ਨੌਜਵਾਨਾਂ ਦੀ ਤਾਕਤ ਮੁਲਕ ਨੂੰ ਵਿਕਸਤ ਰਾਸ਼ਟਰ ਬਣਾਏਗੀ: ਮੋਦੀ
ਨਵੀਂ ਦਿੱਲੀ, 12 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੁਲਕ ਦੇ ਨੌਜਵਾਨਾਂ ਨਾਲ ਉਨ੍ਹਾਂ ਦਾ ‘ਗੂੜ੍ਹੀ ਦੋਸਤੀ’ ਵਾਲਾ ਨਾਤਾ ਹੈ ਅਤੇ ਭਰੋਸਾ ਜਤਾਇਆ ਕਿ ਨੌਜਵਾਨ ਸ਼ਕਤੀ ਹੀ ਭਾਰਤ ਨੂੰ ਛੇਤੀ ਤੋਂ ਛੇਤੀ ਵਿਕਸਤ ਰਾਸ਼ਟਰ ਬਣਾਏਗੀ। ‘ਵਿਕਸਤ ਭਾਰਤ ਯੰਗ ਲੀਡਰਜ਼ ਡਾਇਲਾਗ 2025’ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਵੱਡੇ ਸੁਪਨੇ ਦੇਖਣਾ, ਮਜ਼ਬੂਤ ਵਚਨਬੱਧਤਾ ਤੈਅ ਕਰਨਾ ਅਤੇ ਇਕ ਤੈਅ ਸਮਾਂ-ਸੀਮਾ ਅੰਦਰ ਉਨ੍ਹਾਂ ਸੁਪਨਿਆਂ ਨੂੰ ਹਾਸਲ ਕਰਨਾ ਪੂਰੀ ਤਰ੍ਹਾਂ ਸੰਭਵ ਹੈ। ਉਨ੍ਹਾਂ ਕਿਹਾ, ‘‘ਕਿਸੇ ਵੀ ਮੁਲਕ ਦੀ ਤਰੱਕੀ ਲਈ ਉਸ ਨੂੰ ਅਹਿਮ ਟੀਚਿਆਂ ਦੀ ਪ੍ਰਾਪਤੀ ’ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। ਇਕ ਟੀਚੇ ਦੇ ਬਿਨਾਂ ਜ਼ਿੰਦਗੀ ਦੀ ਕਲਪਨਾ ਕਰਨਾ ਮੁਸ਼ਕਲ ਹੈ। ਟੀਚੇ ਸਾਨੂੰ ਉਦੇਸ਼ ਅਤੇ ਪ੍ਰੇਰਣਾ ਦਿੰਦੇ ਹਨ। ਜਦੋਂ ਅਸੀਂ ਟੀਚੇ ਨਿਰਧਾਰਤ ਕਰਦੇ ਹਾਂ ਤਾਂ ਅਸੀਂ ਉਨ੍ਹਾਂ ਨੂੰ ਪੂਰਾ ਕਰਨ ਦੀਆਂ ਕੋਸ਼ਿਸ਼ਾਂ ਵੀ ਕਰਦੇ ਹਾਂ। ਅੱਜ ਭਾਰਤ ਇਸੇ ਭਾਵਨਾ ਨੂੰ ਰੂਪ ਦੇ ਰਿਹਾ ਹੈ।’’ ਮੋਦੀ ਨੇ ਕਿਹਾ ਕਿ ਵਿਕਸਤ ਭਾਰਤ ਆਰਥਿਕ, ਰਣਨੀਤਕ, ਸਮਾਜਿਕ ਅਤੇ ਸੱਭਿਆਚਾਰ ਪੱਖੋਂ ਮਜ਼ਬੂਤ ਹੋਵੇਗਾ ਜਿਥੇ ਅਰਥਚਾਰਾ ਵੀ ਬੁਲੰਦ ਹੋਵੇਗਾ। ਪ੍ਰਧਾਨ ਮੰਤਰੀ ਨੇ ਇਸ ਪ੍ਰੋਗਰਾਮ ਲਈ 30 ਲੱਖ ਤੋਂ ਵਧ ਨੌਜਵਾਨਾਂ ’ਚੋਂ ਯੋਗਤਾ ਦੇ ਆਧਾਰ ’ਤੇ ਚੁਣੇ ਗਏ 3 ਹਜ਼ਾਰ ਨੌਜਵਾਨਾਂ ਨਾਲ ਗੱਲਬਾਤ ਵੀ ਕੀਤੀ। ਸਵਾਮੀ ਵਿਵੇਕਾਨੰਦ ਦੀ ਜੈਅੰਤੀ ਮੌਕੇ ਹੋਏ ਸਮਾਗਮ ’ਚ ਮੋਦੀ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਦਾ ਨੌਜਵਾਨ ਪੀੜ੍ਹੀ ’ਚ ਬਹੁਤ ਜ਼ਿਆਦਾ ਭਰੋਸਾ ਸੀ ਅਤੇ ਕਿਹਾ ਕਿ ਨੌਜਵਾਨ ਸਾਰੀਆਂ ਸਮੱਸਿਆਵਾਂ ਦਾ ਹੱਲ ਲੱਭ ਲੈਣਗੇ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ’ਚ ਬੁਨਿਆਦੀ ਢਾਂਚੇ ਦਾ ਬਜਟ ਛੇ ਗੁਣਾ ਵਧਿਆ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਮੁਲਕ ਅਗਲੇ ਦਹਾਕੇ ਤੱਕ 10 ਖ਼ਰਬ ਡਾਲਰ ਤੋਂ ਵਧ ਦਾ ਅਰਥਚਾਰਾ ਬਣ ਜਾਵੇਗਾ। -ਪੀਟੀਆਈ