For the best experience, open
https://m.punjabitribuneonline.com
on your mobile browser.
Advertisement

ਗ਼ੈਰਹਾਜ਼ਰੀ ਦੀ ਸਿਆਸਤ

08:41 AM Apr 07, 2024 IST
ਗ਼ੈਰਹਾਜ਼ਰੀ ਦੀ ਸਿਆਸਤ
Advertisement

ਅਰਵਿੰਦਰ ਜੌਹਲ

ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਨੂੰ ਤੁਸੀਂ ਪਸੰਦ ਕਰੋ ਜਾਂ ਨਾਪਸੰਦ ਕਰੋ ਪਰ ਉਸ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਅੰਨਾ ਹਜ਼ਾਰੇ ਅੰਦੋਲਨ ਤੋਂ ਲੈ ਕੇ ਹੁਣ ਤਕ ਉਹ ਹਮੇਸ਼ਾ ਸੁਰਖ਼ੀਆਂ ਦਾ ਕੇਂਦਰ ਰਿਹਾ ਹੈ; ਉਹ ਸੁਰਖ਼ੀਆਂ ਭਾਵੇਂ ਹਾਂ-ਪੱਖੀ ਹੋਣ ਜਾਂ ਨਾਂਹ-ਪੱਖੀ। ਉਸ ਅੰਦੋਲਨ ਦਾ ਹਿੱਸਾ ਭਾਵੇਂ ਬਹੁਤ ਲੋਕ ਬਣੇ ਪਰ ਸਭ ਤੋਂ ਵੱਧ ਲਾਹਾ ਕੇਜਰੀਵਾਲ ਨੇ ਲਿਆ। ਕੁਝ ਦੀ ਰਾਇ ਹੈ ਕਿ ਉਹ ਬਹੁਤ ਘਾਗ ਸਿਆਸਤਦਾਨ ਹੈ ਜੋ ਕਿਸੇ ਨਕਾਰਾਤਮਕ ਬਿਰਤਾਂਤ ਨੂੰ ਵੀ ਆਪਣੇ ਹੱਕ ’ਚ ਭੁਗਤਾਉਣਾ ਜਾਣਦਾ ਹੈ ਜਦੋਂਕਿ ਕੁਝ ਦਾ ਖ਼ਿਆਲ ਹੈ ਕਿ ਉਹ ਬਹੁਤ ਜ਼ਹੀਨ ਅਫਸਰ ਰਿਹਾ ਹੈ ਜੋ ਸਵੈ-ਇੱਛੁਕ ਸੇਵਾਮੁਕਤੀ ਲੈ ਕੇ ਸਿਆਸਤ ਦੇ ਮੈਦਾਨ ’ਚ ਦਾਖ਼ਲ ਹੋਇਆ ਹੈ। ਅਫ਼ਸਰ ਰਿਹਾ ਹੋਣ ਕਾਰਨ ਉਸ ਨੂੰ ਸਰਕਾਰੀ ਤੰਤਰ ਵਿਚਲੀਆਂ ਘੁੰਡੀਆਂ ਅਤੇ ਨਿਯਮਾਂ ਦੀ ਬਾਖ਼ੂਬੀ ਸਮਝ ਹੈ। ਸਵੈ-ਸੇਵੀ ਜਥੇਬੰਦੀਆਂ ਨਾਲ ਸਰਗਰਮ ਰਹਿਣ ਅਤੇ ਝੁੱਗੀ-ਝੌਂਪੜੀਆਂ ਵਾਲਿਆਂ ਨਾਲ ਬਿਤਾਏ ਸਮੇਂ ਕਾਰਨ ਉਹ ਆਮ ਲੋਕਾਂ ਅਤੇ ਖ਼ਾਸ ਕਰ ਕੇ ਗ਼ਰੀਬ ਲੋਕਾਂ ਦੀ ਨਬਜ਼ ਪਛਾਣਦਾ ਹੈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਤੋਂ ਭਲੀਭਾਂਤ ਜਾਣੂ ਹੈ।
ਉਹ ਸਰਕਾਰੀ ਅਦਾਰਿਆਂ ’ਚ ਭ੍ਰਿਸ਼ਟਾਚਾਰ ਖਿਲਾਫ਼ ਪਰਿਵਰਤਨ ਮੁਹਿੰਮ ਨਾਲ ਜੁੜਿਆ ਰਿਹਾ ਤੇ ਸੂਚਨਾ ਦੇ ਅਧਿਕਾਰ ਦੀ ਵਰਤੋਂ ਕਰਦਿਆਂ ਉਸ ਨੇ ਇਸ ਮੁਹਿੰਮ ’ਚ ਵਧੀਆ ਭੂਮਿਕਾ ਨਿਭਾਈ ਜਿਸ ਲਈ ਉਸ ਨੂੰ ਸਾਲ 2006 ਵਿਚ ਮੈਗਸੇਸੇ ਐਵਾਰਡ ਨਾਲ ਸਨਮਾਨਿਆ ਗਿਆ। ਹੋਣੀ ਦੇਖੋ, ਕਦੇ ਭ੍ਰਿਸ਼ਟਾਚਾਰ ਖਿਲਾਫ਼ ਮੁਹਿੰਮ ਤਹਿਤ ਉਸ ਨੂੰ ਇਹ ਮਾਣ-ਸਨਮਾਨ ਹਾਸਲ ਹੋਇਆ ਤੇ ਅੱਜ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਹੀ ਉਹ ਜੇਲ੍ਹ ’ਚ ਬੰਦ ਹੈ। ਇਹ ਗੱਲ ਵੱਖਰੀ ਹੈ ਕਿ ਈਡੀ ਵੱਲੋਂ ਅਜੇ ਤੱਕ ਇਸ ਮਾਮਲੇ ’ਚ ਕੋਈ ਠੋਸ ਸਬੂਤ ਪੇਸ਼ ਨਹੀਂ ਕੀਤਾ ਜਾ ਸਕਿਆ।
ਕੇਜਰੀਵਾਲ ਆਪਣੇ ਭਾਸ਼ਣਾਂ ਵਿੱਚ ਕਦੇ ਵੀ ਲੱਛੇਦਾਰ ਅਤੇ ਅੰਲਕ੍ਰਿਤ ਭਾਸ਼ਾ ਨਹੀਂ ਵਰਤਦਾ ਪਰ ਬਹੁਤ ਹੀ ਸਾਦ-ਮੁਰਾਦੀ ਆਮ ਲੋਕਾਂ ਦੀ ਭਾਸ਼ਾ ਵਿੱਚ ਲੋਕ-ਸਮੱਸਿਆਵਾਂ ਉਠਾਉਣ ਅਤੇ ਆਪਣੀ ਗੱਲ ਆਮ ਲੋਕਾਂ ਤੱਕ ਪਹੁੰਚਾਉਣ ਵਿੱਚ ਉਸ ਦਾ ਕੋਈ ਸਾਨੀ ਨਹੀਂ। ਭਾਜਪਾ ਨੇ ਪੰਜਾਬ ਵਿੱਚੋਂ ‘ਆਪ’ ਸਣੇ ਭਾਵੇਂ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਆਪਣੀ ਪਾਰਟੀ ’ਚ ਸ਼ਾਮਲ ਕਰ ਲਿਆ ਪਰ ਕੇਜਰੀਵਾਲ ਦੇ ਦਿੱਲੀ ਦੇ ਵੋਟਰਾਂ ਨਾਲ ਸਿੱਧੇ ਸੰਵਾਦ ਸਦਕਾ ਹੀ ਅਜੇ ਤੱਕ ਉਹ ‘ਆਪ’ ਦੇ ਦਿੱਲੀ ਦੇ ਕਿਲ੍ਹੇ ਵਿੱਚ ਸੰਨ੍ਹ ਨਹੀਂ ਲਾ ਸਕੀ। ਹਾਲਾਂਕਿ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਕੁਝ ਆਗੂਆਂ ਵੱਲੋਂ ਦਾਅਵਾ ਕੀਤਾ ਜਾਂਦਾ ਹੈ ਕਿ ਉਨ੍ਹਾਂ ਨੂੰ ਵੱਖ-ਵੱਖ ਲਾਲਚ ਅਤੇ ਡਰਾਵੇ ਦੇ ਕੇ ਭਾਜਪਾ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਆ ਜਾ ਰਿਹਾ ਹੈ।
ਦਿੱਲੀ ਸਰਕਾਰ ਵੱਲੋਂ 2021 ਵਿੱਚ ਲਿਆਂਦੀ ਗਈ ਆਬਕਾਰੀ ਨੀਤੀ (ਜੋ ਬਾਅਦ ’ਚ ਵਾਪਸ ਲੈ ਲਈ ਗਈ) ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਈਡੀ ਵੱਲੋਂ ਸਭ ਤੋਂ ਪਹਿਲਾਂ ਮਨੀਸ਼ ਸਿਸੋਦੀਆ, ਫਿਰ ਸੰਜੇ ਸਿੰਘ (ਜਿਸ ਨੂੰ ਸੁਪਰੀਮ ਕੋਰਟ ਤੋਂ ਹਾਲ ਹੀ ਵਿੱਚ ਜ਼ਮਾਨਤ ਮਿਲੀ ਹੈ) ਅਤੇ ਹੁਣ ਈਡੀ ਨੇ ਕੇਜਰੀਵਾਲ ਨੂੰ ਹਿਰਾਸਤ ਵਿੱਚ ਲਿਆ। ਭਾਜਪਾ ਵੱਲੋਂ ਵਾਰ ਵਾਰ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੀ ਉੱਚੀ ਸੁਰ ’ਚ ਮੰਗ ਅਤੇ ਈਡੀ ਵੱਲੋਂ ਕੇਜਰੀਵਾਲ ਨੂੰ ਵਾਰ ਵਾਰ ਸੰਮਨ ਭੇਜੇ ਜਾਣ ਮਗਰੋਂ ਉਸ ਨੂੰ ਇਸ ਗੱਲ ਦੀ ਤਾਂ ਸਮਝ ਸੀ ਕਿ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਈਡੀ ਇੱਕ ਦਿਨ ਉਸ ਦੇ ਬੂਹੇ ’ਤੇ ਦਸਤਕ ਜ਼ਰੂਰ ਦੇਵੇਗੀ। ਈਡੀ ਵੱਲੋਂ ਸੰਮਨ-ਦਰ-ਸੰਮਨ ਭੇਜੇ ਜਾਣ ਦੇ ਬਾਵਜੂਦ ਉਹ ਈਡੀ ਨੂੰ ਝਕਾਨੀ ਦਿੰਦਾ ਰਿਹਾ ਅਤੇ ਅੰਤ ਖਿਝ-ਖਪ ਕੇ ਈਡੀ ਨੂੰ ਦਿੱਲੀ ਹਾਈ ਕੋਰਟ ਦਾ ਬੂਹਾ ਖੜਕਾਉਣਾ ਪਿਆ। ਜਿੰਨੀ ਵਾਰੀ ਈਡੀ ਨੇ ਉਸ ਨੂੰ ਸੰਮਨ ਭੇਜੇ, ਓਨੀ ਵਾਰੀ ਹੀ ਉਸ ਨੇ ਸੁਆਲ ਉਠਾਉਂਦਿਆਂ ਉਨ੍ਹਾਂ ’ਤੇ ਅਮਲ ਨਹੀਂ ਕੀਤਾ ਤੇ ਓਨੀ ਵਾਰੀ ਹੀ ਉਸ ਨੇ ਮੀਡੀਆ ਵਿੱਚ ਸੁਰਖ਼ੀਆਂ ਬਟੋਰੀਆਂ। ਉਸ ਨੂੰ ਇਸ ਗੱਲ ਦੀ ਸਮਝ ਸੀ ਕਿ ਇਹ ਸਾਰਾ ਵਿਵਾਦ ਸੂਤ ਬਹਿੰਦਾ ਹੈ ਅਤੇ ਉਸ ਨੂੰ ਮੀਡੀਆ ਵਿੱਚ ਸੁਰਖ਼ੀਆਂ ਦੇ ਕੇਂਦਰ ਵਿੱਚ ਲਿਆ ਖੜ੍ਹਾ ਕਰਦਾ ਹੈ।
ਕੁਝ ਦਿਨ ਈਡੀ ਦੀ ਹਿਰਾਸਤ ਵਿੱਚ ਰੱਖਣ ਤੋਂ ਬਾਅਦ ਉਸ ਨੂੰ ਦਿੱਲੀ ਦੀ ਤਿਹਾੜ ਦੀ ਦੋ ਨੰਬਰ ਜੇਲ੍ਹ ਵਿੱਚ ਰੱਖਿਆ ਗਿਆ ਹੈ। ਭਾਰਤ ਦੇ ਇਤਿਹਾਸ ਵਿੱਚ ਕੁਝ ਗੱਲਾਂ ਪਹਿਲੀ ਵਾਰ ਹੋ ਰਹੀਆਂ ਹਨ ਜਿਨ੍ਹਾਂ ਵਿੱਚੋਂ ਇੱਕ ਕਿਸੇ ਸਿਟਿੰਗ ਮੁੱਖ ਮੰਤਰੀ ਦੀ ਗ੍ਰਿਫ਼ਤਾਰੀ ਵੀ ਹੈ। ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਵੀ ਈਡੀ ਨੇ ਜ਼ਮੀਨ ਘੁਟਾਲੇ ਸਬੰਧੀ ਗ੍ਰਿਫ਼ਤਾਰ ਕੀਤਾ ਸੀ ਅਤੇ ਉਨ੍ਹਾਂ ਗ੍ਰਿਫ਼ਤਾਰੀ ਤੋਂ ਪਹਿਲਾਂ ਹੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਪ੍ਰੰਤੂ ਕੇਜਰੀਵਾਲ ਨੇ ਇਹ ਰਾਹ ਨਹੀਂ ਚੁਣਿਆ। ਇਹ ਵੀ ਪਹਿਲੀ ਵਾਰ ਹੈ ਕਿ ਕੋਈ ਮੁੱਖ ਮੰਤਰੀ ਜੇਲ੍ਹ ਵਿੱਚੋਂ ਹੀ ਸਰਕਾਰ ਚਲਾ ਰਿਹਾ ਹੈ। ਅਸਲ ਵਿੱਚ ਹੇਮੰਤ ਸੋਰੇਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਵਿਰੋਧੀ ਧਿਰ ਨੂੰ ਇਹ ਗੱਲ ਸਮਝ ਆ ਗਈ ਕਿ ਈਡੀ ਵੱਲੋਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਪੈਸੇ ਦੀ ਬਰਾਮਦਗੀ ਤੋਂ ਬਿਨਾਂ ਜਾਂ ਕਿਸੇ ਹੋਰ ਦਸਤਾਵੇਜ਼ੀ ਸਬੂਤ ਨਾ ਹੋਣ ਦੇ ਬਾਵਜੂਦ ਗਵਾਹਾਂ ਦੇ ਬਿਆਨਾਂ ਦੇ ਆਧਾਰ ’ਤੇ ਮਨੀ ਲਾਂਡਰਿੰਗ ਕਾਨੂੰਨ ਤਹਿਤ ਗ੍ਰਿਫ਼ਤਾਰ ਕਰਕੇ ਲੰਮੇ ਸਮੇਂ ਤੱਕ ਜੇਲ੍ਹ ’ਚ ਰੱਖਿਆ ਜਾ ਸਕਦਾ ਹੈ। ਇਸ ਤਰ੍ਹਾਂ ਵਿਰੋਧੀ ਧਿਰ ਦੇ ਮੁੱਖ ਮੰਤਰੀਆਂ ਨੂੰ ਵਲ਼ ਕੇ ਉਨ੍ਹਾਂ ਦੇ ਅਸਤੀਫ਼ੇ ਮਗਰੋਂ ਸੂਬਾਈ ਸਰਕਾਰਾਂ ਡੇਗੇ ਜਾਣ ਦਾ ਖ਼ਤਰਾ ਖੜ੍ਹਾ ਕੀਤਾ ਜਾ ਸਕਦਾ ਹੈ।
ਕੇਜਰੀਵਾਲ ਨੂੰ ਜਦੋਂ ਈਡੀ ਵੱਲੋਂ ਉਸ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਅੰਦਾਜ਼ਾ ਹੋਣ ਲੱਗਿਆ ਤਾਂ ਉਦੋਂ ਤੋਂ ਹੀ ਸਮੁੱਚੀ ਸਥਿਤੀ ਦਾ ਟਾਕਰਾ ਕਰਨ ਲਈ ਉਸ ਨੇ ਵਿਉਂਤਬੰਦੀ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ‘ਆਪ’ ਨੇ ਇਹ ਬਿਰਤਾਂਤ ਵੀ ਸਿਰਜਣਾ ਸ਼ੁਰੂ ਕਰ ਦਿੱਤਾ ਕਿ ਉਨ੍ਹਾਂ ਦਿੱਲੀ ਦੇ ਲੋਕਾਂ ਦੀ ਰਾਏ ਲਈ ਹੈ ਅਤੇ ਉਹ ਚਾਹੁੰਦੇ ਹਨ ਕਿ ਜੇਕਰ ਕੇਜਰੀਵਾਲ ਗ੍ਰਿਫ਼ਤਾਰ ਵੀ ਹੁੰਦੇ ਹਨ ਤਾਂ ਉਹ ਜੇਲ੍ਹ ਅੰਦਰੋਂ ਹੀ ਸਰਕਾਰ ਚਲਾਉਣ। ਇੱਥੇ ਕੇਜਰੀਵਾਲ ਨੂੰ ਸੰਵਿਧਾਨਕ ਸਥਿਤੀ ਸਪਸ਼ਟ ਸੀ ਕਿ ਸੰਵਿਧਾਨ ਵਿੱਚ ਕਿਤੇ ਵੀ ਇਹ ਨਹੀਂ ਲਿਖਿਆ ਕਿ ਕੋਈ ਮੁੱਖ ਮੰਤਰੀ ਜੇਲ੍ਹ ’ਚ ਰਹਿ ਕੇ ਸਰਕਾਰ ਨਹੀਂ ਚਲਾ ਸਕਦਾ। ਉਸ ਦੀ ਗ੍ਰਿਫ਼ਤਾਰੀ ਮਗਰੋਂ ਉਸ ਨੂੰ ਅਹੁਦੇ ਤੋਂ ਲਾਂਭੇ ਹੋਣ ਲਈ ਨਿਰਦੇਸ਼ ਦੇਣ ਲਈ ਦਿੱਲੀ ਹਾਈ ਕੋਰਟ ਵਿੱਚ ਪਾਈਆਂ ਗਈਆਂ ਦੋਵੇਂ ਪਟੀਸ਼ਨਾਂ ਖਾਰਜ ਹੋ ਗਈਆਂ ਹਨ।
ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਨੂੰ ਸਿਆਸਤ ਹੀ ਕਰਨੀ ਨਹੀਂ ਆਉਂਦੀ ਸਗੋਂ ਸੁਰਖ਼ੀਆਂ ਬਟੋਰਨੀਆਂ ਵੀ ਆਉਂਦੀਆਂ ਹਨ। ਕੇਜਰੀਵਾਲ ਦੀ ਗ੍ਰਿਫ਼ਤਾਰੀ ਦੀ ਖ਼ਬਰ ਨੇ ਵਿਦੇਸ਼ੀ ਮੀਡੀਆ ਦਾ ਧਿਆਨ ਵੀ ਖਿੱਚਿਆ। ਉਸ ਦੀ ਗ੍ਰਿਫ਼ਤਾਰੀ ’ਤੇ ਜਰਮਨੀ, ਸੰਯੁਕਤ ਰਾਸ਼ਟਰ ਅਤੇ ਦੋ ਵਾਰ ਅਮਰੀਕਾ ਨੇ ਵੀ ਆਪਣਾ ਪ੍ਰਤੀਕਰਮ ਪ੍ਰਗਟਾਉਂਦਿਆਂ ਕਿਹਾ ਕਿ ਕੇਜਰੀਵਾਲ ਦੇ ਮਾਮਲੇ ’ਚ ਕਾਨੂੰਨ ਦੀ ਪਾਲਣਾ ਹੋਣੀ ਚਾਹੀਦੀ ਹੈ ਤੇ ਇਨਸਾਫ਼ ਮਿਲਣਾ ਚਾਹੀਦਾ ਹੈ।
