For the best experience, open
https://m.punjabitribuneonline.com
on your mobile browser.
Advertisement

ਨਵੇਂ ਪੁਰਾਣੇ ਵੰਸ਼ਵਾਦੀਆਂ ਦੀ ਸਿਆਸਤ

08:36 AM May 06, 2024 IST
ਨਵੇਂ ਪੁਰਾਣੇ ਵੰਸ਼ਵਾਦੀਆਂ ਦੀ ਸਿਆਸਤ
Advertisement

ਰਾਜੇਸ਼ ਰਾਮਚੰਦਰਨ

ਵੰਸ਼ਵਾਦੀ ਸਿਆਸਤ ਸੁਰਖੀਆਂ ਵਿਚ ਹੈ ਅਤੇ ਚੋਣ ਰੈਲੀਆਂ ਵਿਚ ਗਾਲੀ-ਗਲੋਚ ਦੇ ਵਰਤਾਰੇ ਉਪਰ ਛਾਈ ਹੋਈ ਹੈ। ਜਿਸ ਚੀਜ਼ ਦਾ ਵਿਖਾਲਾ ਹੋ ਰਿਹਾ ਹੈ, ਉਹ ਇਹ ਹੈ ਕਿ ਪਰਿਵਾਰ ਆਪਣੀਆਂ ਪੀੜ੍ਹੀਆਂ ਦੀ ਕਮਾਈ ਸਿਆਸੀ ਪੂੰਜੀ ਹਥਿਆਉਣ ਅਤੇ ਹੋਰ ਜਿ਼ਆਦਾ ਸ਼ਕਤੀ ਇਕੱਠੀ ਕਰਨ ਲੱਗੇ ਹੋਏ ਹਨ। ਅਜਿਹੇ ਮੰਜ਼ਰ ਵਿਚ ਜਿੱਥੇ ਜਨਤਕ ਅਹੁਦਾ ਝਟਪਟ ਵਹਿਸ਼ੀ ਸ਼ਕਤੀ ਅਤੇ ਕਾਲੀ ਕਮਾਈ ਦਾ ਰੂਪ ਧਾਰ ਲੈਂਦਾ ਹੈ, ਉੱਥੇ ਸਿਆਸਤ ਇਕ ਉੱਦਮ ਹੈ; ਜਿ਼ਲਾ ਪੱਧਰ ਦੇ ਪੰਖੇਰੂਆਂ ਤੋਂ ਲੈ ਕੇ ਸੂਬਾਈ ਚੌਧਰੀਆਂ ਅਤੇ ਦੇਸ਼ ਦੇ ਵੱਡੇ ਇਲਾਕਿਆਂ ’ਤੇ ਪ੍ਰਭਾਵ ਰੱਖਣ ਵਾਲੇ ਸ਼ਾਸਕਾਂ ਤੱਕ ਸਿਆਸਤਦਾਨ ਇਸ ਦੇ ਸਭ ਤੋਂ ਵੱਡੇ ਉੱਦਮੀ ਹਨ; ਨਹੀਂ ਤਾਂ ਕਰਨ ਭੂਸ਼ਨ ਸਿੰਘ, ਪ੍ਰਜਵਲ ਰੇਵੰਨਾ ਅਤੇ ਰਾਹੁਲ ਗਾਂਧੀ ਦੀ ਰਾਏ ਬਰੇਲੀ ਤੋਂ ਨਾਮਜ਼ਦਗੀ ਟੀਵੀ ਅਖ਼ਬਾਰਾਂ ਲਈ ਇੰਨੀ ਵੱਡੀ ਖ਼ਬਰ ਕਿਵੇਂ ਬਣ ਸਕਦੀ ਹੈ। ਇਹ ਤਿੰਨੇ ਨਾ ਕੇਵਲ ਤਿੰਨ ਪੱਧਰਾਂ ’ਤੇ ਸਗੋਂ ਮੁਕਾਮੀ, ਖੇਤਰੀ ਤੇ ਕੌਮੀ ਪੱਧਰ ’ਤੇ ਭਾਰਤੀ ਸਿਆਸਤ ਵਿਚ ਵੰਸ਼ਵਾਦ ਦੀਆਂ ਨੁਮਾਇੰਦਾ ਮਿਸਾਲਾਂ ਹਨ; ਇਹ ਤਿੰਨੇ ਵੱਖੋ-ਵੱਖਰੀਆਂ ਸਿਆਸੀ ਇਕਾਈਆਂ ਨਾਲ ਸਬੰਧ ਰੱਖਦੇ ਹਨ। ਇਕ ਸ਼ੁੱਧ ਰੂਪ ਵਿਚ ਪਰਿਵਾਰ ਆਧਾਰਿਤ ਕੌਮੀ ਸਿਆਸੀ ਉੱਦਮ ਤੋਂ ਹੈ; ਦੂਜਾ ਦੱਖਣ ਦੇ ਇਕ ਹਿੱਸੇ ਤੱਕ ਸੀਮਤ ਜਾਤੀ ਆਧਾਰਿਤ ਪਰਿਵਾਰਕ ਜਥੇਬੰਦੀ ਨਾਲ ਜੁਡਿ਼ਆ ਹੈ ਅਤੇ ਤੀਜਾ ਕੇਡਰ ਆਧਾਰਿਤ ਵਿਚਾਰਧਾਰਕ ਸੰਗਠਨ ਤੋਂ ਹੈ ਜੋ ਸਭਿਆਚਾਰਕ ਰਾਸ਼ਟਰਵਾਦ ਦੇ ਹੋਕਰੇ ਲਾਉਂਦਾ ਹੈ ਅਤੇ ਭਾਰਤ ਮਾਤਾ ਦੀ ਪੂਜਾ ਦਾ ਦਮ ਭਰਦਾ ਹੈ।
ਉਂਝ, ਇਹ ਸਾਰੇ ਸੱਤਾ ਦੀ ਪਿੱਤਰਵਾਦੀ ਵਿਰਾਸਤ ਦੀ ਇਕੋ ਜਿਹੀ ਸਿਆਸਤ ਕਰਦੇ ਹਨ। ਨਾ ਕੇਵਲ ਇਹ ਤਿੰਨੇ ਸਗੋਂ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਸਮੁੱਚੇ ਦੇਸ਼ ਅੰਦਰ ਭਾਰਤੀ ਸਿਆਸਤ ਉਪਰ ਵੰਸ਼ਵਾਦੀਆਂ ਦਾ ਦਬਦਬਾ ਹੈ; ਹਾਲਾਂਕਿ ਉਮਰ ਅਬਦੁੱਲਾ ਤੀਜੀ ਪੀੜ੍ਹੀ ਦੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਹਨ, ਐੱਮਕੇ ਸਟਾਲਿਨ ਦੂਜੀ ਪੀੜ੍ਹੀ ਦੇ ਤਾਮਿਲ ਨਾਡੁੂ ਦੇ ਮੌਜੂਦਾ ਮੁੱਖ ਮੰਤਰੀ ਹਨ। ਲਗਭਗ ਸਾਰੇ ਸੂੁਬਿਆਂ ਅੰਦਰ ਵੰਸ਼ ਦੀਆਂ ਜੜ੍ਹਾਂ ਹਨ, ਭਾਵੇਂ ਸੰਗਠਨ ਨੂੰ ਸਿੰਜਣ ਵਾਲੀ ਵਿਚਾਰਧਾਰਾ ਦੀ ਕਿਸਮ ਕੋਈ ਵੀ ਹੋਵੇ; ਤਾਮਿਲ ਨਾਡੂ ਵਿਚ ਡੀਐੱਮਕੇ ਦਾ ਭਾਸ਼ਾਈ ਰਾਸ਼ਟਰਵਾਦੀ ਪੈਂਤੜਾ ਹੋਵੇ ਜਾਂ ਨੈਸ਼ਨਲ ਕਾਨਫਰੰਸ ਦਾ ਰਜਵਾੜਾਸ਼ਾਹੀ ਵਿਰੋਧੀ ਤੇ ਰਾਸ਼ਟਰਵਾਦ ਪੱਖੀ ਪੈਂਤੜਾ ਜਾਂ ਸ਼ਿਵ ਸੈਨਾ ਦਾ ਮਰਾਠਾ ਪ੍ਰਥਮ ਦਾ ਧੜਵੈਲਪੁਣਾ ਜਾਂ ਰਾਸ਼ਟਰੀ ਜਨਤਾ ਦਲ ਸਮਾਜਵਾਦੀ ਪਾਰਟੀ ਦਾ ਯਾਦਵ ਸਸ਼ਕਤੀਕਰਨ ਹੋਵੇ ਜਾਂ ਬਹੁਜਨ ਸਮਾਜ ਪਾਰਟੀ ਲਈ ਦਲਿਤ ਮੁਕਤੀ ਦਾ ਨਾਅਰਾ।
