ਪ੍ਰਦੂਸ਼ਣ ਕੰਟਰੋਲ ਕਮੇਟੀ ਵੱਲੋਂ ਧੂੜ ਪ੍ਰਦੂਸ਼ਣ ਘਟਾਉਣ ਲਈ ਪੋਰਟਲ ਲਾਂਚ
ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਅਕਤੂਬਰ
ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (ਡੀਪੀਸੀਸੀ) ਨੇ ‘ਧੂੜ ਪ੍ਰਦੂਸ਼ਣ ਕੰਟਰੋਲ ਸਵੈ-ਮੁਲਾਂਕਣ’ ਪੋਰਟਲ ਲਾਂਚ ਕੀਤਾ ਹੈ, ਜਿਸ ’ਤੇ ਕੌਮੀ ਰਾਜਧਾਨੀ ਵਿੱਚ ਉਸਾਰੀ ਅਤੇ ਇਮਾਰਤਾਂ ਢਾਹੁਣ ਨਾਲ ਸਬੰਧਤ ਪ੍ਰਾਜੈਕਟਾਂ ਨੂੰ ਰਜਿਸਟਰ ਕਰਨਾ ਅਤੇ ਧੂੜ ਕੰਟਰੋਲ ‘ਆਡਿਟ’ ਨੂੰ ਅਪਲੋਡ ਕਰਨਾ ਲਾਜ਼ਮੀ ਹੋਵੇਗਾ। ਜਾਣਕਾਰੀ ਅਨੁਸਾਰ 20 ਦਸੰਬਰ 2021 ਨੂੰ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ ਵੱਲੋਂ ਜਾਰੀ ਕੀਤੇ ਨਿਰਦੇਸ਼ਾਂ ਅਨੁਸਾਰ ਹੁਣ 500 ਵਰਗ ਮੀਟਰ ਜਾਂ ਇਸ ਤੋਂ ਵੱਡੇ ਪਲਾਟਾਂ ’ਤੇ ਉਸਾਰੀ ਪ੍ਰਾਜੈਕਟਾਂ ਲਈ ਰਜਿਸਟ੍ਰੇਸ਼ਨ ਜ਼ਰੂਰੀ ਹੈ। ਪ੍ਰਦੂਸ਼ਣ ਕੰਟਰੋਲ ਅਥਾਰਟੀ ਨੇ ਇੱਕ ਨੋਟਿਸ ਵਿੱਚ ਕਿਹਾ ਕਿ ਉਸਾਰੀ ਤੇ ਭੰਨਤੋੜ ਵਾਲੇ ਪ੍ਰਾਜੈਕਟਾਂ ਨੂੰ ਇਸ ਪੋਰਟਲ ’ਤੇ ਰਜਿਸਟਰ ਕਰਨਾ ਜ਼ਰੂਰੀ ਹੋਵੇਗਾ। ਪੋਰਟਲ ਨੂੰ ਆਨਲਾਈਨ ਸਵੈ-ਮੁਲਾਂਕਣ ਅਤੇ ਰਿਮੋਟ ਨਿਗਰਾਨੀ ਦੀ ਸਹੂਲਤ ਲਈ ਤਿਆਰ ਕੀਤਾ ਗਿਆ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਧੂੜ ਘਟਾਉਣ ਵਾਲੇ ਨਿਯਮ ਸਹੀ ਢੰਗ ਨਾਲ ਲਾਗੂ ਕੀਤੇ ਜਾ ਰਹੇ ਹਨ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਰਾਸ਼ਟਰੀ ਰਾਜਧਾਨੀ ਮਿਉਂਸਿਪਲ ਖੇਤਰਾਂ ਦੇ ਅੰਦਰ 500 ਵਰਗ ਮੀਟਰ ਜਾਂ ਇਸ ਤੋਂ ਵੱਧ ਦੇ ਪਲਾਟਾਂ ’ਤੇ ਕਾਰਜਸ਼ੀਲ ਪ੍ਰਾਜੈਕਟਾਂ ਨੂੰ ਹੁਣ ਵੀਡੀਓ ਫੈਂਸਿੰਗ ਨੂੰ ਸ਼ਾਮਲ ਕਰਨਾ ਹੈ ਅਤੇ ਅਸਲ-ਸਮੇਂ ਦੀ ਹਵਾ-ਗੁਣਵੱਤਾ ਨਿਗਰਾਨੀ ਲਈ ਘੱਟ ਲਾਗਤ ਵਾਲੇ ਪੀਐਮ 2.5 ਅਤੇ ਪੀਐਮ 10 ਸੈਂਸਰ ਲਗਾਉਣੇ ਚਾਹੀਦੇ ਹਨ। ਬਿਲਡਰਾਂ, ਠੇਕੇਦਾਰਾਂ ਅਤੇ ਹੋਰ ਹਿੱਸੇਦਾਰਾਂ ਨੂੰ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਪੋਰਟਲ ’ਤੇ ਆਪਣੇ ਪ੍ਰਾਜੈਕਟਾਂ ਨੂੰ ਤੁਰੰਤ ਰਜਿਸਟਰ ਕਰਨ ਦੀ ਅਪੀਲ ਕੀਤੀ ਹੈ। ਨੋਟਿਸ ਵਿੱਚ ਲਿਖਿਆ ਗਿਆ ਕਿ ਇੱਕ ਵਾਰ ਨਿਰਮਾਣ ਸਮਾਪਤ ਹੋਣ ਤੋਂ ਬਾਅਦ ਰਜਿਸਟਰਡ ਸਾਈਟਾਂ ਬਾਰੇ ਪੋਰਟਲ ’ਤੇ ਦੱਸਣਾ ਹੈ , ਇਹ ਯਕੀਨੀ ਬਣਾਉਣ ਲਈ ਕਿ ਪ੍ਰਾਜੈਕਟ ਦੇ ਪੂਰੇ ਸਮੇਂ ਦੌਰਾਨ ਧੂੜ ਕੰਟਰੋਲ ਦੇ ਯਤਨਾਂ ਨੂੰ ਬਰਕਰਾਰ ਰੱਖਿਆ ਹੈ ਅਤੇ ਪ੍ਰਦੂਸ਼ਣ ਦੇ ਪੱਧਰ ਨੂੰ ਘਟਾਉਣ ਲਈ ਦਿੱਲੀ ਦੀ ਵਿਆਪਕ ਮੁਹਿੰਮ ਵਿੱਚ ਯੋਗਦਾਨ ਪਾਇਆ ਹੈ। ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ ਨੇ ਇਹ ਵੀ ਨਿਰਧਾਰਤ ਕੀਤਾ ਹੈ ਕਿ ਪ੍ਰਾਜੈਕਟਾਂ ਲਈ ਨਿਰਮਾਣ ਦੇ ਪੈਮਾਨੇ ਦੇ ਅਨੁਸਾਰ ਐਂਟੀ-ਸਮੋਗ ਗਨ ਤਾਇਨਾਤੀ ਕਰਨੀ ਚਾਹੀਦੀ ਹੈ।