿਆਣਿਆਂ ਦੀ ਛੁੱਟੀ ਵਾਲਾ ਦਿਨ ਵੀ ਰੱਖ ਲਿਆ ਜਾਂਦਾ ਤਾਂ ਜੋ ਸਾਰੇ ਜਣੇ ਰਲ ਮਿਲ ਕੇ ਪੱਠੇ ਬੀਜਣ ਦੇ ਔਖੇ ਕੰਮ ਨੂੰ ਨੇਪਰੇ ਚਾੜ੍ਹ ਸਕਣ। ਘਰ ਦੇ ਵੱਡੇ ਸਿਆਣੇ ਨਾਲ ਛੋਟੇ ਨਿਆਣਿਆਂ ਦੀ ਡਿਊਟੀ ਟਿਊਬਵੈੱਲ ਉੱਤੇ ਬਿਜਲੀ ਵਾਲੀ ਮੋਟਰ ਲਗਾਤਾਰ ਚੱਲਦੀ ਰਹਿੰਦੀ ਦੇਖਣ ਦੀ ਹੁੰਦੀ ਸੀ ਤਾਂ ਜੋ ਪੱਠਿਆਂ ਵਾਲੇ ਕਿਆਰਿਆਂ ਵਿੱਚ ਪਾਣੀ ਦੀ ਉਪਲੱਬਧਤਾ ਮੁਤਾਬਿਕ ਹੀ ਬੀਜ ਦਾ ਛੱਟਾ ਦਿੱਤਾ ਜਾ ਸਕੇ। ਇਸ ਤਰ੍ਹਾਂ ਸਕੂਲ ਕਾਲਜ ਪੜ੍ਹਨ ਵਾਲੇ ਨਿਆਣਿਆਂ ਦੀਆਂ ਦੁਸਹਿਰੇ ਤੇ ਦੀਵਾਲੀ ਦੇ ਤਿਉਹਾਰਾਂ ਮੌਕੇ ਆਉਂਦੀਆਂ ਛੁੱਟੀਆਂ ਇਸ ਤਰ੍ਹਾਂ ਦੇ ਖੇਤੀ ਦੇ ਔਖੇ ਕੰਮ ਨਿਪਟਾਉਂਦਿਆਂ ਹੀ ਲੰਘਿਆਂ ਕਰਦੀਆਂ ਸਨ।
ਅੱਸੂ ਕੱਤਕ ਦੇ ਦਿਨਾਂ ਵਿੱਚ ਹੀ ਪਿੰਡਾਂ ਦੀਆਂ ਭੱਠੀਆਂ ’ਤੇ ਵਾਹਵਾ ਰੌਣਕ ਲੱਗਿਆ ਕਰਦੀ ਸੀ। ਪਿੰਡਾਂ ਦੇ ਨਿਆਣਿਆਂ ਵੱਲੋਂ ਇਨ੍ਹੀਂ ਦਿਨੀਂ ਦਾਣੇ ਭੁੰਨਣ ਵਾਲੀਆਂ ਮਾਈਆਂ ਕੋਲੋਂ ਖਿੱਲਾਂ ਤੇ ਮੁਰਮਰੇ ਭੁਨਾ ਭੁਨਾ ਕੇ ਚੱਬਦਿਆਂ ਮੌਸਮੀ ਰਹਿਮਤਾਂ ਦਾ ਆਨੰਦ ਮਾਣਿਆ ਜਾਂਦਾ ਸੀ। ਛੱਲੀਆਂ ਦੇ ਗਿੱਲੇ ਦਾਣਿਆਂ ਤੋਂ ਮੁਰਮਰੇ ਤੇ ਪੂਰੀ ਤਰ੍ਹਾਂ ਪੱਕਿਆਂ ਦੀਆਂ ਖਿੱਲਾਂ ਬਣਦੀਆਂ ਸਨ। ਇਨ੍ਹੀਂ ਦਿਨੀਂ ਲੋਕ ਸੱਥਾਂ ਵਿੱਚ ਗੱਪਸ਼ੱਪ ਲਾਉਂਦੇੇ, ਆਥਣ ਨੂੰ ਖੇਤੀਬਾੜੀ ਦੇ ਕੰਮ ਨਿਪਟਾਉਂਦੇ ਹੋਏ ਭੱਠੀਆਂ ਤੋਂ ਦਾਣੇ ਭੁਨਾ ਭੁਨਾ ਕੇ ਮੂੰਹ ਦਾ ਸੁਆਦ ਕਰਾਰਾ ਕਰਿਆ ਕਰਦੇ ਸਨ। ਇਸ ਦੇ ਨਾਲ ਨਾਲ ਪਿੰਡ ਵਿੱਚ ਵਾਪਰੀ ਕੋਈ ਵੀ ਘਟਨਾ ਜਾਂ ਹਾਦਸਾ ਹੱਟੀ ਭੱਠੀ ’ਤੇ ਬੈਠਣ ਵਾਲਿਆਂ ਲਈ ਚੁੰਝ ਚਰਚਾ ਦਾ ਵਿਸ਼ਾ ਬਣ ਜਾਇਆ ਕਰਦਾ ਸੀ।
ਝੋਨਾ ਪੰਜਾਬ ਵਿੱਚ ਸਾਉਣੀ ਦੀ ਮੁੱਖ ਫ਼ਸਲ ਬਣਨ ਤੋਂ ਪਹਿਲਾਂ ਅੱਸੂ ਕੱਤਕ ਦੇ ਮਹੀਨਿਆਂ ਵਿੱਚ ਬਰਸਾਤੀ ਮੀਹਾਂ ਨਾਲ ਪੱਕੀਆਂ ਛੱਲੀਆਂ ਪੀਲੇ ਰੰਗ ਦੀ ਭਾਅ ਮਾਰਦੀਆਂ ਕਿਸਾਨ ਦੇ ਵਿਹੜਿਆਂ ਤੱਕ ਪਹੁੰਚ ਕਿਸਾਨ ਪਰਿਵਾਰਾਂ ਦੇ ਜੀਆਂ ਦੀਆਂ ਉਮੀਦਾਂ ਦੇ ਰੰਗ ਗੂੜ੍ਹੇ ਕਰ ਦਿੰਦੀਆਂ ਸਨ। ਛੱਲੀਆਂ ਕੱਢ ਕੇ ਬਚੇ ਟਾਂਡਿਆਂ ਨੂੰ ਸੁੱਕੇ ਚਾਰੇ ਦੇ ਤੌਰ ’ਤੇ ਵਰਤਣ ਲਈ ਘਰਾਂ ਜਾਂ ਖੇਤਾਂ ’ਚ ਪੱਧਰੀਆਂ ਤੇ ਉੱਚੀਆਂ ਥਾਵਾਂ ’ਤੇ ਟਾਂਡਿਆਂ ਵਾਲੀਆਂ ਭਰੀਆਂ ਹੇਠ ਦਰੱਖਤਾਂ ਦਾ ਛਾਂਗ ਸੁੱਟ ਕੇ ਭਰੀਆਂ ਚਿਣ ਚਿਣ ਦੰਦੇ ਲਾਏ ਜਾਂਦੇ ਤੇ ਫਿਰ ਜਦੋਂ ਬਰਸੀਮ, ਜਵੀ ਤੇ ਸੇਂਜੀ ਦੇ ਪੱਠੇ ਤਕੜੇ ਹੋ ਜਾਂਦੇ ਤਾਂ ਉਨ੍ਹਾਂ ’ਚ ਰਲਾ ਰਲਾ ਇਹ ਮੱਕੀ ਦੇ ਟਾਂਡੇ ਵਰਤੋਂ ਵਿੱਚ ਲਿਆਏ ਜਾਂਦੇ। ਇਨ੍ਹਾਂ ਟਾਂਡਿਆਂ ਨੂੰ ਸੁਕਾ ਕੇ ਜਿੰਨਾ ਤਰਕੀਬ ਨਾਲ ਸੰਭਾਲਿਆ ਜਾਂਦਾ, ਓਨਾ ਹੀ ਇਹ ਸੁੱਕੇ ਅਤੇ ਸੁਥਰੇ ਹੋਣ ਕਰਕੇ ਪਸ਼ੂਆਂ ਨੂੰ ਖਾਣ ਲਈ ਵੱਧ ਸੁਆਦ ਲੱਗਦੇ।
