ਸਪੀਕਰ ਸੰਧਵਾਂ ਵੱਲੋਂ ਪੁਸਤਕ ਮੇਲੇ ਦਾ ਪੋਸਟਰ ਜਾਰੀ
ਖੇਤਰੀ ਪ੍ਰਤੀਨਿਧ
ਲੁਧਿਆਣਾ, 22 ਅਕਤੂਬਰ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਿੱਚ ਸਦਭਾਵਨਾ ਫੇਰੀ ਪਾਈ। ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਐੱਸ ਐੱਸ ਜੌਹਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ. ਐੱਸ ਪੀ ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ। ਡਾ. ਦੇਵਿੰਦਰ ਸੈਫ਼ੀ ਅਤੇ ਗੁਰਪ੍ਰੀਤ ਸਿੰਘ ਤੂਰ ਨੇ ਵੀ ਵਿਚਾਰ ਸਾਂਝੇ ਕੀਤੇ। ਸਪੀਕਰ ਸ੍ਰੀ ਸੰਧਵਾਂ ਨੇ ਕਿਹਾ ਕਿ ਸਾਨੂੰ ਪੰਜਾਬੀ ਬਾਰੇ ਹੀਣ ਭਾਵਨਾ ਮਨ ਵਿੱਚੋਂ ਕੱਢ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਿੱਜੀ ਯੂਨੀਵਰਸਿਟੀਆਂ ਬਾਰੇ ਉਨ੍ਹਾਂ ਅਹਿਮ ਤੇ ਗੰਭੀਰ ਮਸਲਾ ਚੁੱਕਿਆ ਹੈ। ਜਲਦੀ ਹੀ ਪੱਤਰ ਜਾਰੀ ਕਰ ਕੇ ਉਸ ਦਾ ਉਤਾਰਾ ਉਨ੍ਹਾਂ ਨੂੰ ਭੇਜ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਆਪਣੇ ਅਖ਼ਤਿਆਰੀ ਫੰਡ ਵਿੱਚੋਂ ਅਕਾਡਮੀ ਨੂੰ ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਮੰਚ ਸੰਚਾਲਨ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕੀਤਾ। ਇਸ ਮੌਕੇ ਅਕਾਡਮੀ ਵੱਲੋਂ ਕਰਵਾਏ ਜਾ ਰਹੇ ਪੁਸਤਕ ਮੇਲੇ ਅਤੇ ਸਾਹਿਤ ਉਤਸਵ (14 ਤੋਂ 17 ਨਵੰਬਰ) ਦਾ ਪੋਸਟਰ ਜਾਰੀ ਕਰਦਿਆਂ ਸ੍ਰੀ ਸੰਧਵਾਂ ਨੇ ਕਿਹਾ ਕਿ ਪਾਠਕਾਂ ਤੱਕ ਪੁਸਤਕਾਂ ਪਹੁੰਚਾਉਣ ਦਾ ਅਕਾਡਮੀ ਦਾ ਇਹ ਸ਼ਲਾਘਾਯੋਗ ਉਪਰਾਲਾ ਹੈ। ਇਸ ਮੌਕੇ ਡਾ. ਗੁਰਚਰਨ ਕੌਰ ਕੋਚਰ, ਡਾ. ਹਰੀ ਸਿੰਘ ਜਾਚਕ, ਸੁਰਿੰਦਰਦੀਪ ਅਤੇ ਮਨਦੀਪ ਕੌਰ ਭੰਮਰਾ ਨੇ ਆਪਣੀਆਂ ਪੁਸਤਕਾਂ ਸ੍ਰੀ ਸੰਧਵਾਂ ਨੂੰ ਭੇਟ ਕੀਤੀਆਂ।