ਡਾਕ ਵਿਭਾਗ ਨੇ ਕੌਮੀ ਹਫਤਾ ਮਨਾਇਆ
ਚੰਡੀਗੜ੍ਹ: ਚੰਡੀਗੜ੍ਹ ਡਾਕ ਵਿਭਾਗ ਵੱਲੋਂ ਅੱਜ ਕੌਮੀ ਡਾਕ ਹਫ਼ਤੇ ਦਾ ਸਮਾਪਤੀ ਸਮਾਗਮ ਕਰਵਾਇਆ ਗਿਆ। ਚੰਡੀਗੜ੍ਹ ਡਵੀਜ਼ਨ ਦੇ ਸੀਨੀਅਰ ਸੁਪਰੀਟੈਂਡੈਂਟ ਆਫ ਪੋਸਟ ਆਫਿਸ ਹਰਜਿੰਦਰ ਸਿੰਘ ਭੱਟੀ ਨੇ ਦੱਸਿਆ ਕਿ 9 ਤੋਂ 13 ਅਕਤੂਬਰ ਤੱਕ ਕੌਮੀ ਡਾਕ ਹਫ਼ਤੇ ਦੌਰਾਨ ਡਾਕ ਸੇਵਾਵਾਂ ਦੇ ਵਿਆਪਕ ਪ੍ਰਚਾਰ ਅਤੇ ਮਾਲੀਏ ਵਿੱਚ ਵਾਧੇ ਲਈ ਵਿਸ਼ੇਸ਼ ਪ੍ਰੋਗ੍ਰਾਮ ਕਰਵਾਏ ਗਏ। 9 ਅਕਤੂਬਰ ਨੂੰ ‘ਵਿਸ਼ਵ ਡਾਕ ਦਿਵਸ’ ਦੀ ਵਰ੍ਹੇਗੰਢ ਮਨਾਉਣ ਲਈ, ਸਕੂਲੀ ਬੱਚਿਆਂ ਨੇ ਡਾਕ ਸੇਵਾਵਾਂ ਦੇ ਕੰਮਕਾਜ ਨੂੰ ਸਮਝਣ ਲਈ ਡਾਕਘਰਾਂ ਦਾ ਦੌਰਾ ਕੀਤਾ। 10 ਅਕਤੂਬਰ ਨੂੰ ‘ਵਿੱਤੀ ਸ਼ਕਤੀਕਰਨ ਦਿਵਸ’ ਵਜੋਂ ਮਨਾਇਆ ਗਿਆ, ਜਿਸ ਵਿੱਚ ਚੰਡੀਗੜ੍ਹ ਡਾਕ ਮੰਡਲ ਦੇ ਕਈ ਥਾਵਾਂ ’ਤੇ ਡਾਕ ਚੌਪਾਲ ਕਰਵਾਈ ਗਈ। 11 ਅਕਤੂਬਰ ਨੂੰ ‘ਫਿਲੈਟਲੀ ਦਿਵਸ’ ਵਜੋਂ ਮਨਾਇਆ ਗਿਆ। 12 ਅਕਤੂਬਰ ਨੂੰ ‘ਮੇਲ ਤੇ ਪਾਰਸਲ ਦਿਵਸ’ ਵਜੋਂ ਮਨਾਇਆ ਗਿਆ। ਅੱਜ 13 ਅਕਤੂਬਰ ਨੂੰ ‘ਅੰਤਯੋਦਿਆ ਦਿਵਸ’ ਵਜੋਂ ਮਨਾਇਆ ਗਿਆ, ਜਿਸ ਤਿਹਤ ਚੰਡੀਗੜ੍ਹ ਡਾਕ ਮੰਡਲ ਵੱਲੋਂ ਪੇਂਡੂ ਅਤੇ ਦੂਰ-ਦੁਰਾਡੇ ਦੇ ਖੇਤਰਾਂ ਅਤੇ ਸ਼ਹਿਰੀ ਝੁੱਗੀਆਂ ਵਿੱਚ ਕਈ ਥਾਵਾਂ ’ਤੇ ਆਧਾਰ ਨਾਮਾਂਕਣ ਅਤੇ ਅੱਪਡੇਟ ਕਰਨ ਲਈ ਜਾਗਰੂਕਤਾ ਕੈਂਪ ਲਗਾਏ ਗਏ। -ਟਨਸ