ਬਿਜਲੀ ਮੰਤਰੀ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
ਮਹਾਂਵੀਰ ਮਿੱਤਲ
ਜੀਂਦ, 9 ਜੁਲਾਈ
ਇੱਥੇ ਬਿਜਲੀ ਮੰਤਰੀ ਰਣਜੀਤ ਸਿੰਘ ਚੌਟਾਲਾ ਨੇ ਸ਼ਹਿਰ ਵਿੱਚ ਸੀਵਰੇਜ ਅਤੇ ਪਾਣੀ ਦੀਆਂ ਸਮੱਸਿਆਵਾਂ ਨੂੰ ਲੈ ਕੇ ਸਖ਼ਤ ਨਾਰਾਜ਼ਗੀ ਪ੍ਰਗਟਾਉਂਦਿਆਂ ਅਧਿਕਾਰੀਆਂ ਨੂੰ ਹਰ ਹਾਲਤ ਵਿੱਚ ਇਨ੍ਹਾਂ ਦਾ ਹੱਲ ਕਰਵਾਉਣ ਲਈ ਆਦੇਸ਼ ਦਿੱਤੇ। ਇਸ ਦੌਰਾਨ ਅਧਿਕਾਰੀਆਂ ਨੇ ਇਹ ਸਮੱਸਿਆਵਾਂ ਹੱਲ ਕਰਵਾਉਣ ਲਈ ਇੱਕ ਮਹੀਨੇ ਦਾ ਸਮਾਂ ਮੰਗਿਆ ਪਰ ਚੌਟਾਲਾ ਨੇ ਉਨ੍ਹਾਂ ਨੂੰ 15 ਦਿਨਾਂ ਦਾ ਸਮਾਂ ਦਿੰਦਿਆਂ ਕਿਹਾ ਇਨ੍ਹਾਂ ਸਮੱਸਿਆਵਾਂ ਬਾਰੇ ਦੁਬਾਰਾ ਸ਼ਿਕਾਇਤ ਨਹੀਂ ਆਉਣੀ ਚਾਹੀਦੀ। ਇਸ ਦੌਰਾਨ ਲੋਕਾਂ ਦੀਆਂ 14 ’ਚੋਂ 10 ਸ਼ਿਕਾਇਤਾਂ ਦਾ ਮੌਕੇ ’ਤੇ ਹੀ ਨਿਬੇੜਾ ਕਰ ਦਿੱਤਾ ਗਿਆ। ਚਾਰ ਸ਼ਿਕਾਇਤਾਂ ਵਿੱਚ ਸਬੰਧਤ ਅਧਿਕਾਰੀਆਂ ਦੀ ਕਲਾਸ ਲਾਈ ਗਈ ਅਤੇ ਨਾਲ ਹੀ ਸੀਟੀਐੱਮ, ਐੱਸਡੀਐੱਮ ਅਤੇ ਏਡੀਸੀ ਨੂੰ ਇਨ੍ਹਾਂ ਦੀ ਜਾਂਚ ਸੌਂਪ ਦਿੱਤੀ। ਇੱਕ ਸ਼ਿਕਾਇਤ ਵਿੱਚ ਰਾਜਗੜ੍ਹ ਨਿਵਾਸੀ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਸ ਦੇ ਬੱਚੇ ਦਾ ਦਾਖਲਾ 134ਏ ਐਕਟ ਤਹਿਤ ਇੱਕ ਪ੍ਰਾਈਵੇਟ ਸਕੂਲ ਵਿੱਚ ਹੋ ਗਿਆ ਸੀ ਪਰ ਉਸ ਸਕੂਲ ਦੇ ਸੰਚਾਲਕ ਨੇ ਫੀਸ ਲੈ ਕੇ ਬੱਚੇ ਨੂੰ ਤੰਗ-ਪ੍ਰੇਸ਼ਾਨ ਕੀਤਾ, ਜਿਸ ਕਾਰਨ ਉਸ ਨੇ ਅਪਣੇ ਬੱਚੇ ਦਾ ਸਕੂਲ ਤੋਂ ਨਾਮ ਹੀ ਕਟਵਾ ਲਿਆ। ਚੌਟਾਲਾ ਨੇ ਸੀਟੀਐੱਮ ਨੂੰ ਇਸ ਦੀ ਜਾਂਚ ਰਿਪੋਰਟ ਤਿਆਰ ਕਰਨ ਅਤੇ ਨਿਯਮਾਂ ਅਨੁਸਾਰ ਸਕੂਲ ਚਾਲਕ ਖ਼ਿਲਾਫ਼ ਕਾਰਵਾਈ ਕਰਨ ਦੇ ਹੁਕਮ ਦਿੱਤੇ। ਇਸ ਮੀਟਿੰਗ ਵਿੱਚ ਸਭ ਤੋਂ ਵੱਧ 4 ਸ਼ਿਕਾਇਤਾਂ ਬਿਜਲੀ ਵਿਭਾਗ ਨਾਲ ਸਬੰਧਤ ਸਨ। ਇਸ ਤੋਂ ਇਲਾਵਾ ਪੁਲੀਸ ਤੇ ਜਨ ਸਿਹਤ ਵਿਭਾਗ ਦੀਆਂ 3-3 ਸ਼ਿਕਾਇਤਾਂ ਅਤੇ ਦੋ ਸ਼ਿਕਾਇਤਾਂ ਸੀਵਰੇਜ ਓਵਰ ਫਲੋਅ ਨਾਲ ਸਬੰਧਤ ਸਨ। ਇਸ ਮੌਕੇ ਬਰਵਾਲਾ ਦੇ ਜਜਪਾ ਵਿਧਾਇਕ ਜੋਗੀ ਰਾਮ ਸਿਹਾਗ, ਸਫੀਦੋਂ ਦੇ ਵਿਧਾਇਕ ਸੁਭਾਸ਼ ਗਾਂਗੁਲੀ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜੂ ਮੋਰ ਤੇ ਹੋਰ ਹਾਜ਼ਰ ਸਨ।
ਲੋਕ ਅਦਾਲਤ ਵਿੱਚ 37 ਕੇਸਾਂ ਦਾ ਆਪਸੀ ਸਹਿਮਤੀ ਨਾਲ ਨਿਬੇੜਾ
ਫਰੀਦਾਬਾਦ (ਪੱਤਰ ਪ੍ਰੇਰਕ): ਜ਼ਿਲ੍ਹਾ ਅਦਾਲਤ ਸੈਕਟਰ-12 ਵਿੱਚ ਜ਼ਮੀਨ ਗ੍ਰਹਿਣ ਨਾਲ ਸਬੰਧਤ ਲੋਕ ਅਦਾਲਤ ਲਾਈ ਗਈ। ਇਸ ਲੋਕ ਅਦਾਲਤ ਵਿੱਚ ਵਧੀਕ ਸੈਸ਼ਨ ਜੱਜ ਸੰਜੈ ਸ਼ਰਮਾ ਦੀ ਬੈਂਚ ਨੇ ਵੱਖ ਵੱਖ ਕੇਸਾਂ ਦੀ ਸੁਣਵਾਈ ਕੀਤੀ। ਇਸ ਦੌਰਾਨ 50 ਕੇਸ ਰੱਖੇ ਗਏ, ਜਿਨ੍ਹਾਂ ’ਚੋਂ 37 ਕੇਸਾਂ ਦਾ ਆਪਸੀ ਸਹਿਮਤੀ ਨਾਲ ਨਿਬੇੜਾਾ ਕੀਤਾ ਗਿਆ। ਸੁਕੀਰਤੀ ਗੋਇਲ ਨੇ ਦੱਸਿਆ ਕਿ ਲੋਕ ਅਦਾਲਤ ਵਿੱਚ ਕੇਸ ਦਾ ਫੈਸਲਾ ਹੋਣ ਤੋਂ ਬਾਅਦ ਸੁਪਰੀਮ ਕੋਰਟ ਤੱਕ ਕੋਈ ਅਪੀਲ ਨਹੀਂ ਹੁੰਦੀ। ਇਸ ਦੇ ਨਾਲ ਹੀ ਅਦਾਲਤੀ ਫੀਸ ਵਾਪਸ ਕਰ ਦਿੱਤੀ ਜਾਂਦੀ ਹੈ ਤੇ ਕੇਸ ਦਾ ਸਦਾ ਲਈ ਫੈਸਲਾ ਹੋ ਜਾਂਦਾ ਹੈ। ਇਸ ਨਾਲ ਪੈਸੇ ਅਤੇ ਸਮੇਂ ਦੀ ਬੱਚਤ ਹੁੰਦੀ ਹੈ ਅਤੇ ਪਿਆਰ ਦੀ ਭਾਵਨਾ ਬਣੀ ਰਹਿੰਦੀ ਹੈ।