ਕੋਲਡ ਸਟੋਰ ’ਚ ਧਰਨੇ ਖਿਲਾਫ਼ ਮਾਲਕ ਵੱਲੋਂ ਹਾਈ ਕੋਰਟ ਦਾ ਰੁਖ਼
ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 23 ਜੂਨ
ਪਿੰਡ ਮੱਤੇ ਦੇ ਇੱਕ ਕਿਸਾਨ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਰਿੱਟ ਦਾਇਰ ਕਰਕੇ ਇਲਜ਼ਾਮ ਲਾਇਆ ਹੈ ਕਿ ਇੱਕ ਕਿਸਾਨ ਜਥੇਬੰਦੀ ਵੱਲੋਂ ਉਸ ਦੇ ਕੋਲਡ ਸਟੋਰ ਵਿੱਚ ਦਾਖਲ ਹੋ ਕੇ ਗੈਰ ਕਾਨੂੰਨੀ ਤਰੀਕੇ ਨਾਲ ਧਰਨਾ ਲਾਇਆ ਗਿਆ ਹੈ। ਇਸ ਰਿੱਟ ‘ਤੇ ਕਾਰਵਾਈ ਕਰਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਪੰਕਜ ਜੈਨ ਨੇ ਜ਼ਿਲ੍ਹਾ ਪੁਲੀਸ ਮੁਖੀ ਫਰੀਦਕੋਟ ਨੂੰ ਮਾਮਲੇ ਦੀ ਪ੍ਰਗਤੀ ਰਿਪੋਰਟ 27 ਜੂਨ ਤੱਕ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਹਾਈ ਕੋਰਟ ਨੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਸਮੇਤ ਕੁਝ ਕਿਸਾਨ ਆਗੂਆਂ ਨੂੰ ਵੀ ਨੋਟਿਸ ਜਾਰੀ ਕਰਕੇ ਹਾਈ ਕੋਰਟ ਵਿੱਚ ਪੇਸ਼ ਹੋਣ ਦੇ ਆਦੇਸ਼ ਦਿੱਤੇ ਹਨ। ਕੋਲਡ ਸਟੋਰ ਦੇ ਮਾਲਕ ਨਰਿੰਦਰ ਸਿੰਘ ਨੇ ਕਿਹਾ ਕਿ ਕੁਝ ਵਿਅਕਤੀਆਂ ਵੱਲੋਂ ਪਿਛਲੇ ਕਰੀਬ 10 ਦਿਨਾਂ ਤੋਂ ਉਸ ਦੇ ਕੋਲਡ ਸਟੋਰ ਉੱਪਰ ਧਰਨਾ ਦਿੱਤਾ ਜਾ ਰਿਹਾ ਹੈ ਅਤੇ ਉਸ ਖਿਲਾਫ਼ ਸ਼ੋਸ਼ਲ ਮੀਡੀਆ ‘ਤੇ ਦੁਰਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਉਸ ਦੇ ਮੁਲਾਜ਼ਮਾਂ ਨੂੰ ਕੋਲਡ ਸਟੋਰ ਵਿੱਚੋਂ ਭਜਾ ਦਿੱਤਾ ਗਿਆ ਹੈ। ਜਿਸ ਕਰਕੇ ਕੋਲਡ ਵਿੱਚ ਕਿਸਾਨਾਂ ਤੇ ਵਪਾਰੀਆਂ ਦੀ ਪਈ ਕਰੋੜਾਂ ਰੁਪਏ ਦੀ ਜਿਣਸ ਖਰਾਬ ਹੋਣੀ ਸ਼ੁਰੂ ਹੋ ਗਈ ਹੈ। ਨਰਿੰਦਰ ਸਿੰਘ ਨੇ ਕਿਹਾ ਕਿ ਧਰਨਾ ਲਾਉਣ ਤੋਂ ਪਹਿਲਾਂ ਧਰਨਾਕਾਰੀਆਂ ਨੇ ਉਸ ਨਾਲ ਗੱਲਬਾਤ ਨਹੀਂ ਕੀਤੀ। ਕੋਲਡ ਸਟੋਰ ਦੇ ਮਾਲਕ ਨੇ ਇਸ ਸਬੰਧੀ ਐੱਸਐੇੱਸਪੀ ਨੂੰ ਵੀ ਸ਼ਿਕਾਇਤ ਕੀਤੀ ਹੈ।