For the best experience, open
https://m.punjabitribuneonline.com
on your mobile browser.
Advertisement

ਚੱਕੀ ਦਰਿਆ ’ਤੇ ਰੇਲਵੇ ਪੁਲ ਦਾ ਉਸਾਰੀ ਕਾਰਜ ਲਟਕਣ ਦੀ ਸੰਭਾਵਨਾ

07:09 AM Jun 27, 2024 IST
ਚੱਕੀ ਦਰਿਆ ’ਤੇ ਰੇਲਵੇ ਪੁਲ ਦਾ ਉਸਾਰੀ ਕਾਰਜ ਲਟਕਣ ਦੀ ਸੰਭਾਵਨਾ
ਚੱਕੀ ਦਰਿਆ ’ਤੇ ਰੇਲਵੇ ਪੁਲ ਦੇ ਉਸਾਰੇ ਹੋਏ ਪਿੱਲਰ।
Advertisement

ਐੱਨਪੀ ਧਵਨ
ਪਠਾਨਕੋਟ, 26 ਜੂਨ
ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਨੂੰ ਜੋੜਨ ਵਾਲੇ 70 ਕਰੋੜ ਰੁਪਏ ਦੀ ਲਾਗਤ ਨਾਲ ਚੱਕੀ ਦਰਿਆ ਉਪਰ ਬਣ ਰਹੇ ਨੈਰੋਗੇਜ਼ ਰੇਲਵੇ ਪੁਲ ਦਾ ਨਿਰਮਾਣ ਕਾਰਜ ਸੁਸਤ ਰਫ਼ਤਾਰ ਨਾਲ ਚੱਲਣ ਕਰਕੇ ਇਸ ਦਾ ਕੰਮ ਹੋਰ ਲਟਕਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ 20 ਅਗਸਤ 2022 ਵਿੱਚ ਚੱਕੀ ਦਰਿਆ ’ਚ ਆਏ ਹੜ੍ਹ ਵਿੱਚ ਇਹ ਪੁਲ ਰੁੜ੍ਹ ਗਿਆ ਸੀ ਅਤੇ ਪਠਾਨਕੋਟ ਤੋਂ ਜੋਗਿੰਦਰਨਗਰ ਨੈਰੋਗੇਜ਼ ਰੇਲਵੇ ਟਰੈਕ ਉਪਰ ਚੱਲਣ ਵਾਲਾ ਰੇਲ ਟਰੈਫਿਕ ਪ੍ਰਭਾਵਿਤ ਹੋ ਗਿਆ ਸੀ ਪਰ ਬਾਅਦ ਵਿੱਚ 2-3 ਮਹੀਨੇ ਬਾਅਦ ਹਿਮਾਚਲ ਦੇ ਜਸੂਰ ਤੋਂ ਲੈ ਕੇ ਪਾਲਮਪੁਰ ਤੱਕ ਰੇਲ ਗੱਡੀਆਂ ਨੂੰ ਰੇਲ ਵਿਭਾਗ ਨੇ ਚਾਲੂ ਕਰ ਦਿੱਤਾ ਸੀ। ਜਦੋਂ ਕਿ ਰੇਲਵੇ ਪੁਲ ਦੀ ਅਣਹੋਂਦ ਕਾਰਨ ਪਠਾਨਕੋਟ ਤੋਂ ਹਿਮਾਚਲ ਪ੍ਰਦੇਸ਼ ਨੂੰ ਅਜੇ ਤੱਕ ਕੋਈ ਵੀ ਰੇਲ ਗੱਡੀ ਨਹੀਂ ਜਾ ਰਹੀ। ਰੇਲਵੇ ਪੁਲ ਦੇ ਮੁਕੰਮਲ ਨਾ ਹੋਣ ਕਰਕੇ ਰੋਜ਼ਾਨਾ ਸਫਰ ਕਰਨ ਵਾਲੇ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਬੱਸ ਵਿੱਚ ਸਫਰ ਕਰਨ ਨਾਲ ਰੇਲ ਨਾਲੋਂ 5 ਗੁਣਾ ਵੱਧ ਭਾੜਾ (ਕਿਰਾਇਆ) ਲੱਗਦਾ ਹੈ।
ਇਸ ਪੱਤਰਕਾਰ ਨੇ ਅੱਜ ਪੁਲ ਵਾਲੀ ਥਾਂ ਦਾ ਦੌਰਾ ਕੀਤਾ ਤਾਂ ਉਥੇ ਨਿਰਮਾਣ ਕਾਰਜ ’ਚ ਲੱਗੇ ਮਜ਼ਦੂਰਾਂ ਨੇ ਦੱਸਿਆ ਕਿ ਪੁਲ ਦੇ ਜੋ ਪਿੱਲਰ ਬਣਾਏ ਜਾ ਰਹੇ ਹਨ, ਉਨ੍ਹਾਂ ਵਿੱਚੋਂ 3 ਨੰਬਰ ਪਿੱਲਰ ਦਾ ਕੰਮ ਰੁਕਿਆ ਪਿਆ ਹੈ ਕਿਉਂਕਿ ਪਿੱਲਰ ਦੇ ਹੇਠਾਂ ਕੋਈ ਵੱਡਾ ਪੱਥਰ ਆ ਗਿਆ ਹੈ। ਜਿਸ ਨਾਲ ਪਿੱਲਰ ਹੇਠਾਂ ਨਹੀਂ ਜਾ ਰਿਹਾ। ਇਸ ਕਰਕੇ ਹੇਠਾਂ ਵਾਲੇ ਵੱਡੇ ਪੱਥਰ ਨੂੰ ਪਹਿਲਾਂ ਕਿਸੇ ਤਕਨੀਕ ਨਾਲ ਤੋੜਨਾ ਪਵੇਗਾ ਤੇ ਫਿਰ ਪਿੱਲਰ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਜਦੋਂ ਕਿ ਬਾਕੀ ਪਿੱਲਰਾਂ ਦਾ ਕੰਕਰੀਟ ਦਾ ਕੰਮ ਵੀ ਪੂਰਾ ਹੋਣ ਵਾਲਾ ਹੈ ਪਰ ਉਹ ਤਾਂ 2 ਮਹੀਨੇ ਵਿੱਚ ਪੂਰਾ ਹੋ ਜਾਵੇਗਾ ਜਦ ਕਿ 3 ਨੰਬਰ ਪਿੱਲਰ ਨੂੰ ਸਮਾਂ ਲੱਗੇਗਾ। ਇਸੇ ਤਰ੍ਹਾਂ ਹੀ ਪਿੱਲਰਾਂ ਦੇ ਕੰਮ ਮੁਕੰਮਲ ਹੋਣ ਬਾਅਦ ਹੀ ਉਨ੍ਹਾਂ ਉਪਰ ਲੋਹੇ ਦੇ ਗਾਰਡਰ ਰੱਖੇ ਜਾਣਗੇ। ਉਨ੍ਹਾਂ ਅਨੁਸਾਰ ਇਹ ਨਿਰਮਾਣ ਕਾਰਜ ਸਾਲ-ਡੇਢ ਸਾਲ ਤੱਕ ਹੀ ਮੁਕੰਮਲ ਹੋ ਸਕੇਗਾ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਰੇਲਵੇ ਦੇ ਜਨਰਲ ਮੈਨੇਜਰ (ਜੀਐਮ) ਸ਼ੌਭਨ ਚੌਧਰੀ ਨੇ ਪਿਛਲੇ ਸਾਲ 29 ਅਪਰੈਲ ਨੂੰ ਰੇਲਵੇ ਪੁਲ ਦੇ ਨਿਰਮਾਣ ਕਾਰਜ ਦਾ ਜਾਇਜ਼ਾ ਲੈਣ ਸਮੇਂ ਕਿਹਾ ਸੀ ਕਿ ਇਸ ਪੁਲ ਦਾ ਨਿਰਮਾਣ ਕਾਰਜ ਨਵੰਬਰ 2023 ਤੱਕ ਪੂਰਾ ਕਰ ਲਿਆ ਜਾਵੇਗਾ, ਪਰ ਇਸ ਦਾ ਕੰਮ ਹੋਰ ਲਟਣ ਦੀ ਸੰਭਾਵਨਾ ਹੈ।

Advertisement

Advertisement
Author Image

Advertisement
Advertisement
×