For the best experience, open
https://m.punjabitribuneonline.com
on your mobile browser.
Advertisement

ਸੱਤਾਧਾਰੀ ਧਿਰ ਦੇ ਚਹੇਤਿਆਂ ਦੇ ਕੇਸਾਂ ਦੀ ਮੁੱਢਲੀ ਰਿਪੋਰਟ ਵੈੱਬਸਾਈਟ ਤੋਂ ਗ਼ਾਇਬ

11:00 AM Jul 02, 2023 IST
ਸੱਤਾਧਾਰੀ ਧਿਰ ਦੇ ਚਹੇਤਿਆਂ ਦੇ ਕੇਸਾਂ ਦੀ ਮੁੱਢਲੀ ਰਿਪੋਰਟ ਵੈੱਬਸਾਈਟ ਤੋਂ ਗ਼ਾਇਬ
Advertisement

ਸੰਤੋਖ ਗਿੱਲ
ਰਾਏਕੋਟ, 1 ਜੁਲਾਈ
ਸੱਤਾਧਾਰੀ ਧਿਰ ਦੇ ਹਲਕਾ ਰਾਏਕੋਟ ਤੋਂ ਵਿਧਾਇਕ ਹਾਕਮ ਸਿੰਘ ਠੇਕੇਦਾਰ ਦੇ ਨੇਡ਼ਲੇ ਵਿਅਕਤੀ ਅਤੇ ਇਲਾਕੇ ਦੇ ਸਿਰਕੱਢ ਕਿਸਾਨ ਆਗੂ ਕੁਲਦੀਪ ਸਿੰਘ ਉਰਫ਼ ਕੱਦੂ ਅਤੇ ਟਰੱਕ ਯੂਨੀਅਨ ਦੇ ਪ੍ਰਧਾਨ ਬਿੰਦਰਜੀਤ ਸਿੰਘ ਗਿੱਲ ਉਰਫ਼ ਬਿੰਦਰਜੀਤਾ ਨਾਲ ਸਬੰਧਤ ਪਿਛਲੇ 10 ਦਿਨਾਂ ਦੌਰਾਨ ਥਾਣਾ ਸਦਰ ਰਾਏਕੋਟ ਵਿੱਚ ਦਰਜ ਹੋਏ ਤਿੰਨ ਕੇਸਾਂ ਦੀ ਮੁੱਢਲੀ ਰਿਪੋਰਟ (ਐੱਫ਼ਆਈਆਰ) ਲੁਧਿਆਣਾ (ਦਿਹਾਤੀ) ਪੁਲੀਸ ਦੀ ਵੈੱਬਸਾਈਟ ਤੋਂ ਗ਼ਾਇਬ ਹੈ। ਥਾਣਾ ਸਦਰ ਰਾਏਕੋਟ ਵਿੱਚ ਕੇਸ ਨੰਬਰ 76 ਵਿਚ ਟਰੱਕ ਯੂਨੀਅਨ ਦੇ ਪ੍ਰਧਾਨ ਬਿੰਦਰਜੀਤ ਸਿੰਘ ਗਿੱਲ ਅਤੇ ਕਿਸਾਨ ਆਗੂ ਕੁਲਦੀਪ ਸਿੰਘ ਕੱਦੂ ਸਮੇਤ ਅੱਧੀ ਦਰਜਨ ਵਿਅਕਤੀਆਂ ਵਿਰੁੱਧ ਕੇਸ ਦਰਜ ਹੈ। 29 ਜੂਨ ਦੀ ਅੱਧੀ ਰਾਤ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਬੂਟਾ ਸਿੰਘ ਬੁਰਜ ਗਿੱਲ ਧੜੇ ਦੇ ਆਗੂ ਕੁਲਦੀਪ ਸਿੰਘ ਉਰਫ਼ ਕੱਦੂ ਖ਼ਿਲਾਫ਼ ਪਿਛਲੇ ਸਾਲ 23 ਦਸੰਬਰ ਦੀ ਰਾਤ ਸਮੇਂ ਮੋਟਰ ਦੇ ਕੋਠੇ ਦੇ ਤਾਲੇ ਤੋੜ ਕੇ ਮੋਟਰ ਦਾ ਸਟਾਰਟਰ ਅਤੇ ਗਰਿੱਪ ਚੋਰੀ ਕਰਨ ਸਮੇਤ ਪੱਕੇ ਨਾਕੇ ਤੋੜਨ ਦੇ ਮਾਮਲੇ ਵਿੱਚ ਕੇਸ ਨੰਬਰ 86 ਥਾਣਾ ਸਦਰ ਰਾਏਕੋਟ ਵਿੱਚ ਦਰਜ ਹੋਇਆ ਹੈ। ਇਸ ਦੀ ਜਾਣਕਾਰੀ ਅਪਰਾਧ ਰਿਪੋਰਟ ਵਿੱਚ ਵੀ ਉਪਲਬਧ ਨਹੀਂ ਹੈ ਅਤੇ ਨਾ ਹੀ ਇਹ ਐੱਫ਼ਆਈਆਰ ਲੁਧਿਆਣਾ (ਦਿਹਾਤੀ) ਪੁਲੀਸ ਦੀ ਵੈੱਬਸਾਈਟ ‘ਤੇ ਉਪਲਬਧ ਹੈ ਜਦਕਿ ਇਸ ਐੱਫ਼ਆਈਆਰ ਦੀ ਨਕਲ ਪੰਜਾਬੀ ਟ੍ਰਿਬਿਊਨ ਕੋਲ ਮੌਜੂਦ ਹੈ। ਥਾਣਾ ਸਦਰ ਰਾਏਕੋਟ ਦੇ ਮੁਖੀ ਸਬ ਇੰਸਪੈਕਟਰ ਹਰਦੀਪ ਸਿੰਘ ਨੇ 30 ਜੂਨ ਨੂੰ ਵੀ ਸੰਪਰਕ ਕਰਨ ’ਤੇ ਕੇਸ ਦਰਜ ਹੋਣ ਤੋਂ ਇਨਕਾਰ ਕੀਤਾ ਸੀ ਜਦਕਿ ਕੇਸ 29 ਜੂਨ ਦੀ ਅੱਧੀ ਰਾਤ 11:35 ਵਜੇ ਹੀ ਦਰਜ ਹੋ ਚੁੱਕਾ ਸੀ। ਜ਼ਿਲ੍ਹਾ ਪੁਲੀਸ ਮੁਖੀ ਨਵਨੀਤ ਸਿੰਘ ਨੇ ਕਿਹਾ ਕਿ ਇਹ ਪਤਾ ਲਾਇਆ ਜਾਵੇਗਾ ਕਿ ਕਿਸ ਪੱਧਰ ਦੇ ਪੁਲੀਸ ਅਧਿਕਾਰੀ ਵੱਲੋਂ ਅਜਿਹੀ ਕਾਰਵਾਈ ਕੀਤੀ ਗਈ ਹੈ। ਜਾਂਚ ਦੌਰਾਨ ਜਿਹੜਾ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

Advertisement

Advertisement
Advertisement
Tags :
Author Image

sukhwinder singh

View all posts

Advertisement