ਕਿਸਾਨ ਪਰਿਵਾਰਾਂ ਵੱਲੋਂ ਹਰੇ ਤੇ ਸੁੱਕੇ ਚਾਰੇ ਦਾ ਜੁਗਾੜ ਕਰਨ ਦੇ ਨਾਲ ਨਾਲ ਸਰਦ ਰੁੱਤ ਵਿੱਚ ਦੁਧਾਰੂ ਤੇ ਹਾਲੀਆਂ ਨੂੰ ਕੜਾਕੇ ਦੀ ਠੰਢ ਤੋਂ ਬਚਾਉਣ ਲਈ ਪਸ਼ੂਆਂ ਵਾਲੀਆਂ ਹਵੇਲੀਆਂ ਤੇ ਢਾਰਿਆਂ ਨੂੰ ਹੱਡ ਚੀਰਨ ਵਾਲੀ ਕਕਰੀਲੀ ਹਵਾ ਤੋਂ ਬਚਾਉਣ ਲਈ ਬਾਰਦਾਨੇ ਦੀਆਂ ਬੋਰੀਆਂ ਜਾਂ ਖੜਕਾਨੇ ਦੀ ਮਦਦ ਨਾਲ ਵੱਡੇ ਵੱਡੇ ਅੜਿੱਕੇ ਤਿਆਰ ਕਰਨਾ ਵੀ ਬੜੀ ਮੁਸ਼ੱਕਤ ਵਾਲਾ ਕੰਮ ਹੁੰਦਾ ਸੀ। ਪਸ਼ੂਆਂ ਦੇ ਬਰਾਂਡਿਆਂ ਦੀਆਂ ਗਰਮੀਆਂ ਵਿੱਚ ਹਵਾ ਲਈ ਛੱਡੀਆਂ ਥਾਵਾਂ ਲਈ ਸਲਵਾੜ ਜਾਂ ਨੜਿਆਂ ਦੇ ਅੜਿੱਕੇ ਹੀ ਜ਼ਿਆਦਾ ਕਾਰਗਾਰ ਸਾਬਤ ਹੁੰਦੇ ਕਿਉਂਕਿ ਇਨ੍ਹਾਂ ਵਿੱਚੋਂ ਹੱਡ ਚੀਰਵੀਂ ਹਵਾ ਅੱਗੇ ਨਾ ਲੰਘ ਸਕਦੀ ਹੁੰਦੀ ਤੇ ਦੂਜਾ ਇਹ ਖੜਕਾਨੇ ਕੁਦਰਤੀ ਬਨਸਪਤੀ ਹੋਣ ਕਰਕੇ ਸਿਆਲ ਵਿੱਚ ਜ਼ਿਆਦਾ ਨਿੱਘ ਦਾ ਅਹਿਸਾਸ ਕਰਾਉਂਦੇ ਸਨ। ਕਈ ਕਈ ਦਿਨ ਲਾ ਕੇ ਤਿਆਰ ਕੀਤੇ ਪਸ਼ੂਆਂ ਦੇ ਢਾਰਿਆਂ ਵਿੱਚੋਂ ਜਦੋਂ ਪੋਹ ਮਾਘ ਦੀਆਂ ਕਕਰੀਲੀਆਂ ਰਾਤਾਂ ਨੂੰ ਨਿੱਘੀਆਂ ਹੋ ਕੇ ਬੈਠੀਆਂ ਲਵੇਰੀਆਂ ਜੁਗਾਲੀ ਕਰ ਰਹੀਆਂ ਹੁੰਦੀਆਂ ਤਾਂ ਪਸ਼ੁੂ ਪਾਲਕਾਂ ਵੱਲੋਂ ਇਸ ਕੰਮ ਲਈ ਕਈ ਦਿਨਾਂ ਦੀ ਹੱਡ ਭੰਨਵੀਂ ਮਿਹਨਤ ਨਾਲ ਵਹਾਏ ਪਸੀਨੇ ਤੇ ਥਕੇਵਾਂ ਤਸੱਲੀ ਵਾਲੀ ਖ਼ੁਸ਼ੀ ਵਿੱਚ ਕਿਧਰੇ ਉੱਡ ਪੁੱਡ ਜਾਂਦਾ ਸੀ।
ਚੜ੍ਹਦੇ ਸਿਆਲ ਦੇ ਦਰਾਂ ਤੱਕ ਪਹੁੰਚਦਿਆਂ ਪੇਂਡੂ ਰਹਿਤਲ ਨਾਲ ਜੁੜੇ ਲੋਕ ਅੱਸੂ ਕੱਤਕ ਦੇ ਘਟਦੇ ਜਾ ਰਹੇ ਦਿਨਾਂ ਵਿੱਚ ਜਿੱਥੇ ਖੇਤਾਂ ਤੇ ਫ਼ਸਲਾਂ ਨਾਲ ਜੁੜੇ ਕੰਮਾਂ ਵਿੱਚ ਉਲਝੇ ਥਕੇਵੇਂ ਦਾ ਸ਼ਿਕਾਰ ਵੀ ਹੋ ਜਾਂਦੇ ਸਨ, ਪਰ ਘਰਾਂ ਦੀਆਂ ਲਵੇਰੀਆਂ ਦੇ ਗਾੜ੍ਹੇ ਦੁੱਧਾਂ ਨਾਲ ਬਣਾਈ ਗੁੜ ਦੀ ਚਾਹ ਨਾਲ ਤਿਉਹਾਰੀ ਮੌਸਮਾਂ ਕਾਰਨ ਸ਼ਹਿਰੋਂ ਮਠਿਆਈ ਦੀ ਦੁਕਾਨ ਤੋਂ ਲਿਆਂਦੀਆਂ ਗਰਮ ਜਲੇਬੀਆਂ ਛਕਣ ਨਾਲ ਕੰਮਾਂ ਨਾਲ ਝੰਭੀ ਜ਼ਿੰਦਗੀ ਨੂੰ ਲੋਰ ਵੀ ਚੜ੍ਹ ਜਾਂਦਾ ਸੀ।
ਇਨ੍ਹੀਂ ਦਿਨੀਂ ਹੀ ਪਿੰਡਾਂ ਵਿੱਚ ਕਿਸੇ ਸਾਕ ਸਬੰਧੀ ਦੇ ਧੀ-ਪੁੱਤ ਦੇ ਵਿਆਹ ਦੀ ਸ਼ਗਨਾਂ ਭਰੀ ਖ਼ਬਰ ਵੀ ਕੰਮਾਂ ਵਿੱਚ ਵਿਅਸਤ ਹੋਈ ਜ਼ਿੰਦਗੀ ਦੀ ਤੋਰ ਵਿੱਚ ਨਵਾਂ ਜੋਸ਼ ਤੇ ਉਤਸ਼ਾਹ ਭਰ ਦਿੰਦੀ ਸੀ। ਘਰ ਦਾ ਕੋਈ ਜੀ 10-15 ਦਿਨ ਪਹਿਲਾਂ ਹੀ ਰਿਸ਼ਤੇਦਾਰਾਂ ਦੇ ਵਿਆਹ ਦਾ ਕੰਮ ਕਾਜ ਕਰਾਉਣ ਲਈ ਤੁਰ ਜਾਇਆ ਕਰਦਾ ਸੀ। ਰੁੱਤ ਬਦਲਣ ਵਾਲੇ ਇਸ ਮਹੀਨੇ ਦੇ ਆਉਣ ਨਾਲ ਬੀਤੇ ਸਮਿਆਂ ਵਿੱਚ ਸੁਆਣੀਆ ਵੱਲੋਂ ਆਉਂਦੇ ਸਿਆਲ ਦੀ ਠੰਢ ਤੋਂ ਬਚਣ ਲਈ ਖੇਸੀਆਂ ਖੇਸ, ਰਜਾਈਆਂ ਤਲਾਈਆਂ ਬਣਾਉਣ ਤੇ ਨਗੰਦਣ ਦਾ ਕਾਰਜ ਵੀ ਸ਼ੁਰੂ ਹੋ ਜਾਇਆ ਕਰਦਾ ਸੀ। ਜਿਨ੍ਹਾਂ ਘਰਾਂ ਵਿੱਚ ਕੁੜੀਆਂ ਦੇ ਵਿਆਹ ਰਚਾਉਣ ਵਰਗੇ ਸ਼ੁਭ ਕਾਰਜਾਂ ਦੇ ਦਿਨ ਮਿੱਥੇ ਗਏ ਹੁੰਦੇ, ਉਨ੍ਹਾਂ ਘਰਾਂ ਦੀਆਂ ਸੁਆਣੀਆਂ ਵਿਆਂਦੜ ਕੁੜੀ ਦੇ ਦਾਜ ਲਈ ਨਵੇਂ ਬਿਸਤਰਿਆਂ ਦੀ ਤਿਆਰੀ ਕਰਨ ਲਈ ਵਿਹੜੇ ਦੀਆਂ ਉੱਦਮੀ ਔਰਤਾਂ ਨਾਲ ਸ਼ਹਿਰ ਰੂੰ ਪਿੰਜਾਉਣ ਜਾਣ ਲਈ ਉਚੇਚ ਕਰਿਆ ਕਰਦੀਆਂ ਸਨ।