ਜੇਲ੍ਹ ਅੰਦਰ ਜਾਣ ਤੋਂ ਬਾਅਦ ਉਸ ਨੇ ਆਪਣੀ ਪਤਨੀ ਸੁਨੀਤਾ ਕੇਜਰੀਵਾਲ ਰਾਹੀਂ ਦਿੱਲੀ ਦੇ ਲੋਕਾਂ ਲਈ ਸੁਨੇਹੇ ਭੇਜਣੇ ਸ਼ੁਰੂ ਕੀਤੇ ਜੋ ਉਸ (ਸੁਨੀਤਾ) ਨੇ ਉਸੇ ਕੁਰਸੀ ’ਤੇ ਬੈਠ ਕੇ ਸੁਣਾਏ ਜਿਸ ’ਤੇ ਬੈਠ ਕੇ ਕੇਜਰੀਵਾਲ ਵੱਲੋਂ ਦਿੱਲੀ ਦੇ ਲੋਕਾਂ ਨੂੰ ਸੰਬੋਧਨ ਕੀਤਾ ਜਾਂਦਾ ਸੀ। ਇਨ੍ਹਾਂ ਸੁਨੇਹਿਆਂ ਵਿੱਚ ਕੇਜਰੀਵਾਲ ਨੇ ਆਪਣੀ ਕੋਈ ਗੱਲ ਨਹੀਂ ਕੀਤੀ ਸਗੋਂ ਦਿੱਲੀ ਦੇ ਲੋਕਾਂ ਦੇ ਬਿਜਲੀ, ਪਾਣੀ ਅਤੇ ਸਿਹਤ ਸਹੂਲਤਾਂ ਦੇ ਮੁੱਦੇ ਉਠਾ ਕੇ ਪਾਰਟੀ ਨੂੰ ਇਸ ਸਬੰਧੀ ਢੁੱਕਵੇਂ ਕਦਮ ਚੁੱਕਣ ਦੇ ਨਿਰਦੇਸ਼ ਦੇ ਕੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਕਿ ਜੇਲ੍ਹ ਅੰਦਰ ਬੈਠਿਆਂ ਵੀ ਉਸ ਨੂੰ ਦਿੱਲੀ ਦੇ ਲੋਕਾਂ ਦੀ ਹੀ ਫ਼ਿਕਰ ਹੈ ਤੇ ਉਸ ਨੇ ਬੜੀ ਚਤੁਰਾਈ ਨਾਲ ਦਿੱਲੀ ਦੇ ਲੋਕਾਂ ਤੱਕ ਇਹ ਸਿਆਸੀ ਸੰਦੇਸ਼ ਪਹੁੰਚਾ ਕੇ ਆਪਣੀਆਂ ਵੋਟਾਂ ‘ਪੱਕੀਆਂ’ ਕਰ ਲਈਆਂ। ਭਾਜਪਾ ਆਗੂਆਂ ਨੇ ਬੜਾ ਰੌਲਾ ਪਾਇਆ ਕਿ ਜੇਲ੍ਹ ਅੰਦਰੋਂ ਦਸਤਾਵੇਜ਼ ਬਾਹਰ ਕਿਵੇਂ ਆਏ? ਪਰ ਜਾਪਦੈ ਗ੍ਰਿਫ਼ਤਾਰ ਹੋਣ ਤੋਂ ਪਹਿਲਾਂ ਹੀ ਉਸ ਨੇ ਸਥਿਤੀ ਦੇ ਟਾਕਰੇ ਲਈ ਪੂਰੀ ਰਣਨੀਤੀ ਘੜੀ ਹੋਵੇਗੀ ਅਤੇ ਉਸੇ ਮਿਥੀ ਤਰਕੀਬ ਅਨੁਸਾਰ ਉਸ ਦੀ ਪਤਨੀ ਇੱਕ ਇੱਕ ਕਰ ਕੇ ਉਸ ਦੇ ਸੁਨੇਹੇ ਪੜ੍ਹ ਕੇ ਲੋਕਾਂ ਤੱਕ ਪਹੁੰਚਾਉਂਦੀ ਰਹੀ।
30 ਮਾਰਚ ਨੂੰ ਸੁਨੀਤਾ ਕੇਜਰੀਵਾਲ ਨੇ ਆਪਣੇ ਪਤੀ ਦਾ ਜੋ ਸੰਦੇਸ਼ ਪੜ੍ਹ ਕੇ ਸੁਣਾਇਆ, ਉਹ ਧਿਆਨ ਦੀ ਮੰਗ ਕਰਦਾ ਹੈ। ਸੰਦੇਸ਼ ’ਚ ਕੇਜਰੀਵਾਲ ਨੇ ਕਿਹਾ, ‘‘…... ਤੁਹਾਡਾ ਭਰਾ, ਤੁਹਾਡਾ ਪੁੱਤਰ ਲੋਹੇ ਦਾ ਬਣਿਆ ਹੋਇਆ ਹੈ ਪਰ ਮੈਂ ਆਪਣੀਆਂ ਮਾਵਾਂ ਤੇ ਭੈਣਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਇੱਕ ਵਾਰ ਮੰਦਰ ਜਾ ਕੇ ਮੇਰੇ ਲਈ ਪ੍ਰਾਰਥਨਾ ਕਰਨ। ਕਰੋੜਾਂ ਲੋਕਾਂ ਦੀਆਂ ਪ੍ਰਾਰਥਨਾਵਾਂ ਹੀ ਮੇਰੀ ਤਾਕਤ ਹਨ।’’ ਇੱਥੇ ਮੰਦਰ ਜਾ ਕੇ ਪ੍ਰਾਰਥਨਾ ਕਰਨ ਦੇ ਮਾਇਨੇ ਬੜੇ ਬਾਰੀਕ ਤੇ ਸੂਖ਼ਮ ਹਨ। ਕੇਜਰੀਵਾਲ, ਜੋ ਦਿੱਲੀ ਦੇ ਸ਼ਾਹੀਨ ਬਾਗ ਵਿੱਚ ਸੀਏਏ ਖਿਲਾਫ਼ ਧਰਨੇ ’ਤੇ ਬੈਠੀਆਂ ਔਰਤਾਂ ਦੇ ਹੱਕ ਵਿੱਚ ਕੁਝ ਵੀ ਬੋਲਣ ਤੋਂ ਲਗਾਤਾਰ ਗੁਰੇਜ਼ ਕਰਦਾ ਰਿਹਾ ਕਿਉਂਕਿ ਉਨ੍ਹਾਂ ਦੀ ਮਜ਼ਹਬੀ ਪਛਾਣ ਵੱਖਰੀ ਸੀ ਪਰ ਹੁਣ ਮੰਦਰ ’ਚ ਪ੍ਰਾਰਥਨਾ ਕਰਨ ਦੀ ਅਪੀਲ ਕਰਕੇ ਉਹ ਆਪਣੀ ਸ਼ਨਾਖਤ ਨੂੰ ਵੱਡੇ ਹਿੰਦੂ ਵੋਟ-ਬੈਂਕ ਨਾਲ ਜੋੜਦਾ ਨਜ਼ਰ ਆਉਂਦਾ ਹੈ। ਕੁਝ ਵਿਸ਼ਲੇਸ਼ਕਾਂ ਦਾ ਤਾਂ ਇਹ ਵੀ ਮੰਨਣਾ ਹੈ ਕਿ ਕੇਜਰੀਵਾਲ ਨੇ ਪਹਿਲਾਂ ਕਾਂਗਰਸ ਦਾ ਵੋਟ-ਬੈਂਕ ਹਥਿਆਇਆ ਤੇ ਹੁਣ ਉਹ ਭਾਜਪਾ ਦੇ ਵੋਟ-ਬੈਂਕ ਨੂੰ ਖੋਰਾ ਲਾਏਗਾ।
ਆਬਕਾਰੀ ਘੁਟਾਲੇ ’ਚ ਪੇਸ਼ੀ ਮੌਕੇ ਕੇਜਰੀਵਾਲ ਵੱਲੋਂ ਵਕੀਲ ਦੀ ਬਜਾਏ ਆਪਣਾ ਪੱਖ ਖ਼ੁਦ ਪੇਸ਼ ਕਰਨ ਦੀ ਇਜਾਜ਼ਤ ਮੰਗਣ ਦਾ ਮਕਸਦ ਲੋਕਾਂ ’ਚ ਇਸ ਗੱਲ ਦੀ ਜਗਿਆਸਾ ਪੈਦਾ ਕਰਨਾ ਸੀ ਕਿ ਉਸ ਨੇ ਆਪਣੇ ਹੱਕ ਵਿੱਚ ਅਦਾਲਤ ’ਚ ਕੀ ਦਲੀਲਾਂ ਦਿੱਤੀਆਂ ਹਨ। ਸਮੁੱਚੇ ਮੀਡੀਆ ’ਚ ਕੇਜਰੀਵਾਲ ਵੱਲੋਂ ਆਪਣਾ ਪੱਖ ਆਪ ਪੇਸ਼ ਕਰਨ ਦੀਆਂ ਦਲੀਲਾਂ ਛਾਈਆਂ ਰਹੀਆਂ। ਅਦਾਲਤ ਵਿੱਚ ਈਡੀ ਵੱਲੋਂ ਵਾਰ ਵਾਰ ਉਸ ਦੇ ਰਿਮਾਂਡ ’ਚ ਵਾਧੇ ਦੀ ਮੰਗ ਕਰਨ ਦੇ ਸੰਦਰਭ ’ਚ ਉਸ ਨੇ ਅਦਾਲਤ ’ਚ ਬਹੁਤ ਹੀ ਮਾਸੂਮ ਢੰਗ ਨਾਲ ਈਡੀ ਦੇ ਅਫ਼ਸਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਜਿੰਨਾ ਚਿਰ ਚਾਹੁਣ, ਉਸ ਨੂੰ ਆਪਣੇ ਕੋਲ ਰੱਖ ਲੈਣ। ਉਸ ਨੂੰ ਪਤਾ ਸੀ ਕਿ ਅਜਿਹਾ ਕਰਨ ਨਾਲ ਉਹ ਚਰਚਾ ਦੇ ਕੇਂਦਰ ’ਚ ਰਹੇਗਾ।
ਈਡੀ ਦਾ ਰਿਮਾਂਡ ਖ਼ਤਮ ਹੋਣ ਮਗਰੋਂ ਜਦੋਂ ਉਸ ਨੂੰ ਤਿਹਾੜ ਦੀ ਜੇਲ੍ਹ ਨੰਬਰ 2 ਵਿੱਚ ਭੇਜਿਆ ਗਿਆ ਤਾਂ ਅਗਲੀ ਸਵੇਰ ਉਸ ਨੇ ਝਾੜੂ (ਜੋ ਪਾਰਟੀ ਦਾ ਚੋਣ ਨਿਸ਼ਾਨ ਵੀ ਹੈ) ਫੜ ਕੇ ਆਪਣੇ ਸੈੱਲ ਅਤੇ ਨੇੜਲੇ ਦਰੱਖਤ ਹੇਠਾਂ ਫੇਰਿਆ। ਸੂਖ਼ਮ ਸਿਆਸੀ ਸੰਦੇਸ਼ ਇਹ ਸੀ ਕਿ ਝਾੜੂ ਨੇ ਹੂੰਝਾ ਫੇਰਨਾ ਬੰਦ ਨਹੀਂ ਕੀਤਾ ਅਤੇ ਨਾ ਹੀ ਕਰੇਗਾ।
