For the best experience, open
https://m.punjabitribuneonline.com
on your mobile browser.
Advertisement

ਪਿੰਡ ਕਿੱਲਿਆਂਵਾਲੀ ਨੂੰ ‘ਸੋਕੇ’ ਵੱਲ ਧੱਕ ਰਹੀ ਹੈ ਟੇਲ ’ਤੇ ਪਾਣੀ ਪਹੁੰਚਾਉਣ ਦੀ ਕਵਾਇਦ

08:55 AM Jun 15, 2024 IST
ਪਿੰਡ ਕਿੱਲਿਆਂਵਾਲੀ ਨੂੰ ‘ਸੋਕੇ’ ਵੱਲ ਧੱਕ ਰਹੀ ਹੈ ਟੇਲ ’ਤੇ ਪਾਣੀ ਪਹੁੰਚਾਉਣ ਦੀ ਕਵਾਇਦ
ਮੋਘਾ ਉੱਚਾ ਕਰਨ ਸਬੰਧੀ ਜਾਣਕਾਰੀ ਦਿੰਦੇ ਹੋਏ ਕਿੱਲਿਆਂਵਾਲੀ ਪਿੰਡ ਦੇ ਕਿਸਾਨ।
Advertisement

ਇਕਬਾਲ ਸਿੰਘ ਸ਼ਾਂਤ
ਲੰਬੀ, 14 ਜੂਨ
ਸਿੰਜਾਈ ਵਿਭਾਗ ਵੱਲੋਂ ਟੇਲਾਂ ’ਤੇ ਪਾਣੀ ਪਹੁੰਚਾਉਣ ਦੀ ਕਵਾਇਦ ਪਿੰਡ ਕਿੱਲਿਆਂਵਾਲੀ ਨੂੰ ਸੋਕੇ ’ਚ ਡੋਬਦੀ ਨਜ਼ਰ ਆ ਰਹੀ ਹੈ। ਵਿਭਾਗ ਵੱਲੋਂ ਸਬ ਮਾਈਨਰ ਕਿੱਲਿਆਂਵਾਲੀ ਦੇ ਮੋਘੇ ਕਰੀਬ ਚਾਰ-ਚਾਰ ਇੰਚ ਉੱਚੇ ਚੁੱਕੇ ਜਾ ਰਹੇ ਹਨ। ਸਿੰਜਾਈ ਅਮਲਾ ਪਿੰਡ ਨਾਲ ਸਬੰਧਤ ਪੰਜ ਮੋਘੇ ਉੱਚੇ ਕਰ ਚੁੱਕਿਆ ਹੈ। ਅੱਜ ਆਖ਼ਰੀ ਛੇਵਾਂ ਮੋਘਾ ਨੰਬਰ 24,962 ਨੂੰ ਉੱਚਾ ਕਰਨ ਮੌਕੇ ਹੰਗਾਮਾ ਹੋ ਗਿਆ। ਵਿਭਾਗ ਦੀ ਮੋਘਾ ਕਵਾਇਦ ਖਿਲਾਫ਼ ਕਿਸਾਨ ਲਾਮਬੰਦੀ ਸ਼ੁਰੂ ਹੋ ਗਈ ਹੈ। ਉੱਧਰ ਵਿਭਾਗੀ ਤੰਤਰ ਵੀ ਕਥਿਤ ਸਿਆਸੀ ਦਬਦਬੇ ਵਾਲੇ ਹੌਸਲੇ ਵਿੱਚ ਮੋਘਾ ਉੱਚਾ ਕਰਨ ਲਈ ਬਜਿੱਦ ਹੈ। ਇੱਥੇ ਨਹਿਰੀ ਪਾਣੀ ਹੀ ਖੇਤੀ ਸਿੰਜਾਈ ਦਾ ਮੁੱਖ ਜ਼ਰੀਆ ਹੈ। ਮੋਘਾ ਨੰਬਰ 24,962 ’ਤੇ ਪਿੰਡ ਦਾ ਵਾਟਰ ਵਰਕਸ, ਛੱਪੜ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਇਲਾਵਾ ਲਗਭਗ 650 ਏਕੜ ਖੇਤੀ ਰਕਬਾ ਨਿਰਭਰ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਪਹਿਲਾਂ ਹੀ ਮਾਈਨਰ ’ਚ ਪਾਣੀ ਬੇਹੱਦ ਘੱਟ ਆਉਂਦਾ ਹੈ ਕਿ 19 ਮਿੰਟ ਦੀ ਵਾਰੀ ’ਚ ਖੇਤਾਂ ’ਚ ਅੱਧੀ ਕਨਾਲ ਰਕਬੇ ਨੂੰ ਵੀ ਪਾਣੀ ਨਹੀਂ ਲੱਗਦਾ। ਮਾਈਨਰ ਵਿੱਚੋਂ ਕਦੇ ਵਾਟਰ ਵਰਕਸ, ਸਰਕਾਰੀ ਸਕੂਲ ਤੇ ਛੱਪੜ ਤੱਕ ਪੂਰਾ ਪਾਣੀ ਨਹੀਂ ਪੁੱਜਿਆ। ਭਾਕਿਯੂ ਏਕਤਾ ਉਗਰਾੲਾਂ ਦੇ ਬਲਾਕ ਮੀਤ ਪ੍ਰਧਾਨ ਪਾਲਾ ਸਿੰਘ, ਕਿਸਾਨ ਕੇਵਲ ਸਿੰਘ ਸਰਾਂ, ਸੁਖਵਿੰਦਰ ਸਰਾਂ, ਲਾਲਵਿੰਦਰ ਸਿੰਘ ਭਾਟੀ, ਪ੍ਰਦੀਪ ਸਿੰਘ, ਭੁਪਿੰਦਰ ਸਿੰਘ, ਸੁਖਵੰਤ ਸਿੰਘ ਸਰਾਂ ਤੇ ਨਵਦੀਪ ਸਿੰਘ ਨੇ ਪਿਛਲੇ ਪਿੰਡਾਂ ’ਚ ਪਾਈਪਾਂ ਨਾਲ ਪਾਣੀ ਚੋਰੀ ਦੇ ਦੋਸ਼ ਲਗਾਏ ਅਤੇ ਆਖਿਆ ਕਿ ਪਿੰਡ ’ਚ ਮਾਈਨਰ ਅੰਦਰ ਕਦੇ ਪਾਣੀ ਪੂਰਾ ਨਹੀਂ ਆਇਆ। ਕਿਸਾਨਾਂ ਨੇ ਨਹਿਰੀ ਅਮਲੇ ’ਤੇ ਧੱਕੇਸ਼ਾਹੀ ਦੇ ਦੋਸ਼ ਲਗਾਉਂਦੇ ਕਿਹਾ ਕਿ ਵਿਭਾਗ ਤੰਤਰ ਪਿੱਛਿਓਂ ਪਾਣੀ ਵਧਾਉਣ ਜਾਂ ਸਫ਼ਾਈ ਕਰਵਾਉਣ ਦੀ ਥਾਂ ਕਿੱਲਿਆਂਵਾਲੀ ਦੇ ਮੋਘੇ ਉੱਚੇ ਕਰ ਕੇ ਵੜਿੰਗਖੇੜਾ ਟੇਲ ’ਤੇ ਪਾਣੀ ਪਹੁੰਚਾਉਣ ਦੀ ਸਰਕਾਰੀ ‘ਵਾਹ-ਵਾਹ’ ਖੱਟਣਾ ਚਾਹੁੰਦਾ ਹੈ। ਕਿਸਾਨ ਗੁਰਬਖਸ਼ ਭਾਟੀ ਨੇ ਦੋਸ਼ ਲਗਾਇਆ ਕਿ ਵਡਿੰਗਖੇੜਾ ਟੇਲ ’ਤੇੇ ਪਾਣੀ ਦੇਣ ਲਈ ਉਨ੍ਹਾਂ ਦੇ ਪਿੰਡ ਨਾਲ ਧੱਕਾ ਕੀਤਾ ਜਾ ਰਿਹਾ। ਅੱਜ ਮੋਘੇ ਨੂੰ ਉੱਚਾ ਕਰਵਾਉਣ ਲਈ ਪੁੱਜੇ ਐਸਡੀਓ ਤੇ ਜੇਈ ਵਗੈਰਾ ਕਾਰਵਾਈ ਨੂੰ ਜਾਇਜ਼ ਦੱਸ ਰਹੇ ਸਨ। ਦੂਜੇ ਪਾਸੇ ਕਿਸਾਨ ਮੋਘੇ ਦੇ ਮੌਜੂਦਾ ਸਾਇਜ਼ ਨੂੰ ਦਰੁੱਸਤ ਦੱਸ ਰਹੇ ਹਨ। ਦੋਵੇਂ ਧਿਰਾਂ ’ਚ ਸ਼ਬਦੀ ਤਲਖ਼ੀ ਤਹਿਤ ਮਾਮਲਾ ਮੋਘਾ ਬੰਦ ਕਰਵਾਉਣ ਅਤੇ ਕਰਨ ਤੱਕ ਪੁੱਜ ਗਿਆ। ਮੀਡੀਆ ਦੇ ਪੁੱਜਣ ਮਗਰੋਂ ਵਿਭਾਗੀ ਮੌਕੇ ਤੋਂ ਰਵਾਨਗੀ ਪਾ ਗਿਆ।