ਦੂਰ-ਦੂਰ ਤੱਕ ਫੈਲੇ ਇਸ ਵਰਤਾਰੇ ਦਾ ਬਿਹਤਰੀਨ ਖੁਲਾਸਾ ਭਾਜਪਾ ਦੇ ਐੱਮਪੀ ਬ੍ਰਿਜਭੂਸ਼ਨ ਸ਼ਰਨ ਸਿੰਘ ਦੇ ਪੁੱਤਰ ਕਰਨ ਭੂਸ਼ਨ ਦੀ ਨਾਮਜ਼ਦਗੀ ਨੇ ਕੀਤਾ ਹੈ। ਉਹ ਸਮਕਾਲੀ ਰਾਜਨੀਤੀ ਦੀ ਸਭ ਤੋਂ ਵਿਵਾਦ ਵਾਲੀ ਹਸਤੀ ਹੈ ਜਿਸ ਨੂੰ 1990ਵਿਆਂ ਵਿਚ ਜੇਜੇ ਹਸਪਤਾਲ ਵਿਚ ਗੋਲੀਬਾਰੀ ਜਿਸ ਵਿਚ ਦਾਊਦ ਇਬਰਾਹੀਮ ਗੈਂਗ ਦਾ ਨਾਂ ਵੀ ਜੁੜਦਾ ਸੀ, ਦੇ ਮਾਮਲੇ ਵਿਚ ਮੁਲਜ਼ਮ ਨਾਮਜ਼ਦ ਕੀਤਾ ਗਿਆ ਸੀ, ਬਾਅਦ ਵਿਚ ਉਹ ਬਰੀ ਹੋ ਗਏ ਸਨ। ਉਸ ਖਿਲਾਫ਼ ਮਹਿਲਾ ਪਹਿਲਵਾਨਾਂ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗਣ ਨਾਲ ਨਾ ਕੇਵਲ ਭਾਜਪਾ ਦੀ ਬਦਨਾਮੀ ਹੋਈ ਸਗੋਂ ਭਾਰਤੀ ਖੇਡ ਪ੍ਰਸ਼ਾਸਨ ਦੀ ਕਦਰ ਵੀ ਘਟੀ। ਫਿਰ ਵੀ ਉਹ ਆਪਣੇ ਪ੍ਰਭਾਵ ਵਾਲੇ ਇਲਾਕੇ ਵਿਚ ਕੈਸਰਗੰਜ ਹਲਕੇ ਤੋਂ ਆਪਣੇ ਪੁੱਤਰ ਨੂੰ ਭਾਜਪਾ ਦੀ ਟਿਕਟ ਲੈਣ ਵਿਚ ਸਫ਼ਲ ਹੋ ਗਿਆ।
ਕਿਸੇ ਕੇਡਰ ਆਧਾਰਿਤ ਪਾਰਟੀ ਲਈ ਵੀ ਕਿਸੇ ਮੁਕਾਮੀ ਬਾਹੂਬਲੀ ਦੀ ਸਿਆਸੀ ਪੂੰਜੀ ਨੂੰ ਨਕਾਰਨਾ ਵਾਰਾ ਨਹੀਂ ਖਾਂਦਾ। ਜਦੋਂ ਇਕ-ਇਕ ਸੀਟ ਮਾਇਨੇ ਰੱਖਦੀ ਹੋਵੇ ਤਾਂ ਅਜਿਹੇ ਫਸਵੇਂ ਮੁਕਾਬਲੇ ਵਿਚ ਚੋਣ ਜਿੱਤਣ ਦੀ ਕਾਬਲੀਅਤ ਸੰਗਠਨ ਦੇ ਅਸੂਲਾਂ ਉਪਰ ਭਾਰੂ ਪੈ ਜਾਂਦੀ ਹੈ। ਰਿਪੋਰਟਾਂ ਆਈਆਂ ਸਨ ਕਿ ਯੂਪੀ ਵਿਚ 54 ਸਿੱਖਿਆ ਸੰਸਥਾਵਾਂ ਦਾ ਕੰਟਰੋਲ ਬ੍ਰਿਜ ਭੂਸ਼ਨ ਦੇ ਹੱਥਾਂ ਵਿਚ ਹੈ। ਇਸ ਲਈ ਮਹਿਜ਼ ਇਕ ਹਲਕੇ ਦਾ ਸਵਾਲ ਨਹੀਂ ਸਗੋਂ ਤਿੰਨ ਚਾਰ ਹਲਕਿਆਂ ’ਤੇ ਪ੍ਰਭਾਵ ਅਤੇ ਭਾਰੂ ਬਰਾਦਰੀ ਦਾ ਮਾਮਲਾ ਹੈ। ਇਹ ਉਹ ਸ਼ਖ਼ਸ ਹਨ ਜੋ ਸਮਾਜਿਕ ਅਤੇ ਆਰਥਿਕ ਜੀਵਨ ਵਿਚ ਆਪਣੀ ਸਾਮੰਤੀ ਦਖ਼ਲਅੰਦਾਜ਼ੀ ਕਰ ਕੇ ਮੁਕਾਮੀ ਰਿਸ਼ਤਾ ਕਾਇਮ ਕਰ ਲੈਂਦੇ ਹਨ ਤੇ ਫਿਰ ਇਸ ਨੂੰ ਸਿਆਸੀ ਪੂੰਜੀ ਵਿਚ ਬਦਲ ਲੈਂਦੇ ਹਨ ਜੋ ਬਾਅਦ ਵਿਚ ਵਿਰਾਸਤ ਦਾ ਔਜ਼ਾਰ ਬਣ ਜਾਂਦੀ ਹੈ।
ਪ੍ਰਜਵਲ ਰੇਵੰਨਾ ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵ ਗੌੜਾ ਦਾ ਪੋਤਰਾ ਹੈ ਅਤੇ ਇਸ ਪਰਿਵਾਰ ਦੇ ਜੱਦੀ ਹਲਕੇ ਹਾਸਨ ਤੋਂ ਮੁੱਖ ਦਾਅਵੇਦਾਰ ਹੈ। ਜਦੋਂ ਭਾਜਪਾ ਨੇ 2024 ਦੀਆਂ ਲੋਕ ਸਭਾ ਚੋਣਾਂ ਲਈ ਜਨਤਾ ਦਲ (ਸੈਕੂਲਰ) ਨਾਲ ਗੱਠਜੋੜ ਕੀਤਾ ਸੀ ਤਾਂ ਇਸ ਨੂੰ ਇਸ ਵਿਵਾਦਗ੍ਰਸਤ ਐੱਮਪੀ ਨਾਲ ਮਿਲ ਕੇ ਚੱਲਣਾ ਪੈਣਾ ਸੀ। ਦਰਅਸਲ, ਵੱਡੇ ਗੌੜਾ ਨੇ ਆਪਣੇ ਪੋਤਰੇ ਦੀ ਖ਼ਾਤਿਰ ਹੀ ਇਹ ਸੁਰੱਖਿਅਤ ਸੀਟ ਖਾਲੀ ਕੀਤੀ ਸੀ ਅਤੇ ਆਪ 2019 ਵਿਚ ਟੁਮਕੁਰੂ ਤੋਂ ਚੋਣ ਲੜੀ ਸੀ ਜਿਸ ਵਿਚ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। ਪ੍ਰਜਵਲ ਖਿਲਾਫ਼ ਔਰਤਾਂ ਦੇ ਜਿਨਸੀ ਸ਼ੋਸ਼ਣ ਦੇ ਬਹੁਤ ਹੀ ਗੰਭੀਰ ਦੋਸ਼ ਲੱਗੇ ਪਰ ਭਾਜਪਾ ਨੇ ਇਨ੍ਹਾਂ ਦੋਸ਼ਾਂ ਪ੍ਰਤੀ ਅੱਖਾਂ ਬੰਦ ਕਰ ਕੇ ਜਨਤਾ ਦਲ (ਐੱਸ) ਨਾਲ ਹੱਥ ਮਿਲਾ ਲਏ ਸਨ ਹਾਲਾਂਕਿ ਕਰਨਾਟਕਾ ਭਾਜਪਾ ਦੇ ਆਗੂ ਦੇਵਰਾਜੇ ਗੌੜਾ ਨੇ ਦਸੰਬਰ 2023 ਨੂੰ ਪ੍ਰਦੇਸ਼ ਭਾਜਪਾ ਪ੍ਰਧਾਨ ਬੀਐੱਸ ਵਿਜੇਂਦਰ ਜੋ ਖੁ਼ਦ ਵੀ ਵੰਸ਼ਵਾਦੀ ਅਤੇ ਸਾਬਕਾ ਮੁੱਖ ਮੰਤਰੀ ਬੀਐੱਸ ਯੇਡੀਯੁਰੱਪਾ ਦਾ ਪੁੱਤਰ ਹੈ, ਨੂੰ ਲਿਖੀ ਚਿੱਠੀ ਵਿਚ ਇਨ੍ਹਾਂ ਦੋਸ਼ਾਂ ਦਾ ਜਿ਼ਕਰ ਕੀਤਾ ਸੀ।
ਕਰਨਾਟਕਾ ’ਚ ਕਾਂਗਰਸ ਸਰਕਾਰ ਵੀ ਵੋਕਾਲਿਗਾ (ਦੇਵ ਗੌੜਾ ਦੀ ਬਰਾਦਰੀ) ਦੇ ਦਾਬੇ ਵਾਲੇ ਹਲਕਿਆਂ ’ਚ 26 ਅਪਰੈਲ ਨੂੰ ਮੱਤਦਾਨ ਹੋਣ ਤੱਕ ਪ੍ਰਜਵਲ ਖਿਲਾਫ਼ ਕੇਸ ਦਰਜ ਕਰਨ ਤੋਂ ਟਾਲ਼ਾ ਵੱਟਦੀ ਰਹੀ। ਬਰਾਦਰੀ ਸਿਆਸਤ ਦੀ ਇਹ ਤਾਕਤ ਹੁੰਦੀ ਹੈ ਕਿ ਇਹ ਉਦਮੀ ਪਰਿਵਾਰਾਂ ਲਈ ਸਿਆਸੀ ਕਰੀਅਰ ਉਸਾਰਨ ਦੀ ਠੋਸ ਆਧਾਰ ਬਣ ਜਾਂਦੀ ਹੈ ਤੇ ਸਮਾਂ ਪਾ ਕੇ ਇੰਨਾ ਕੁ ਸਿਆਸੀ ਧਨ ਇਕੱਤਰ ਹੋ ਜਾਂਦਾ ਜਿਨ੍ਹਾਂ ਦਾ ਵਿਆਜ ਨਵੀਆਂ ਤੇ ਵਿਹਲੜ ਪੀੜ੍ਹੀਆਂ ਖਾਂਦੀਆਂ ਹਨ।
ਇਸ ਲੇਖ ਵਿਚ ਕਾਰੋਬਾਰੀ ਮੁਹਾਵਰੇ ਦੀ ਖੂਬ ਵਰਤੋਂ ਕਰਨ ਤੋਂ ਬਾਅਦ ਹਾਰਵਰਡ ਯੂਨੀਵਰਸਿਟੀ ਦੇ ਇਤਿਹਾਸ ਤੇ ਅਰਥ ਸ਼ਾਸਤਰ ਦੇ ਮਰਹੂਮ ਪ੍ਰੋਫੈਸਰ ਅਮੈਰਿਟਸ ਡੇਵਿਡ ਐੱਸ ਲੈਂਡੇਸ ਵਲੋਂ ਵੰਸ਼ਾਂ ਉਪਰ ਲਿਖੀ ਕਿਤਾਬ ਦਾ ਹਵਾਲਾ ਦੇਣ ਵਾਜਿਬ ਹੈ। ਰੌਥਸਚਾਈਲਡ, ਮੌਰਗਨ, ਫੋਰਡ, ਰੌਕਫੈਲਰ ਅਤੇ ਕੋਈ ਹੋਰ ਪਰਿਵਾਰਾਂ ਦੇ ਲਗਾਤਾਰ ਉਭਾਰ ਦਾ ਵਿਸ਼ਲੇਸ਼ਣ ਕਰਦੇ ਹੋਏ ਪ੍ਰੋਫੈਸਰ ਲੈਂਡੇਸ ਕਿਸੇ ਕਾਰੋਬਾਰ ਉਪਰ ਤਿੰਨ ਪੀੜ੍ਹੀਆਂ ਤੱਕ ਕਿਸੇ ਪਰਿਵਾਰ ਦੇ ਕੰਟਰੋਲ ਨੂੰ ਵੰਸ਼ ਵਜੋਂ ਪਰਿਭਾਸ਼ਤ ਕਰਦੇ ਹਨ। ਉਹ ਧਿਆਨ ਦਿਵਾਉਂਦੇ ਹਨ ਕਿ ਕਿਸੇ ਵੰਸ਼ ਦੀ ਲਗਾਤਾਰਤਾ ਲਈ ਨਾ ਕੇਵਲ ਵਿਕਾਸ, ਵੰਨ-ਸਵੰਤਨਤਾ ਅਤੇ ਤਕਨੀਕੀ ਪ੍ਰਗਤੀ ਜ਼ਰੂਰੀ ਹਨ ਸਗੋਂ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਸਫ਼ਲਤਾ ਇਸ ਦੀ ਦੁਸ਼ਮਣ ਹੁੰਦੀ ਹੈ।
ਕਾਂਗਰਸ ਦੇ ਮਾਮਲੇ ਵਿਚ ਇਹ ਬਹੁਤ ਜਾਣੀ ਪਛਾਣੀ ਗੱਲ ਲਗਦੀ ਹੈ। ਚਾਰ ਪੀੜ੍ਹੀਆਂ (ਜੇ ਮੋਤੀਲਾਲ ਨਹਿਰੂ ਨੂੰ ਨਹਿਰੂ ਗਾਂਧੀ ਵੰਸ਼ ਦਾ ਮੋਢੀ ਮੰਨਿਆ ਜਾਵੇ) ਦੀ ਜ਼ਬਰਦਸਤ ਸਫ਼ਲਤਾ ਤੋਂ ਬਾਅਦ ਪੰਜਵੀਂ ਪੀੜ੍ਹੀ ਥਿੜਕਣ ਲੱਗ ਪਈ। ਸੁਭਾਵਿਕ ਹੈ ਜਿਵੇਂ ਪ੍ਰੋ. ਲੈਂਡੇਸ ਨੇ ਵਿਸ਼ਲੇਸ਼ਣ ਕੀਤਾ ਸੀ- “ਜਿਵੇਂ ਕਿਸੇ ਫਰਮ ਦੀ ਸ਼ਕਤੀ ਤੇ ਵੱਕਾਰ ਵਧਦਾ ਫੁੱਲਦਾ ਹੈ ਤਾਂ ਇਸ ਦੇ ਵੰਸ਼ਜਾਂ ਦਾ ਮਨ ਕਾਰੋਬਾਰ ਦੀ ਬਜਾਇ ਹੋਰ ਕੰਮ ਵਿਚ ਜਿ਼ਆਦਾ ਖੁਭਣ ਲੱਗ ਪੈਂਦਾ ਹੈ...। ਆਪਣੇ ਵੱਡੇ ਵਡੇਰਿਆਂ ਵਾਂਗ ਸ਼ਰਟਾਂ ਪਹਿਨਣ ਦੀ ਬਜਾਇ ਉਹ ਰੇਸ਼ਮ ਤੇ ਮਖ਼ਮਲ ਪਹਿਨਣਾ ਸ਼ੁਰੂ ਕਰ ਦਿੰਦੇ ਹਨ... ਜਾਂ ਹੋਰ ਸੁੱਖ ਸਹੂਲਤਾਂ ਮਾਣਨ ਲੱਗ ਪੈਂਦੇ ਹਨ।” ਇਸੇ ਕਰ ਕੇ ਰਾਏ ਬਰੇਲੀ ਤੋਂ ਰਾਹੁਲ ਗਾਂਧੀ ਦੀ ਨਾਮਜ਼ਦਗੀ ਨੂੰ ਸਿਆਸੀ ਤਿਰਸਕਾਰ ਦਾ ਪਾਤਰ ਬਣ ਗਈ ਹੈ।