ਅੱਜ ਪੰਜਾਬ ਦੀ ਪੇਂਡੂ ਰਹਿਤਲ ਵਿੱਚ ਘਰ ਦਾ ਦੁੱਧ ਹਾਸਲ ਕਰਨ ਲਈ ਘਰਾਂ ਵਿੱਚ ਪਸ਼ੂ ਰੱਖਣ ਦਾ ਰਿਵਾਜ ਘੱਟ ਗਿਆ ਹੈ। ਪਹਿਲਾਂ ਸਕੂਲ ਤੇ ਕਾਲਜ ਪੜ੍ਹਨ ਜਾਣ ਵਾਲੇ ਵਿਦਿਆਰਥੀਆਂ ਦਾ ਘਰ ਆਣ ਕੇ ਮੁੱਖ ਰੁਝੇਵਾਂ ਹੀ ਦੁੱਧ ਵਾਸਤੇ ਰੱਖੇ ਪਸ਼ੂਆਂ ਲਈ ਪੱਠਿਆਂ ਦਾ ਜੁਗਾੜ ਕਰਨਾ ਹੁੰਦਾ ਸੀ। ਇਹ ਸਾਰੇ ਕੰਮਕਾਰ ਕਰਦਿਆਂ ਪਿੰਡਾਂ ਵਿੱਚ ਪਲਣ ਵਾਲੇ ਨਿਆਣੇ ਖੇਤੀਬਾੜੀ ਦੇ ਔਖੇ ਭਾਰੇ ਕੰਮ ਕਰਦਿਆਂ ਕਿਰਤ ਸੱਭਿਆਚਾਰ ਤੇ ਜ਼ਮੀਨੀ ਹਕੀਕਤਾਂ ਨਾਲ ਜੁੜੇ ਰਹਿਣ ਦਾ ਸਬਕ ਆਪਮੁਹਾਰੇ ਹੀ ਸਿੱਖ ਜਾਇਆ ਕਰਦੇ ਸਨ। ਹੱਥੀਂ ਕੰਮ ਕਰਨ ਤੇ ਕੁਦਰਤ ਨਾਲ ਇੱਕਮਿੱਕ ਰਹਿਣ ਵਾਲੀ ਜੀਵਨ ਜਾਚ ਨਿਆਣਿਆਂ ਨੂੰ ਜ਼ਿੰਦਗੀ ਵਿੱਚ ਆਉਣ ਵਾਲੀਆਂ ਮੁਸੀਬਤਾਂ ਤੇ ਦੁੱਖ ਸੁੱਖਾਂ ਦਾ ਸਾਹਮਣਾ ਕਰਨ ਦਾ ਹੁਨਰ ਵੀ ਸਹਿਜੇ ਹੀ ਸਿਖਾ ਦਿਆ ਕਰਦੀ ਸੀ।
ਅੱਜ ਪੰਜਾਬ ਦੀ ਨਵੀਂ ਪਨੀਰੀ ਵੱਲੋਂ ਪਿੰਡਾਂ ਦੇ ਗੱਡੇ ਤੇ ਟਰੈਕਟਰਾਂ ਨਾਲ ਸਾਂਝ ਛੱਡ ਸਮੁੰਦਰੋਂ ਪਾਰ ਵੱਸਣ ਤੇ ਕਮਾਉਣ ਦੀ ਤਾਂਘ ਨੇ ਪੇਂਡੂ ਰਹਿਤਲ ਦੀ ਸਮਾਜਿਕ, ਸੱਭਿਆਚਾਰਕ ਤੇ ਆਰਥਿਕ ਤਸਵੀਰ ਨੂੰ ਉਦਾਸੀ ਤੇ ਵੀਰਾਨਗੀ ਦੀਆਂ ਛੋਹਾਂ ਦੇ ਦਿੱਤੀਆਂ ਹਨ। ਵਿਆਹ ਤੇ ਹੋਰ ਸਮਾਜਿਕ ਕਾਰਜਾਂ ਵਿੱਚ ਬਾਜ਼ਾਰੂ ਚੀਜ਼ਾਂ ਦੇ ਵਧ ਰਹੇ ਦਖਲ ਨੇ ਇਨ੍ਹਾਂ ਮਿੱਠੇ ਤੇ ਸਮਾਗਮੀ ਕਾਰਜਾਂ ਨੂੰ ਸ਼ਹਿਰੀ ਹੋਟਲਾਂ ਤੇ ਪੈਲੇਸਾਂ ਦੀਆਂ ਚਾਰ ਦੀਵਾਰੀਆਂ ਵਿੱਚ ਕੈਦ ਕਰ ਦਿੱਤਾ ਹੈ। ਪਿੰਡਾਂ ਵਿੱਚ ਨਵੀਂ ਪਨੀਰੀ ਨੂੰ ਚੜ੍ਹਦੇ ਸਿਆਲ ਬਰਸੀਮ ਬੀਜਣ, ਪਸ਼ੂਆਂ ਵਾਲੇ ਢਾਰਿਆਂ ਦੀ ਸੰਭਾਲ ਜਾਂ ਹੋਰ ਖੇਤੀਬਾੜੀ ਦੇ ਕੰਮਾਂ ਵਾਰੇ ਬਹੁਤਾ ਇਲਮ ਨਹੀਂ ਅਤੇ ਕੰਮ ਸੱਭਿਆਚਾਰ ਨਾਲ ਜੁੜੇ ਕਾਰਜਾਂ ਵਿੱਚ ਦਿਲਚਸਪੀ ਵੀ ਨਹੀਂ ਹੈ। ਖੇਤੀ ਦੇ ਸਾਰੇ ਕੰਮ, ਪਾਣੀ ਵਾਲੀਆਂ ਮੋਟਰਾਂ ਨੂੰ ਚਲਾਉਣਾ ਤੇ ਸੰਭਾਲਣਾ ਸਭ ਪਰਵਾਸੀ ਮਜ਼ਦੂਰਾਂ ਦੇ ਹੁਨਰ ’ਤੇ ਨਿਰਭਰ ਹੋ ਗਏ ਹਨ।
ਤਿਉਹਾਰਾਂ ਤੇ ਸਮਾਜਿਕ ਕਾਰਜਾਂ ਮੌਕੇ ਵੱਧ ਤੋਂ ਵੱਧ ਮੁਨਾਫਾ ਕਮਾਉਣ ਦੀ ਹੋੜ ਤੇ ਜ਼ਿੰਦਗੀ ਦੇ ਹਰ ਸਰੋਕਾਰ ਦੇ ਹੋਏ ਵਪਾਰੀਕਰਨ ਨਾਲ ਖ਼ੁਸ਼ੀਆਂ ਮੌਕੇ ਸ਼ੁੱਧ ਰੂਪ ਵਿੱਚ ਮਿਲਣ ਵਾਲੀਆਂ ਮਿਠਿਆਈਆਂ ਤੇ ਹੋਰ ਖਾਧ ਪਦਾਰਥਾਂ ਵਿੱਚ ਹੁੰਦੀ ਮਿਲਾਵਟ ਨੇ ਵੀ ਮੇਲਿਆਂ ਤਿਉਹਾਰਾਂ ਮੌਕੇ ਮਨਾਉਣ ਵਾਲੀਆਂ ਖ਼ੁਸ਼ੀਆਂ ਦੇ ਰੰਗ ਫਿੱਕੇ ਪਾ ਦਿੱਤੇ ਹਨ। ਬੇਹਿਸਾਬੇ ਤੇ ਬੇਤਰਤੀਬੇ ਵਿਕਾਸ ਦੀ ਦੌੜ ਦੀ ਤਾਂਘ ਵਿੱਚ ਬੰਦਿਆਂ ਵੱਲੋਂ ਕੁਦਰਤ ਨਾਲ ਕੀਤੀ ਜਾ ਰਹੀ ਛੇੜਛਾੜ ਤੇ ਕੁਦਰਤੀ ਸੋਮਿਆਂ ਦੇ ਖਾਤਮੇ ਦੀ ਰੁਚੀ ਨਾਲ ਧਰਤੀ ’ਤੇ ਘੁੱਗ ਵਸਦੀ ਜ਼ਿੰਦਗੀ ਤੇ ਮੌਸਮੀ ਨਿਆਮਤਾਂ ਦੇ ਸੁਭਾਅ ਵਿੱਚ ਤੇਜ਼ੀ ਨਾਲ ਤਬਦੀਲੀ ਹੋਣ ਲੱਗੀ ਹੈ ਜਿਸ ਨਾਲ ਮੌਸਮਾਂ ਤੇ ਰੁੱਤਾਂ ਨਾਲ ਜੁੜੇ ਹਾਂ ਪੱਖੀ ਸਰੋਕਾਰ ਖ਼ਤਮ ਹੁੰਦੇ ਜਾ ਰਹੇ ਹਨ।
ਸੰਪਰਕ: 70877-87700