ਕੇਜਰੀਵਾਲ ਵੱਲੋਂ ਆਪਣੇ ਸੁਨੇਹੇ ਲੋਕਾਂ ਤੱਕ ਪਹੁੰਚਾਉਣ ਲਈ ਆਪਣੀ ਪਤਨੀ ਦੀ ਚੋਣ ਕਰਨ ’ਤੇ ਕਿੰਤੂ-ਪ੍ਰੰਤੂ ਕੀਤਾ ਗਿਆ ਤੇ ਕਿਹਾ ਜਾਂਦਾ ਹੈ ਕਿ ਉਹ ਉਸ ਨੂੰ ਦਿੱਲੀ ਦੀ ਸੰਭਾਵੀ ਮੁੱਖ ਮੰਤਰੀ ਵਜੋਂ ਉਭਾਰ ਰਿਹਾ ਹੈ ਪਰ ਗੱਲ ਏਨੀ ਹੀ ਨਹੀਂ, ਅਸਲ ’ਚ ਸੁਨੀਤਾ ਕੇਜਰੀਵਾਲ ਜਦੋਂ ਵੀ ਲੋਕਾਂ ਸਾਹਮਣੇ ਆਉਂਦੀ ਹੈ ਤਾਂ ਉਨ੍ਹਾਂ ਨੂੰ ਲੱਗਦਾ ਹੈ ਕਿ ਉਸ ਦੇ ਪਤੀ ਨੂੰ ਬਿਨਾਂ ਕਿਸੇ ਪੈਸੇ ਦੀ ਬਰਾਮਦਗੀ ਤੇ ਹੋਰ ਪੁਖ਼ਤਾ ਸਬੂਤ ਦੇ ਜੇਲ੍ਹ ਵਿੱਚ ਡੱਕਿਆ ਹੋਇਆ ਹੈ ਤੇ ਉਹ ਪੀੜਤ ਔਰਤ ਵਜੋਂ ਉੱਭਰ ਕੇ ਸਾਹਮਣੇ ਆਉਂਦੀ ਹੈ। ਦੇਸ਼ ਵਿੱਚ ਔਰਤਾਂ ਦੀਆਂ ਵੋਟਾਂ 50 ਫ਼ੀਸਦੀ ਦੇ ਨੇੜੇ-ਤੇੜੇ ਹਨ। ਪਿਛਲੀਆਂ ਕੁਝ ਚੋਣਾਂ ’ਚ ਇਹ ਰੁਝਾਨ ਦੇਖਣ ਨੂੰ ਮਿਲਿਆ ਹੈ ਕਿ ਔਰਤਾਂ ਦੀ ਮਤਦਾਨ ਦਾ ਫ਼ੀਸਦ ਮਰਦਾਂ ਨਾਲੋਂ ਜ਼ਿਆਦਾ ਹੁੰਦਾ ਹੈ ਅਤੇ ਉਹ ਜਿੱਤ-ਹਾਰ ਦੀ ਖੇਡ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਔਰਤਾਂ ਤਾਂ ਕਿਸੇ ਪੀੜਤ ਔਰਤ ਨਾਲ ਭਾਵੁਕ ਤੌਰ ’ਤੇ ਜੁੜਦੀਆਂ ਹੀ ਹਨ, ਸਾਡਾ ਸਮਾਜ ਵੀ ਕਿਸੇ ਨੂੰਹ-ਧੀ ਦੀ ਦੁੱਖ-ਪੀੜਾ ’ਚ ਉਸ ਦੀ ਪਿੱਠ ’ਤੇ ਆ ਖਲੋਂਦਾ ਹੈ। ਯਕੀਨਨ ‘ਆਪ’ ਦੀ ਨਜ਼ਰ ਔਰਤਾਂ ਦੀਆਂ ਵੋਟਾਂ ’ਤੇ ਹੈ।
ਰਾਮਲੀਲਾ ਮੈਦਾਨ ਵਿੱਚ ਵਿਰੋਧੀ ਧਿਰ ਵੱਲੋਂ ਕੀਤੀ ਗਈ ਸਾਂਝੀ ਰੈਲੀ ਵਿੱਚ ਜਿੱਥੇ ‘ਇੰਡੀਆ’ ਗੱਠਜੋੜ ਦੇ ਭਾਈਵਾਲ ਸਾਰੇ ਆਗੂ ਸ਼ਾਮਲ ਹੋਏ, ਉੱਥੇ ਹੇਮੰਤ ਸੋਰੇਨ ਦੀ ਪਤਨੀ ਕਲਪਨਾ ਸੋਰੇਨ ਅਤੇ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਇੱਕ ਤਰ੍ਹਾਂ ਨਾਲ ਕੇਂਦਰ-ਬਿੰਦੂ ਸਨ, ਜਿੱਥੇ ਸੋਨੀਆ ਗਾਂਧੀ ਸਣੇ ਵਿਰੋਧੀ ਧਿਰ ਦੇ ਸਾਰੇ ਪ੍ਰਮੁੱਖ ਆਗੂਆਂ ਨੇ ਇਨ੍ਹਾਂ ਦੋਹਾਂ ਔਰਤਾਂ ਨਾਲ ਇਕਜੁੱਟਤਾ ਪ੍ਰਗਟਾਈ। ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਤਾਂ ਇੱਥੋਂ ਤੱਕ ਕਹਿ ਗਏ, ‘‘ਜਦੋਂ ਸਾਡੀਆਂ ਭੈਣਾਂ ਸੰਘਰਸ਼ ਕਰ ਰਹੀਆਂ ਹਨ ਤਾਂ ਭਰਾ ਕਿਵੇਂ ਪਿੱਛੇ ਰਹਿ ਸਕਦੇ ਹਨ।’’ ਇਸ ਰੈਲੀ ਵਿੱਚ ਗ਼ੈਰਹਾਜ਼ਰ ਹੋ ਕੇ ਵੀ ਕੇਜਰੀਵਾਲ ਹਾਜ਼ਰ ਸਨ।
