ਸੀਚੇਵਾਲ ਮਾਡਲ ਤਹਿਤ ਵਿਕਸਤ ਕੀਤਾ ਛੱਪੜ ਵਰਦਾਨ ਬਣਿਆ
ਖੇਤਰੀ ਪ੍ਰਤੀਨਿਧ
ਪਟਿਆਲਾ, 26 ਜੁਲਾਈ
ਦਨਿੋ-ਦਨਿ ਹੇਠਾਂ ਜਾ ਰਹੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਨੇ ਸੂਬੇ ਦੇ ਪਿੰਡਾਂ ਦੇ ਛੱਪੜਾਂ ਦੇ ਗੰਧਲੇ ਹੋ ਚੁੱਕੇ ਪਾਣੀ ਨੂੰ ਸਾਫ਼ ਕਰਨ ਲਈ ਭਾਰਤ ਸਰਕਾਰ ਦੇ ਸਹਿਯੋਗ ਨਾਲ ਇੱਕ ਸਕੀਮ ਚਲਾਈ ਹੈ। ਜਿਸ ਤਹਿਤ ਪਟਿਆਲਾ ਬਲਾਕ ਦੇ ਪਿੰਡ ਬਾਰਨ ਦੀ ਚੋਣ ਕਰਕੇ ‘ਮਹਾਤਮਾ ਗਾਂਧੀ ਮਗਨਰੇਗਾ ਤੇ ਪੀਐੱਮਕੇਐੱਸਵਾਈ ਸਕੀਮ’ ਰਾਹੀਂ ਸੀਚੇਵਾਲ ਮਾਡਲ ਤਹਿਤ ਪਿੰਡ ਦੇ ਛੱਪੜ ਦਾ ਨਵੀਨੀਕਰਨ ਕੀਤਾ ਗਿਆ ਹੈ। ਪੰਚਾਇਤੀ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਤੇਜਿੰਦਰ ਸਿੰਘ ਮੁਲਤਾਨੀ ਅਤੇ ਜੇ.ਈ ਲਵਿਸ਼ ਗੌਤਮ ਦੀ ਟੀਮ ਨੇ ਦਨਿ ਰਾਤ ਮਿਹਨਤ ਕਰਕੇ 39.86 ਲੱਖ ਰੁਪਏ ਦੀ ਲਾਗਤ ਤੇ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਨੇਪਰੇ ਚਾੜ੍ਹਿਆ। ਏਡੀਸੀ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਸ 39.86 ਲੱਖ ਰੁਪਏ ਚੋਂ ਪੀ.ਐਮ.ਕੇ.ਐਸ. ਵਾਈ ਨੇ 29.27 ਲੱਖ ਰੁਪਏ ਅਤੇ ਮਗਨਰੇਗਾ ਅਧੀਨ 10.59 ਲੱਖ ਰੁਪਏ ਹਿੱਸਾ ਪਾਇਆ ਗਿਆ ਹੈ। ਇਸੇ ਕੜੀ ਵਜੋਂ ਹੁਣ ਜ਼ਿਲ੍ਹੇ ਦੇ ਪਿੰਡ ਮਾਜਰੀ ਅਕਾਲੀਆਂ, ਫੱਗਣਮਾਜਰਾ, ਕਕਰਾਲਾ, ਖੇੜੀ ਮਾਨੀਆ, ਧਬਲਾਨ, ਜਾਹਲਾਂ, ਸਿਉਣਾ, ਸਿੱਧੂਵਾਲ, ਕਰਹਾਲੀ ਸਾਹਿਬ, ਰਾਮਨਗਰ ਬਖਸ਼ੀਵਾਲਾ ਤੇ ਰੰਧਾਵਾ ਦੀ ਵੀ ਚੋਣ ਇਸ ਪ੍ਰਾਜੈਕਟ ਲਈ ਕੀਤੀ ਗਈ ਹੈ। ਡਾ. ਯਾਦਵ ਨੇ ਹੋਰ ਦੱਸਿਆ ਕਿ ਇਸ ਪ੍ਰਾਜੈਕਟ ਦੇ ਲੱਗਣ ਤੋਂ ਪਹਿਲਾਂ ਪਿੰਡ ਬਾਰਨ ’ਚ ਗੰਦੇ ਪਾਣੀ ਦਾ ਖੇਤਾਂ ’ਚ ਦਾਖਲ ਹੋਣਾ, ਫਸਲ ਦਾ ਨੁਕਸਾਨ, ਧਰਤੀ ਹੇਠਲੇ ਪਾਣੀ ਨਾਲ ਮਿਲ ਕੇ ਇਸ ਨੂੰ ਦੂਸ਼ਿਤ ਕਰਨ ਕਰਕੇ ਪਿੰਡ ’ਚ ਬਿਮਾਰੀਆਂ ਫੈਲਣ ਦਾ ਡਰ ਸੀ। ਪਰ ਇਸ ਪ੍ਰਾਜੈਕਟ ਦੇ ਲੱਗਣ ਕਾਰਨ ਪਿੰਡ ਸਿੰਚਾਈ ਯੋਗ ਪਾਣੀ ਦੇ ਪੱਧਰ ’ਚ ਵਾਧਾ ਹੋਇਆ ਹੈ, ਹੁਣ ਛੱਪੜ ਦਾ ਪਾਣੀ ਪੂਰੀ ਤਰ੍ਹਾਂ ਸਾਫ ਹੋ ਰਿਹਾ ਹੈ। ਜਿਸ ਨਾਲ ਬਿਮਾਰੀਆਂ ਫੈਲਣ ਦਾ ਖਦਸ਼ਾ ਟਲ਼ੇਗਾ ਤੇ ਨਾਲ ਹੀ ਧਰਤੀ ਹੇਠਲਾ ਪਾਣੀ ਵੀ ਰੀਚਾਰਜ ਹੋ ਰਿਹਾ ਹੈ।