ਦ੍ਰਿੜ੍ਹ ਨਿਸ਼ਚੇ ਦੀ ਤਾਕਤ
ਇਕਵਾਕ ਸਿੰਘ ਪੱਟੀ
ਇੱਕ ਆਮ ਕਹਾਵਤ ਮਸ਼ਹੂਰ ਹੈ, ‘ਮਨ ਦੇ ਜਿੱਤਿਆਂ ਜਿੱਤ ਹੈ, ਮਨ ਦੇ ਹਾਰਿਆਂ ਹਾਰ।’ ਗੱਲ ਸਿਰਫ਼ ਮਨ ਦੇ ਮੰਨਣ ਦੀ ਹੈ ਕਿ ਉਹ ਕੀ ਮੰਨਦਾ ਹੈ ਅਤੇ ਕੀ ਨਹੀਂ? ਆਪਣੇ ਅੰਦਰ ਦੇ ਆਤਮ-ਵਿਸ਼ਵਾਸ ਅਤੇ ਦ੍ਰਿੜ ਇਰਾਦੇ ਨਾਲ ਅਸੀਂ ਅਸੰਭਵ ਕੰਮ ਨੂੰ ਵੀ ਸੰਭਵ ਕਰ ਸਕਦੇ ਹਾਂ। ਕਹਿੰਦੇ ਨੇ ਸਮਾਂ ਇੱਕ ਕਲਪ ਰੁੱਖ ਦੀ ਤਰ੍ਹਾਂ ਹੈ ਜੋ ਪਲਕ ਝਪਕਦੇ ਹੀ ਗਾਇਬ ਹੋ ਜਾਂਦਾ ਹੈ, ਪਰ ਅਸੀਂ ਆਪਣੇ ਅੰਦਰ ਦੇਖੀਏ ਤਾਂ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਬਹੁਤਾ ਸਮਾਂ ਤਾਂ ਅਸੀਂ ਇਹੀ ਸੋਚਣ ਵਿੱਚ ਗੁਜ਼ਾਰ ਦਿੰਦੇ ਹਾਂ ਕਿ ਲੋਕ ਕੀ ਕਹਿਣਗੇ? ਜਾਂ ਲੋਕ ਸਾਡੇ ਬਾਰੇ ਕੀ ਸੋਚਣਗੇ। ਸਿਰਫ਼ ਲੋਕਾਂ ਬਾਰੇ ਸੋਚ ਕੇ ਹੀ ਅਸੀਂ ਉਹ ਕੰਮ ਵੀ ਅੱਧ-ਵਿਚਾਲੇ ਛੱਡ ਦਿੰਦੇ ਹਾਂ ਜਿਸ ਨੂੰ ਕਰਨ ਦੀ ਯੋਗਤਾ ਅਤੇ ਵਚਨਬੱਧਤਾ ਸਾਡੇ ਅੰਦਰ ਸੀ। ਬਾਅਦ ਵਿੱਚ ਅਸਫਲ ਹੋ ਜਾਂਦੇ ਹਾਂ ਅਤੇ ਫਿਰ ਲੋਕਾਂ ਨੂੰ ਹੀ ਕੋਸਦੇ ਹਾਂ। ਆਪ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਲੱਗ ਜਾਂਦੇ ਹਾਂ।
ਕਿਸੇ ਖ਼ਾਸ ਮਕਸਦ ਦੀ ਪ੍ਰਾਪਤੀ ਲਈ ਹੀ ਨਹੀਂ, ਬਲਕਿ ਆਪਣੀ ਜ਼ਿੰਦਗੀ ਵਿੱਚ ਕੀਤੇ ਜਾਣ ਵਾਲੇ ਹਰ ਕਾਰਜ ਪ੍ਰਤੀ ਸਾਨੂੰ ਜ਼ਿੰਮੇਵਾਰ ਬਣਨਾ ਚਾਹੀਦਾ ਹੈ। ਇਸੇ ਤਰ੍ਹਾਂ ਆਪਣੇ ਆਦਰਸ਼ ਦੀ ਪ੍ਰਾਪਤੀ ਲਈ ਅੱਗੇ ਵਧਣਾ ਚਾਹੀਦਾ ਹੈ। ਤੁਹਾਡੇ ਲਈ ਕੀ ਸਹੀ ਹੈ ਅਤੇ ਕੀ ਗ਼ਲਤ ਹੈ ਇਸ ਦਾ ਫ਼ੈਸਲਾ ਅਸੀਂ ਆਤਮ-ਵਿਸ਼ਵਾਸ ਨਾਲ ਖ਼ੁਦ ਕਰ ਸਕਦੇ ਹਾਂ। ਯਾਦ ਰਹੇ ਛੋਟੀਆਂ-ਛੋਟੀਆਂ ਗੱਲਾਂ ਲਈ ਵੀ ਦੂਜਿਆਂ ਦੀਆਂ ਸਲਾਹਾਂ ਲੈਣ ਵਾਲਾ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਵੱਡੀਆਂ ਪ੍ਰਾਪਤੀਆਂ ਕਦੇ ਨਹੀਂ ਕਰ ਸਕੇਗਾ।
ਬਹੁਤ ਸਾਰੇ ਲੋਕ ਜ਼ਿੰਦਗੀ ਵਿੱਚ ਅਜਿਹੇ ਮਿਲਣਗੇ ਜੋ ਇਹ ਮੰਨਦੇ ਹਨ ਕਿ ਉਹ ਤੁਹਾਡੇ ਨਾਲੋਂ ਜ਼ਿਆਦਾ ਜਾਣਦੇ ਹਨ। ਇਸ ਮੌਕੇ ਜੇ ਤੁਸੀਂ ਰੁਕ ਕੇ ਉਸ ਨਾਲ ਵਾਦ-ਵਿਵਾਦ ਕਰਨ ਲਈ ਰੁਕਦੇ ਹੋ, ਸਮਾਂ ਬਰਬਾਦ ਕਰਦੇ ਹੋ ਤਾਂ ਤੁਸੀਂ ਆਪਣੇ ਆਪ ਨਾਲ ਨਾ-ਇਨਸਾਫ਼ੀ ਕਰ ਰਹੇ ਹੁੰਦੇ ਹੋ। ਆਪਣੀ ਊਰਜਾ ਨੂੰ ਖ਼ਰਾਬ ਕਰ ਰਹੇ ਹੁੰਦੇ ਹੋ। ਤੁਹਾਡਾ ਆਪਣਾ ਮਨੋਬਲ ਉੱਚਾ ਰਹਿਣਾ ਚਾਹੀਦਾ ਹੈ। ਕਿਸੇ ਸਬੰਧ ਵਿੱਚ ਅੱਜ ਜੋ ਵੀ ਤੁਹਾਡੇ ਵਿਚਾਰ ਹਨ ਤਾਂ ਆਪਣੇ ਪੱਖ ਨੂੰ ਪੂਰੀ ਮਜ਼ਬੂਤੀ ਅਤੇ ਦ੍ਰਿੜਤਾ ਨਾਲ ਲੋਕਾਂ ਦੇ ਅੱਗੇ ਰੱਖੋ ਅਤੇ ਜੋ ਵਿਚਾਰ ਤੁਹਾਡੇ ਅਗਲੇ ਦਿਨ ਹੋਣਗੇ ਉਨ੍ਹਾਂ ਨੂੰ ਵੀ ਉਸੇ ਉਤਸ਼ਾਹ ਅਤੇ ਦ੍ਰਿੜਤਾ ਨਾਲ ਜਨਤਾ ਅੱਗੇ ਰੱਖੋ, ਭਾਵੇਂ ਕਿ ਉਹ ਵਿਚਾਰ ਤੁਹਾਡੇ ਪਿਛਲੇ ਵਿਚਾਰਾਂ ਦਾ ਖੰਡਨ ਕਰਦੇ ਹੋਣ। ਕਿਉਂਕਿ ਵਿਅਕਤੀ ਹਰ ਰੋਜ਼ ਸਿੱਖਦਾ ਹੈ, ਦੇਖਦਾ ਹੈ ਅਤੇ ਮਹਿਸੂਸ ਕਰਦਾ ਹੈ। ਪਰ ਤੁਹਾਡੇ ਵਿਚਾਰਾਂ ਵਿੱਚ ਮਜ਼ਬੂਤੀ ਉਦੋਂ ਹੀ ਆਵੇਗੀ ਜਾਂ ਲੋਕ ਤੁਹਾਡੀ ਗੱਲ ਉਦੋਂ ਹੀ ਸੁਣਨਗੇ ਜਦੋਂ ਤੁਹਾਡੇ ਅੰਦਰ ਆਪਣੀ ਗੱਲ ਕਹਿਣ ਲਈ ਆਤਮ ਵਿਸ਼ਵਾਸ, ਤਰਕ ਅਤੇ ਦਲੀਲ ਹੋਵੇਗੀ। ਐਮਰਸਨ ਦਾ ਕਥਨ ਹੈ ਕਿ, ‘‘ਦ੍ਰਿੜ ਨਿਸ਼ਚੇ ਵਾਲਾ ਆਦਮੀ ਹੀ ਚੰਗਾ ਆਦਮੀ ਹੁੰਦਾ ਹੈ।’’
ਮੈਨੂੰ ਕਈ ਵਾਰ ਲੱਗਦਾ ਹੈ ਕਿ ਸਾਡੇ ਆਪਣੇ ਅੰਦਰ ਹੀ ਆਤਮ-ਵਿਸ਼ਵਾਸ ਜਾਂ ਸਵੈ-ਵਿਸ਼ਵਾਸ, ਦ੍ਰਿੜਤਾ, ਲਗਨ, ਮਿਹਨਤ ਦੀ ਘਾਟ ਹੁੰਦੀ ਹੈ, ਪਰ ਅਸੀਂ ਸਾਰਾ ਦੋਸ਼ ਸਮਾਜ ਜਾਂ ਜਨਤਾ ਨੂੰ ਦੇ ਕੇ ਆਪ ਮਿਹਨਤ ਕਰਨ ਤੋਂ ਭੱਜ ਜਾਂਦੇ ਹਾਂ। ਇਸ ਲਈ ਜ਼ਰੂਰੀ ਹੈ ਕਿ ਆਪਣੇ ਅੰਦਰ ਵਿਸ਼ਵਾਸ ਪੈਦਾ ਕਰੀਏ ਅਤੇ ਅੱਗੇ ਵਧੀਏ। ਆਪਣੀ, ਆਪਣੇ ਪਰਿਵਾਰ ਦੀ ਅਤੇ ਸਮਾਜ ਦੀ ਭਲਾਈ ਲਈ ਕੁੱਝ ਨਵਾਂ ਅਤੇ ਵੱਖਰਾ ਕਰਨ ਦੀ ਕੋਸ਼ਿਸ਼ ਕਰਨ ਦਾ ਯਤਨ ਕਰੀਏ। ਭਾਵੇਂ ਅਸੀਂ ਸਾਰੇ ਹੀ ਸਫਲ ਹੋਣ ਲਈ ਯਤਨ ਕਰਦੇ ਹਾਂ ਅਤੇ ਆਪੋ ਆਪਣੇ ਮਕਸਦ ਦੀ ਪ੍ਰਾਪਤੀ ਲਈ ਮਸ਼ਰੂਫ ਰਹਿੰਦੇ ਹਾਂ। ਇਸ ਬਾਰੇ ਪ੍ਰਸਿੱਧ ਵਿਦਵਾਨ ਥੋਰੋ ਦੇ ਵਿਚਾਰ ਜਾਣ ਲੈਣੇ ਚਾਹੀਦੇ ਹਨ। ਉਸ ਅਨੁਸਾਰ ‘ਤੁਹਾਡਾ ਰੁੱਝਿਆ ਹੋਣਾ ਹੀ ਕਾਫ਼ੀ ਨਹੀਂ ਹੈ। ਸਵਾਲ ਇਹ ਹੈ ਕਿ ਤੁਸੀਂ ਕਿਸ ਕੰਮ ਵਿੱਚ ਰੁੱਝੇ ਹੋ।’’ ਇਸ ਲਈ ਜ਼ਰੂਰੀ ਹੈ ਕਿ ਸਾਡੀ ਸ਼ਕਤੀ ਉਸ ਮਕਸਦ ਨੂੰ ਸਮਰਪਤ ਹੋਣੀ ਚਾਹੀਦੀ ਹੈ ਜਿਸ ਦੀ ਪ੍ਰਾਪਤੀ ਲਈ ਅਸੀਂ ਕੋਈ ਕਾਰਜ ਸ਼ੁਰੂ ਕੀਤਾ ਸੀ। ਆਪਣੇ ਅਤੇ ਆਪਣੇ ਕੰਮ ਉੱਤੇ ਪੂਰਾ ਭਰੋਸਾ ਰੱਖਣਾ ਚਾਹੀਦਾ ਹੈ। ਆਪਣੇ ਮਨ ਨੂੰ ਕਾਬੂ ਵਿੱਚ ਰੱਖ ਕੇ ਅਸੀਂ ਦੁਨੀਆ ਨੂੰ ਵੀ ਜਿੱਤ ਸਕਦੇ ਹਾਂ। ਗੁਰਬਾਣੀ ਅੰਦਰ ਵੀ ਦਰਜ ਹੈ ਕਿ ‘ਮਨਿ ਜੀਤੈ ਜਗੁ ਜੀਤੁ॥’ ਇਸ ਤਰ੍ਹਾਂ ਗੁਰਬਾਣੀ ਅੰਦਰ ਵੀ ਮਨ ਦੀ ਮਜ਼ਬੂਤੀ ਨੂੰ ਪਹਿਲ ਦਿੱਤੀ ਗਈ ਹੈ। ਜਿਵੇਂ ਕਿ ਆਮ ਤੌਰ ’ਤੇ ਕਿਹਾ ਜਾਂਦਾ ਹੈ ਕਿ ਮੈਦਾਨ ਵਿੱਚ ਹਾਰਿਆ ਹੋਇਆ ਬੰਦਾ ਦੁਬਾਰਾ ਜਿੱਤ ਸਕਦਾ ਹੈ, ਪਰ ਮਨ ਦਾ ਹਾਰਿਆ ਹੋਇਆ ਬੰਦਾ ਕਦੇ ਵੀ ਜਿੱਤ ਨਹੀਂ ਸਕਦਾ।
ਸੋ ਆਓ! ਸਮੇਂ ਮੁਤਾਬਿਕ ਆਪਣੇ ਆਪ ਨੂੰ ਬਦਲੀਏ, ਆਪਣੇ ਆਪ ਨੂੰ ਪਛਾਣੀਏ, ਆਪਣੀ ਚੰਗੀਆਂ ਮਾੜੀਆਂ ਆਦਤਾਂ ਦੀ ਇੱਕ ਲਿਸਟ ਬਣਾਈਏ। ਮਾੜੀਆਂ ਛੱਡਦੇ ਜਾਈਏ ਅਤੇ ਚੰਗੀਆਂ ਨੂੰ ਹੋਰ ਵਧੇਰੇ ਚੰਗਾ ਕਰੀਏ। ਆਪਣੇ ਮੂਲ ਆਪਣੇ ਅੰਦਰ ਦੇ ਗੁਣਾਂ ਨੂੰ ਪ੍ਰਗਟ ਕਰੀਏ। ਖਾਣ-ਪੀਣ, ਉੱਠਣ-ਬੈਠਣ, ਤੁਰਨ-ਫਿਰਨ, ਪਹਿਨਣ ਦੇ ਢੰਗ ਤਰੀਕੇ ਬਦਲੀਏ। ਮੱਤ ਉੱਚੀ ਅਤੇ ਮਨ ਨੀਵਾਂ ਕਰਕੇ ਅਗਾਂਹ ਨੂੰ ਵਧਣਾ ਸ਼ੁਰੂ ਕਰੀਏ ਤਾਂ ਜ਼ਿੰਦਗੀ ਵਿੱਚ ਕਾਮਯਾਬੀ ਜ਼ਰੂਰ ਮਿਲੇਗੀ। ਕਿਸੇ ਵੀ ਔਖੇ ਜਾਂ ਨਾਜ਼ੁਕ ਸਮੇਂ ਵਿੱਚ ਆਪਣੇ ਆਤਮ ਵਿਸ਼ਵਾਸ ਨੂੰ ਘੱਟ ਨਾ ਹੋਣ ਦੇਈਏ। ਦੁੱਖ/ਤਕਲੀਫ਼ਾਂ ਦਾ ਮੁਕਾਬਲਾ ਦ੍ਰਿੜ੍ਹਤਾ ਨਾਲ ਕਰੀਏ।