ਪਿੱਚ ਦੇ ਰੁਖ਼ ਨੇ ਆਸਟਰੇਲਿਆਈ ਖਿਡਾਰੀ ਸ਼ਸ਼ੋਪੰਜ ’ਚ ਪਾਏ
ਅਹਿਮਦਾਬਾਦ, 18 ਨਵੰਬਰ
ਆਸਟਰੇਲੀਆ ਦੇ ਖਿਡਾਰੀ ਨਰਿੰਦਰ ਮੋਦੀ ਸਟੇਡੀਅਮ ਦੀ ਪਿੱਚ ਦੇ ਰੁਖ਼ ਤੋਂ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ। ਉਨ੍ਹਾਂ ਭਾਰਤ ਖ਼ਿਲਾਫ਼ ਫਾਈਨਲ ਮੈਚ ਤੋਂ ਪਹਿਲਾਂ ਅੱਜ ਇਸ ਪਿੱਚ ਦਾ ਨਿਰੀਖਣ ਕੀਤਾ ਅਤੇ ਫੋਟੋਆਂ ਵੀ ਖਿੱਚੀਆਂ। ਹਾਲਾਂਕਿ, ਮੈਚ ਤੋਂ ਪਹਿਲਾਂ ਪਿੱਚ ਦਾ ਮੁਆਇਨਾ ਕਰਨਾ ਆਮ ਹੈ, ਪਰ ਫੋਟੋਆਂ ਖਿੱਚਣਾ ਥੋੜ੍ਹੀ ਜਿਹੀ ਅਜੀਬ ਗੱਲ ਜਾਪੀ। ਉਨ੍ਹਾਂ ਸ਼ਾਇਦ ਇਹ ਤਸਵੀਰ ਡਰੈਸਿੰਗ ਰੂਮ ਵਿੱਚ ਚਰਚਾ ਅਤੇ ਰਣਨੀਤੀ ਘੜਨ ਲਈ ਹੈ। ਇਸ ਪਿੱਚ ’ਤੇ ਦੋਵਾਂ ਟੀਮਾਂ ਦਰਮਿਆਨ ਐਤਵਾਰ ਨੂੰ ਮੁਕਾਬਲਾ ਹੋਵੇਗਾ।
ਆਸਟਰੇਲਿਆਈ ਕਪਤਾਨ ਪੈਟ ਕਮਿੰਸ ਅੱਜ ਇਹ ਪਿੱਚ ਦੇਖਣ ਲਈ ਆਇਆ। ਵੱਡੇ ਮੈਚ ਤੋਂ ਪਹਿਲਾਂ ਸ਼ਾਇਦ ਆਸਟਰੇਲਿਆਈ ਖਿਡਾਰੀਆਂ ਵਿੱਚ ਪਿੱਚ ਨੂੰ ਲੈ ਕੇ ਸ਼ੰਕਾ ਬਣੀ ਹੋਈ ਹੈ। ਇਸ ਪਿੱਚ ’ਤੇ ਭਾਰਤ-ਪਾਕਿਸਤਾਨ ਦਰਮਿਆਨ ਮੈਚ ਖੇਡਿਆ ਗਿਆ ਸੀ। ਇਹ ਪੁੱਛੇ ਜਾਣ ’ਤੇ ਪਿੱਚ ਕਿਵੇਂ ਲੱਗ ਰਹੀ ਹੈ, ਕਮਿਨਸ ਨੇ ਕਿਹਾ, ‘‘ਹਾਲੇ ਪਿੱਚ ਦੇਖੀ ਹੈ। ਮੈਂ ਪਿੱਚ ਨੂੰ ਠੀਕ ਢੰਗ ਨਾਲ ਸਮਝ ਨਹੀਂ ਪਾ ਰਿਹਾ। ਉਨ੍ਹਾਂ ਨੇ ਇਸ ਵਿੱਚ ਹੁਣ ਹੀ ਪਾਣੀ ਛਿੜਕਿਆ ਹੈ। ਇਸ ਲਈ ਇਸ ਨੂੰ 24 ਘੰਟਿਆਂ ਮਗਰੋਂ ਫਿਰ ਦੇਖਾਂਗੇ, ਪਰ ਇਹ ਕਾਫ਼ੀ ਚੰਗੀ ਵਿਕਟ ਲੱਗ ਰਹੀ ਹੈ।’’ ਉਸ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਪਾਕਿਸਤਾਨ ਇੱਥੇ ਖੇਡਿਆ ਸੀ।’’ ਹਾਲਾਂਕਿ, ਕਮਿਨਸ ਨੇ ਭਾਰਤ ਦਾ ਨਾਮ ਨਹੀਂ ਲਿਆ।
