ਬਦਲਾਖੋਰੀ ਦੀ ਸਿਆਸਤ ਹੀ ਮੈਨੂੰ ਸੰਗਰੂਰ ਖਿੱਚ ਲਿਆਈ: ਖਹਿਰਾ
ਗੁਰਦੀਪ ਸਿੰਘ ਲਾਲੀ
ਸੰਗਰੂਰ, 18 ਅਪਰੈਲ
ਸੰਗਰੂਰ ਸੰਸਦੀ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਦੀ ਬਦਲਾਖੋਰੀ ਦੀ ਸਿਆਸਤ ਹੀ ਉਨ੍ਹਾਂ ਨੂੰ ਸੰਗਰੂਰ ਹਲਕੇ ਦੇ ਚੋਣ ਮੈਦਾਨ ’ਚ ਖਿੱਚ ਕੇ ਲਿਆਈ ਹੈ। ਪੰਜਾਬ ਸਰਕਾਰ ਨੇ ਉਨ੍ਹਾਂ ਖ਼ਿਲਾਫ਼ ਪੰਜ ਪੁਲੀਸ ਕੇਸ ਦਰਜ ਕਰਵਾਏ ਅਤੇ ਉਨ੍ਹਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਸ਼ਾਇਦ ਇਸੇ ਕਾਰਨ ਹੀ ਕਾਂਗਰਸ ਹਾਈਕਮਾਨ ਨੂੰ ਲੱਗਿਆ ਕਿ ਮੁੱਖ ਮੰਤਰੀ ਪੰਜਾਬ ਨੇ ਖਹਿਰਾ ਨਾਲ ਜ਼ਿਆਦਤੀ ਕੀਤੀ ਹੈ। ਇਸ ਕਾਰਨ ਹੀ ਉਨ੍ਹਾਂ ਨੂੰ ਸੰਗਰੂਰ ਹਲਕੇ ਦੇ ਚੋਣ ਮੈਦਾਨ ’ਚ ਉਤਾਰਿਆ ਹੈ। ਸ੍ਰੀ ਖਹਿਰਾ ਅੱਜ ਇੱਥੇ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਰਿਹਾਇਸ਼ ’ਤੇ ਪਾਰਟੀ ਵਰਕਰਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਪਣੀ ਵਿਚਾਰਧਾਰਾ ਛਿੱਕੇ ਟੰਗ ਦਿੱਤੀ ਹੈ। ਇਹੀ ਕਾਰਨ ਹੈ ਕਿ ਪਾਰਟੀ ਨੂੰ ਲੋਕ ਸਭਾ ਚੋਣਾਂ ਲਈ 13 ਉਮੀਦਵਾਰ ਨਹੀਂ ਮਿਲੇ। ਇਸੇ ਕਾਰਨ ਸੱਤਾਧਾਰੀ ਪਾਰਟੀ ਨੇ 5 ਮੰਤਰੀ, 3 ਵਿਧਾਇਕ, ਇੱਕ ਕਮੇਡੀ ਕਲਾਕਾਰ ਅਤੇ 3 ਉਮੀਦਵਾਰ ਦੂਜੀਆਂ ਪਾਰਟੀਆਂ ’ਚੋਂ ਸ਼ਾਮਲ ਕਰਕੇ ਚੋਣ ਮੈਦਾਨ ’ਚ ਉਤਾਰੇ ਹਨ। ਉਨ੍ਹਾਂ ਕਿਹਾ ਕਿ ਸੰਗਰੂਰ ਸੰਸਦੀ ਹਲਕੇ ਨਾਲ ਸਬੰਧਤ ‘ਆਪ’ ਦੇ ਕਈ ਆਗੂ ਉਨ੍ਹਾਂ ਦੇ ਸੰਪਰਕ ਵਿਚ ਹਨ ਅਤੇ ਕੁਝ ਪਾਰਟੀ ਵੀ ਜੁਆਇਨ ਕਰਨਗੇ। ਸ੍ਰੀ ਖਹਿਰਾ ਨੇ ਵਿਜੈਇੰਦਰ ਸਿੰਗਲਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ੍ਰੀ ਸਿੰਗਲਾ ਨੇ ਉਨ੍ਹਾਂ ਦਾ ਨਾਮ ਹਾਈਕਮਾਨ ਕੋਲ ਪੇਸ਼ ਕਰਦਿਆਂ ਕਿਹਾ ਸੀ ਕਿ ਜੇਕਰ ਸਰਕਾਰ ਖ਼ਿਲਾਫ਼ ਲਹਿਰ ਖੜ੍ਹੀ ਕਰਨੀ ਹੈ ਤਾਂ ਖਹਿਰਾ ਵਰਗੇ ਯੋਧੇ ਦੀ ਲੋੜ ਹੈ।
ਸ੍ਰੀ ਖਹਿਰਾ ਨੇ ਸ਼੍ਰੋਮਣੀ ਅਕਾਲੀ ਦਲ ’ਤੇ ਵਰ੍ਹਦਿਆਂ ਕਿਹਾ ਕਿ ਅਕਾਲੀ ਦਲ ਪਾਰਟੀ ਸਿਰਫ ਸੁਖਬੀਰ ਬਾਦਲ ਦੀ ਦੁਕਾਨ ਬਣ ਕੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਬਾਦਲ ਨੇ ਢੀਂਡਸਾ ਪਰਿਵਾਰ ਨੂੰ ਬੁੱਕਲ ’ਚ ਲੈ ਕੇ ਖੰਜਰ ਮਾਰਿਆ ਹੈ। ਇਸ ਮੌਕੇ ਵਿਜੈਇੰਦਰ ਸਿੰਗਲਾ, ਦਲਵੀਰ ਸਿੰਘ ਗੋਲਡੀ, ਜਸਵਿੰਦਰ ਸਿੰਘ ਧੀਮਾਨ, ਸੁਰਿੰਦਰਪਾਲ ਸਿੰਘ ਸਿਬੀਆ, ਰਾਹੁਲਇੰਦਰ ਸਿੰਘ ਭੱਠਲ, ਸੁਭਾਸ਼ ਗਰੋਵਰ, ਹਰਪਾਲ ਸੋਨੂੰ ਆਦਿ ਵੱਖ-ਵੱਖ ਹਲਕਿਆਂ ਦੇ ਪਾਰਟੀ ਆਗੂ ਸ਼ਾਮਲ ਸਨ।
ਸੋਨੇ ਨਾਲ ਲੱਦੇ ਮਾਤਾ ਜੀ ਤੇ ਭੈਣ ਜੀ ਤੋਂ ਹਿਸਾਬ ਲਵਾਂਗੇ: ਖਹਿਰਾ
ਮਸਤੂਆਣਾ ਸਾਹਿਬ (ਪੱਤਰ ਪ੍ਰੇਰਕ): ਹਲਕਾ ਲੋਕ ਸਭਾ ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਖਹਿਰਾ ਅੱਜ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਨਤਮਸਤਕ ਹੋਏ। ਮੱਥਾ ਟੇਕਣ ਉਪਰੰਤ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ ਕਟਾਰੂਚੱਕ ਵਰਗੇ ਮੰਤਰੀਆਂ ਨੇ ਜੋ ਬਦਫੈਲੀਆਂ ਕੀਤੀਆਂ ਹਨ ਉਨ੍ਹਾਂ ਦਾ ਸਾਰਾ ਹਿਸਾਬ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੇ ਬੱਚੇ ਟੈਂਕੀਆਂ ’ਤੇ ਚੜ੍ਹ ਕੇ ਧਰਨੇ ਦੇ ਰਹੇ ਹਨ ਤੇ ਕਿਸਾਨ-ਮਜ਼ਦੂਰ ਆਪਣੇ ਹੱਕਾਂ ਲਈ ਪੁਲੀਸ ਤੋਂ ਡੰਡੇ ਖਾ ਰਹੇ ਹਨ। ਦੂਜੇ ਪਾਸੇ ਮਾਨ ਸਾਹਿਬ ਹਜ਼ਾਰਾਂ ਗੰਨਮੈਨ ਲੈ ਕੇ ਪੰਜ-ਪੰਜ ਕਰੋੜ ਦੀਆਂ ਲਗਜ਼ਰੀ ਗੱਡੀਆਂ ’ਚ ਸਵਾਰ ਹੋ ਕੇ ਚੱਲ ਰਹੇ ਹਨ। ਉਨ੍ਹਾਂ ਦੀ ਮਾਤਾ ਜੀ, ਭੈਣ ਜੀ ਸੋਨੇ ਨਾਲ ਲੱਦੇ ਪਏ ਨੇ, ਇਹ ਸਾਰਾ ਹਿਸਾਬ ਕਿਤਾਬ ਸੰਗਰੂਰ ਦੀਆਂ ਸੱਥਾਂ ਵਿੱਚ ਲਿਆ ਜਾਵੇਗਾ।