Advertisement

ਏ-ਫਾਰਮ ਰਜਿਸਟਰ ਦੇ ਮੁਤਾਬਕ ਮੋਘੇ ਲਗਾਏ ਜਾ ਰਹੇ ਹਨ: ਐੱਸਡੀਓ

ਸਿੰਜਾਈ ਵਿਭਾਗ ਦੇ ਐੱਸਡੀਓ ਸੁਖਪ੍ਰੀਤ ਸਿੰਘ ਬਰਾੜ ਦਾ ਕਹਿਣਾ ਸੀ ਕਿ ਏ-ਫਾਰਮ ਰਜਿਸਟਰ ਦੇ ਮੁਤਾਬਕ ਮੋਘੇ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਹਿਲਾਂ ਵੀ ਸੂਬਾਈ ਨਿਯਮ ਤਹਿਤ 3.05 ਕਿਊਸਿਕ ਪਾਣੀ ਪ੍ਰਤੀ 1000 ਏਕੜ ਦਿੱਤਾ ਜਾ ਰਿਹਾ ਹੈ ਅਤੇ ਮੋਘੇ ਉੱਚੇ ਕਰਨ ਮਗਰੋਂ ਵੀ ਦਿੱਤਾ ਜਾਵੇਗਾ।

Advertisement
Author Image

joginder kumar

View all posts

Advertisement
Advertisement
×