2019 ’ਚ ਅਮੇਠੀ ਦੀ ਹਾਰ (ਜਿੱਥੋਂ ਸੰਜੇ, ਰਾਜੀਵ ਤੇ ਸੋਨੀਆ ਵੀ ਨੁਮਾਇੰਦਗੀ ਕਰਦੇ ਰਹੇ ਸਨ) ਤੋਂ ਬਾਅਦ ਰਾਹੁਲ ਗਾਂਧੀ ਹੁਣ ਰਾਏ ਬਰੇਲੀ ਚਲੇ ਗਏ ਹਨ। ਫਿਰੋਜ਼ ਗਾਂਧੀ ਨੇ 1952 ਵਿਚ ਪਹਿਲੀ ਚੋਣ ਰਾਏ ਬਰੇਲੀ ਤੋਂ ਲੜੀ ਸੀ ਅਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਇਹ ਇੰਦਰਾ ਗਾਂਧੀ ਅਤੇ ਫਿਰ ਸੋਨੀਆ ਗਾਂਧੀ ਦਾ ਹਲਕਾ ਬਣ ਗਿਆ। ਗਾਂਧੀ ਪਰਿਵਾਰ ਜਿਵੇਂ ਆਪਣੀ ਵਿਰਾਸਤ ਨਾਲ ਚਿੰਬਡਿ਼ਆ ਹੋਇਆ ਹੈ, ਉਸ ਤੋਂ ਵੰਸ਼ਵਾਦ ਵਿਰੋਧੀ ਆਧੁਨਿਕਤਾਵਾਦੀਆਂ ਜੋ ਕੋਈ ਹੈ ਤਾਂ, ਨੂੰ ਧਰਵਾਸ ਲੈਣ ਦੀ ਲੋੜ ਨਹੀਂ ਕਿਉਂਕਿ ਗਾਂਧੀਆਂ ਦੀ ਅਸਫਲਤਾ ਸਿਆਸੀ ਸੰਕਲਪ ਵਜੋਂ ਵੰਸ਼ਵਾਦ ਦੀ ਅਸਫਲਤਾ ਨਹੀਂ ਸਗੋਂ ਕਾਰਗਰ ਪ੍ਰਬੰਧਕਾਂ ਵਜੋਂ ਵੰਸ਼ਵਾਦੀਆਂ ਦੀ ਨਾਕਾਮੀ ਹੈ।
ਪ੍ਰੋ. ਲੈਂਡੇਸ ਦਾ ਕਹਿਣਾ ਹੈ ਕਿ ਵੰਸ਼ ਦੀ ਕਾਰਗੁਜ਼ਾਰੀ ਦੋ ਕਾਰਕਾਂ ਤੋਂ ਤੈਅ ਹੁੰਦੀ ਹੈ: ਕਾਰੋਬਾਰੀ ਸਰਗਰਮੀ ਦੀ ਕਿਸਮ ਅਤੇ ਸਮਾਜ ਇਸ ਨੂੰ ਕਿਵੇਂ ਦੇਖਦਾ ਹੈ। ਕਾਂਗਰਸ ਦੀ ਸਰਗਰਮੀ ਦਾ ਸੁਭਾਅ ਬਸਤੀਵਾਦ ਵਿਰੋਧੀ ਰਾਜਨੀਤੀ ਵਾਲਾ ਰਿਹਾ ਹੈ ਜਿਵੇਂ ਜਵਾਹਰਲਾਲ ਨਹਿਰੂ ਅਤੇ ਇੰਦਰਾ ਗਾਂਧੀ ਦੀਆਂ ਨੀਤੀਆਂ ਤੋਂ ਦੇਖਿਆ ਜਾ ਸਕਦਾ ਹੈ ਅਤੇ ਸਮਾਜ ਕਾਂਗਰਸ ਨੂੰ ਦੇਸ਼ਭਗਤੀ ਦੇ ਮੁੱਖ ਵਾਹਕ ਵਜੋਂ ਦੇਖਦਾ ਰਿਹਾ ਹੈ ਪਰ ਵੰਸ਼ਜ ਆਪਣੀ ਫਰਮ ਦੀ ਯੂਐੱਸਪੀ (ਵਿਲੱਖਣਤਾ) ਗੁਆ ਬੈਠੇ ਹਨ।

Advertisement

*ਲੇਖਕ ‘ਦਿ ਟ੍ਰਿਬਿਊਨ’ ਦੇ ਐਡੀਟਰ-ਇਨ-ਚੀਫ ਹਨ।

Advertisement

Advertisement
Author Image

sukhwinder singh

View all posts

Advertisement