ਹਾਲ ਹੀ ਵਿੱਚ ਅੰਬੇਦਕਰ ਅਤੇ ਭਗਤ ਸਿੰਘ ਦੀਆਂ ਫੋਟੋਆਂ ਵਿਚਾਲੇ ਕੇਜਰੀਵਾਲ ਦੀ ਸਲਾਖ਼ਾਂ ਪਿਛਲੀ ਤਸਵੀਰ ਲਾਏ ਜਾਣ ਕਾਰਨ ਵੀ ਵਿਵਾਦ ਭਖਿਆ ਹੋਇਆ ਹੈ। ਕੁਝ ਵੱਲੋਂ ਆਲੋਚਨਾ ਕੀਤੀ ਜਾ ਰਹੀ ਹੈ ਕਿ ਕੇਜਰੀਵਾਲ ਆਪਣੇ ਆਪ ਨੂੰ ਇਨ੍ਹਾਂ ਦੋਹਾਂ ਵੱਡੀਆਂ ਸ਼ਖ਼ਸੀਅਤਾਂ ਦੇ ਬਰਾਬਰ ਸਥਾਪਤ ਕਰਨਾ ਚਾਹੁੰਦੇ ਹਨ ਪਰ ਇਸ ਵਿਵਾਦ ’ਚ ਕੁੱਦਦਿਆਂ ਸ਼ਹੀਦ ਭਗਤ ਸਿੰਘ ਦੇ ਭਾਣਜੇ ਦਾ ਕਹਿਣਾ ਹੈ ਕਿ ਆਜ਼ਾਦੀ ਘੁਲਾਟੀਆਂ ਦੇ ਆਦਰਸ਼ਾਂ ਲਈ ਸਭ ਤੋਂ ਵੱਡਾ ਖ਼ਤਰਾ ਕੇਂਦਰ ਵਿਚਲੀ ਭਾਜਪਾ ਸਰਕਾਰ ਹੈ। ਇਸ ਵਿਵਾਦ ਨਾਲ ਵੀ ਚਰਚਾ ਦਾ ਕੇਂਦਰ ਕੇਜਰੀਵਾਲ ਹੀ ਹੈ।
ਅਜੇ ਇਹ ਕਹਿਣਾ ਮੁਸ਼ਕਲ ਹੈ ਕਿ ਜੇਲ੍ਹ ਵਿੱਚ ਰਹਿ ਕੇ ਸਰਕਾਰ ਚਲਾਉਣ ਅਤੇ ਆਪਣੇ ਸੁਨੇਹੇ ਲੋਕਾਂ ਤੱਕ ਪਹੁੰਚਾਉਣ ਸਦਕਾ ਕੇਜਰੀਵਾਲ ਦਾ ਸਿਆਸੀ ਕੱਦ ਹੋਰ ਉੱਚਾ ਹੋਵੇਗਾ ਜਾਂ ਨਹੀਂ ਪਰ ਇਹ ਜ਼ਰੂਰ ਹੈ ਕਿ ਉਸ ਨੇ ਇੱਕ ਨਵੀਂ ਤਰ੍ਹਾਂ ਦੀ ਪਿਰਤ ਪਾਈ ਹੈ। ਉਹ ਹਮੇਸ਼ਾ ਹੀ ਲੀਹ ਤੋਂ ਹਟ ਕੇ ਚੱਲਣ ਵਾਲਾ ਨੇਤਾ ਰਿਹਾ ਹੈ ਅਤੇ ਵਿਰੋਧੀਆਂ ਨੂੰ ਮਾਤ ਦੇਣ ਦੀ ਸਮਰੱਥਾ ਰੱਖਦਾ ਹੈ। ਉਹ ਕਿਸੇ ਹੋਰ ਵੱਲੋਂ ਘੜੇ ਤੇ ਚਲਾਏ ਗਏ ਬਿਰਤਾਂਤ ’ਤੇ ਨਾ ਤਾਂ ਚੱਲਦਾ ਹੈ ਅਤੇ ਨਾ ਹੀ ਉਸ ਵਿੱਚ ਫਸਦਾ ਜਾਂ ਉਲਝਦਾ ਹੈ। ਇਸੇ ਕਾਰਨ ਉਸ ਵੱਲੋਂ ਉਠਾਏ ਜਾਣ ਵਾਲੇ ਅਗਲੇ ਕਦਮ ਸਬੰਧੀ ਕੋਈ ਵੀ ਕਿਆਸਅਰਾਈਂ ਲਾਉਣਾ ਮੁਸ਼ਕਲ ਹੁੰਦਾ ਹੈ। ਭਾਜਪਾ ਨੇ ਜੇ ਸੋਚਿਆ ਹੋਵੇਗਾ ਕਿ ਕੇਜਰੀਵਾਲ ਦੀ ਗ੍ਰਿਫ਼ਤਾਰੀ ਨਾਲ ਕੇਜਰੀਵਾਲ ਹੀ ਨਹੀਂ ਸਗੋਂ ਉਸ ਦੀ ਪਾਰਟੀ ਵੀ ਟੁੱਟ ਜਾਂ ਬਿਖਰ ਜਾਵੇਗੀ ਤਾਂ ਅਜੇ ਤੱਕ ਅਜਿਹਾ ਕੁਝ ਵੀ ਸਾਹਮਣੇ ਨਹੀਂ ਆਇਆ। ਜੇ ਕੇਜਰੀਵਾਲ ਜੇਲ੍ਹ ਅੰਦਰੋਂ ਇਸੇ ਤਰ੍ਹਾਂ ਚੁਣੌਤੀ ਦਿੰਦਾ ਰਿਹਾ ਤਾਂ ਹੋ ਸਕਦੈ ਕਿ ਉਸ ਦਾ ਸਿਆਸੀ ਕੱਦ-ਬੁੱਤ ਹੋਰ ਵਧ ਜਾਵੇ। ਉਂਜ, ਸਿਆਸਤ ’ਚ ਕਿਹੜਾ ਊਠ ਕਦੋਂ ਤੇ ਕਿੱਥੇ ਕਿਸ ਕਰਵਟ ਬੈਠਦਾ ਹੈ, ਇਸ ਬਾਰੇ ਕੁਝ ਵੀ ਕਹਿਣਾ ਬਹੁਤ ਮੁਸ਼ਕਲ ਹੁੰਦਾ ਹੈ।

Advertisement

Advertisement
Author Image

sukhwinder singh

View all posts

Advertisement
Advertisement
×