ਗਰਭਵਤੀ ਔਰਤ ਨੂੰ ਸਰਕਾਰੀ ਹਸਪਤਾਲ ਲੁਧਿਆਣਾ ਭੇਜਿਆ ਗਿਆ ਸੀ: ਐੱਸਐੱਮਓ
ਪੱਤਰ ਪ੍ਰੇਰਕ
ਮਾਛੀਵਾੜਾ, 21 ਅਗਸਤ
ਗਰਭਵਤੀ ਔਰਤ ਦਾ ਸਰਕਾਰੀ ਹਸਪਤਾਲ ਵਿੱਚ ਗਾਇਨੀ ਡਾਕਟਰ ਨਾ ਹੋਣ ਕਾਰਨ ਉਸਦੇ ਪਤੀ ਵੱਲੋਂ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਕਰਵਾਉਣਾ ਅਤੇ ਭੀਖ ਮੰਗ ਕੇ ਬਿੱਲ ਅਦਾ ਕਰਨ ਦੀ ਸੁਰਖ਼ੀਆਂ ਅਖ਼ਬਾਰਾਂ ਵਿੱਚ ਛਪਣ ’ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਦੇਵ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿਵਲ ਹਸਪਤਾਲ ਮਾਛੀਵਾੜਾ ਦੇ ਸਟਾਫ਼ ਵੱਲੋਂ ਗਰਭਵਤੀ ਨੂੰ ਸਰਕਾਰੀ ਹਸਪਤਾਲ ਲੁਧਿਆਣਾ ਰੈਫ਼ਰ ਕੀਤਾ ਗਿਆ ਸੀ। ਡਾ. ਜਸਦੇਵ ਸਿੰਘ ਨੇ ਦੱਸਿਆ ਕਿ ਇਸ ਜਣੇਪੇ ਲਈ ਕੰਮ ਕਰ ਰਹੀ ਆਸ਼ਾ ਵਰਕਰ ਨੀਲਮ ਰਾਣੀ ਹਸਪਤਾਲ ਵਿੱਚ ਮੌਕੇ ’ਤੇ ਮੌਜੂਦ ਸੀ ਅਤੇ ਉਸਨੇ ਕਿਹਾ ਕਿ ਉਹ ਐਂਬੂਲੈਸ ਰਾਹੀਂ ਮਰੀਜ਼ ਨੂੰ ਲੁਧਿਆਣਾ ਹਸਪਤਾਲ ਲੈ ਚੱਲਦੇ ਹਨ। ਉਨ੍ਹਾਂ ਦੱਸਿਆ ਕਿ ਪਰਿਵਾਰ ਆਪਣੀ ਇੱਛਾ ਅਨੁਸਾਰ ਮਰੀਜ਼ ਨੂੰ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਲਈ ਲੈ ਕੇ ਗਿਆ ਜਦਕਿ ਉਨ੍ਹਾਂ ਦਾ ਸਟਾਫ਼ ਉਸਦਾ ਇਲਾਜ ਸਰਕਾਰੀ ਹਸਪਤਾਲ ਲੁਧਿਆਣਾ ਕਰਵਾਉਣਾ ਚਾਹੁੰਦਾ ਸੀ। ਡਾ. ਜਸਦੇਵ ਸਿੰਘ ਨੇ ਕਿਹਾ ਕਿ ਮਾਛੀਵਾੜਾ ਸਰਕਾਰੀ ਹਸਪਤਾਲ ਵਿੱਚ ਗਾਇਨੀ ਡਾਕਟਰ ਦੀ ਪੋਸਟ ਪਿਛਲੇ ਕਈ ਮਹੀਨੇ ਤੋਂ ਖਾਲੀ ਹੈ ਪਰ ਫਿਰ ਵੀ ਹਸਪਤਾਲ ’ਚ ਤਾਇਨਾਤ ਡਾਕਟਰ ਤੇ ਹੋਰ ਸਟਾਫ਼ ਨਾਰਮਲ ਡਲਿਵਰੀ ਵਾਲੇ ਹਰੇਕ ਮਹੀਨੇ 20 ਤੋਂ 25 ਕੇਸ ਸੁਲਝਾਉਂਦੇ ਹਨ। ਉਨ੍ਹਾਂ ਕਿਹਾ ਕਿ ਜੇ ਹਸਪਤਾਲ ਵਿੱਚ ਮਰੀਜ਼ ਨੂੰ ਹਾਈ ਬੀ.ਪੀ. ਜਾਂ ਹੋਰ ਸਮੱਸਿਆ ਆਉਂਦੀ ਹੈ ਤਾਂ ਫਿਰ ਉਨ੍ਹਾਂ ਨੂੰ ਮਜਬੂਰਨ ਲੁਧਿਆਣਾ ਸਰਕਾਰੀ ਹਸਪਤਾਲ ਰੈਫ਼ਰ ਕਰਨਾ ਪੈਂਦਾ ਹੈ।