ਆਸਟਰੇਲੀਆ ਨੇ ਦੁਪਹਿਰ ਦੇ ਸੈਸ਼ਨ ਵਿੱਚ ਅਭਿਆਸ ਕੀਤਾ ਪਰ ਕਮਿਨਸ ਸਾਢੇ ਨੌ ਵਜੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਸੀ। ਉਹ ਪਿੱਚ ’ਤੇ ਗਿਆ ਅਤੇ ਫੋਟੋ ਖਿੱਚਣੀ ਸ਼ੁਰੂ ਕਰ ਦਿੱਤੀ। ਇਹ ਸ਼ਾਇਦ ਇਸ ਲਈ ਕੀਤਾ ਕਿ ਸ਼ਨਿੱਚਰਵਾਰ ਦੀ ਸਵੇਰ ਤੋਂ ਸ਼ਾਮ ਤੱਕ ਪਿੱਚ ਕੀ ਰੁਖ਼ ਅਪਣਾਉਂਦੀ ਹੈ ਅਤੇ ਐਤਵਾਰ ਦੁਪਹਿਰ ਤੱਕ ਇਸ ਵਿੱਚ ਕਿੰਨਾ ਕੁ ਬਦਲਾਅ ਹੋਵੇਗਾ।
ਹਾਲਾਂਕਿ, ਆਸਟਰੇਲੀਆ ਦਾ ਅਭਿਆਸ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਟੀਵ ਸਮਿਥ, ਟ੍ਰੈਵਿਸ ਹੈੱਡ, ਮੁੱਖ ਕੋਚ ਐਂਡਰਿਊ ਮੈਕਡੋਨਲਡ ਵੀ ਪਿੱਚ ਨੂੰ ਨੇੜਿਓਂ ਦੇਖਣਾ ਚਾਹੁੰਦੇ ਸਨ। ਟ੍ਰੈਵਿਸ ਵਧੀਆ ਆਫ ਸਪਿੰਨਰ ਹੈ ਅਤੇ ਉਸ ਨੇ ਪਿੱਚ ਦੀ ਕਠੋਰਤਾ ਦੇਖਣ ਦਾ ਯਤਨ ਕੀਤਾ। ਕਾਲੀ ਮਿੱਟੀ ਦੀ ਪਿੱਚ ਨੂੰ ਧੀਮਾ ਕਰਨ ਲਈ ਕਾਫੀ ਵਾਰ ਰੋਲਰ ਚਲਾਇਆ ਗਿਆ ਹੈ। ਇਸ ਨਾਲ ਜੇਕਰ ਵਿਰੋਧੀ ਟੀਮ ਕੋਲ ਦੋ ਸਪਿੰਨਰ ਹਨ ਤਾਂ ਰੌਸ਼ਨੀ ਵਿੱਚ ਬੱਲੇਬਾਜ਼ੀ ਕਰਨਾ ਮੁਸ਼ਕਲ ਹੋਵੇਗਾ। ਜੇਕਰ ਆਸਟਰੇਲੀਆ ਦੂਸਰੀ ਪਾਰੀ ਵਿੱਚ ਬੱਲੇਬਾਜ਼ੀ ਕਰਦਾ ਹੈ ਤਾਂ ਕਮਿੰਸ ਨੇ ਸੰਕੇਤ ਦਿੱਤਾ ਕਿ ਤਰੇਲ ਦੀ ਸੰਭਾਵਨਾ ਨੂੰ ਦੇਖਦਿਆਂ ਬੱਲੇਬਾਜ਼ੀ ਕ੍ਰਮ ਵਿੱਚ ਥੋੜ੍ਹਾ ਬਦਲਾਅ ਕੀਤਾ ਜਾ ਸਕਦਾ ਹੈ। -ਪੀਟੀਆਈ
ਇਸੇ ਦਿਨ ਦਾ ਸੁਫ਼ਨਾ ਦੇਖਿਆ ਸੀ: ਰੋਹਿਤ ਸ਼ਰਮਾ
ਅਹਿਮਦਾਬਾਦ: ਭਾਰਤੀ ਕਪਤਾਨ ਰੋਹਿਤ ਸ਼ਰਮਾ ਚਾਹੁੰਦੇ ਹਨ ਕਿ ਉਸ ਦੇ ਸਾਥੀ ਖਿਡਾਰੀ ਐਤਵਾਰ ਨੂੰ ਆਸਟਰੇਲੀਆ ਖ਼ਿਲਾਫ਼ ਹੋਣ ਵਾਲੇ ਵਿਸ਼ਵ ਕੱਪ ਫਾਈਨਲ ਵਿੱਚ ਪਿਛਲੇ ਛੇ ਹਫ਼ਤਿਆਂ ਤੋਂ ਜਾਰੀ ਪ੍ਰਦਰਸ਼ਨ ਨੂੰ ਕਾਇਮ ਰੱਖਦਿਆਂ ਆਪਣੀਆਂ ਭਾਵਨਾਵਾਂ ’ਤੇ ਲਗਾਮ ਕੱਸ ਕੇ ਰੱਖਣ। ਰੋਹਿਤ ਨੇ ਕਿਹਾ ਕਿ ਭਲਕੇ ਦਾ ਦਿਨ ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਪਲ ਹੈ ਜਿਸ ਲਈ ਉਸ ਨੇ ਸੁਫ਼ਨਾ ਦੇਖਿਆ ਸੀ। ਉਸ ਨੇ ਸ਼ਾਇਦ ਆਪਣੇ ਕਰੀਅਰ ਦੇ ਇਸ ਸਭ ਤੋਂ ਵੱਡੇ ਦਿਨ ਦੀ ਪੂਰਬਲੀ ਸੰਧਿਆ ’ਤੇ ਕਿਹਾ, ‘‘ਦੇਖੋ, ਭਾਵਨਾਤਮਕ ਤੌਰ ’ਤੇ ਇਹ ਵੱਡੀ ਚੀਜ਼ ਹੈ, ਵੱਡਾ ਮੌਕਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਕਿਉਂਕਿ ਤੁਹਾਡੀ ਜੋ ਸਖ਼ਤ ਮਿਹਨਤ ਹੈ ਅਤੇ ਸੁਫ਼ਨੇ ਹਨ, ਉਹ ਇਸੇ ਲਈ ਹਨ। ਅਤੇ ਕੱਲ੍ਹ ਇਹ ਦਿਨ ਸਾਡੇ ਸਾਹਮਣੇ ਹੋਵੇਗਾ।’’ ਉਨ੍ਹਾਂ ਕਿਹਾ, ‘‘ਪਰ ਪੇਸ਼ੇਵਰ ਖਿਡਾਰੀਆਂ ਲਈ ਸਭ ਤੋਂ ਵੱਡੀ ਚੁਣੌਤੀ ਇਹੀ ਹੁੰਦੀ ਹੈ ਕਿ ਤੁਸੀਂ ਕਿਸ ਤਰ੍ਹਾਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਪਾਸੇ ਰੱਖ ਕੇ ਆਪਣੇ ਕੰਮ ਵੱਲ ਧਿਆਨ ਦਿੰਦੇ ਹੋ। ਇਸ ਲਈ ਮੇਰੇ ਨਾਲ ਕੱਲ੍ਹ ਮੈਦਾਨ ’ਤੇ ਖੇਡਣ ਵਾਲੇ ਹੋਰ ਦਸ ਖਿਡਾਰੀਆਂ ਦਾ ਧਿਆਨ ਇਸ ਬਾਰੇ ਸੋਚਣ ਦੀ ਥਾਂ ਟੀਮ ਲਈ ਆਪਣੇ ਕੰਮ ’ਤੇ ਲੱਗਿਆ ਹੋਵੇਗਾ, ਇਹ ਮੇਰੀ ਜ਼ਿੰਦਗੀ ਦਾ ਵੱਡਾ ਪਲ ਹੈ।’’ -ਪੀਟੀਆਈ
ਸੱਟਾ ਬਾਜ਼ਾਰ ਨੇ ਭਾਰਤੀ ਕ੍ਰਿਕਟ ਟੀਮ ’ਤੇ ਖੇਡਿਆ ਦਾਅ
ਅਹਿਮਦਾਬਾਦ: ਭਾਰਤ ਭਲਕੇ ਜਦੋਂ ਇੱਥੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਆਈਸੀਸੀ ਵਿਸ਼ਵ ਕੱਪ ਫਾਈਨਲ ਵਿੱਚ ਦੂਜੀ ਵਾਰ ਆਸਟਰੇਲੀਆ ਦਾ ਸਾਹਮਣਾ ਕਰੇਗਾ ਤਾਂ ਉਸ ਦਾ ਮਕਸਦ 2003 ਵਿੱਚ ਹੋਈ ਨਮੋਸ਼ੀਜਨਕ ਹਾਰ ਦਾ ਬਦਲਾ ਲੈਣ ਦਾ ਹੋਵੇਗਾ। ਭਾਰਤ 2003 ਦੇ ਫਾਈਨਲ ਵਿੱਚ ਰਿੱਕੀ ਪੌਂਟਿੰਗ ਦੀ ਅਗਵਾਈ ਵਾਲੀ ਆਸਟਰੇਲਿਆਈ ਟੀਮ ਤੋਂ 125 ਦੌੜਾਂ ਨਾਲ ਹਾਰ ਗਿਆ ਸੀ। ਇਹ ਪੂਰੀ ਤਰ੍ਹਾਂ ਇੱਕਪਾਸੜ ਮੈਚ ਰਿਹਾ ਸੀ। ਹਾਲਾਂਕਿ, ਜੇਕਰ ਸੱਟਾ ਬਾਜ਼ਾਰ ਦੀ ਮੰਨੀਏ ਤਾਂ ਇਸ ਵਾਰ ਅਜਿਹਾ ਨਹੀਂ ਹੋਵੇਗਾ। ਸੱਟੇਬਾਜ਼ਾਂ ਦਾ ਮੰਨਣਾ ਹੈ ਕਿ ਹੁਣ ਤੱਕ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਮੱਦੇਨਜ਼ਰ ਭਾਰਤ ਵਿਸ਼ਵ ਕੱਪ-2023 ਫਾਈਨਲ ਆਸਾਨੀ ਨਾਲ ਜਿੱਤ ਜਾਵੇਗਾ। ਹਾਲਾਤ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਦੇ ਹੱਕ ਵਿੱਚ ਹਨ। ਇੱਕ ਸੱਟੇਬਾਜ਼ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ, ‘‘ਭਾਰਤ ਦੇ ਹੱਕ ਵਿੱਚ 46-48 ਦਾ ਭਾਅ ਚੱਲ ਰਿਹਾ ਹੈ। ਕੱਪ ਸਾਡਾ (ਭਾਰਤ) ਹੈ।’’ ਉਨ੍ਹਾਂ ਨਾਲ ਹੀ ਕਿਹਾ, ‘‘ਮੈਂ ਸਪਸ਼ਟ ਕਰ ਦਿੰਦਾ ਹਾਂ ਕਿ ਮੈਚ ਸ਼ੁਰੂ ਹੋਣ ਦੇ ਨਾਲ ਹੀ ਭਾਅ ਉਪਰ-ਹੇਠ ਹੁੰਦੇ ਰਹਿੰਦੇ ਹਨ। ਇਸ ਬਾਰੇ ਸੌ ਫੀਸਦੀ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ। ਮੈਂ ਸੈਮੀਫਾਈਨਲ ਵਿੱਚ ਵੀ ਕਿਹਾ ਸੀ ਕਿ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਜਿੱਤੇਗੀ।’’ -ਆਈਏਐੱਨਐੱਸ