For the best experience, open
https://m.punjabitribuneonline.com
on your mobile browser.
Advertisement

ਏਐੱਨਸੀ ਦਾ ਰਾਜਸੀ ਗਲਬਾ ਟੁੱਟਿਆ

06:17 AM Jun 04, 2024 IST
ਏਐੱਨਸੀ ਦਾ ਰਾਜਸੀ ਗਲਬਾ ਟੁੱਟਿਆ
Advertisement

ਸਾਲ 2024 ਦੀਆਂ ਚੋਣਾਂ ਦੇ ਇਤਿਹਾਸਕ ਨਤੀਜਿਆਂ ਨੇ ਦੱਖਣੀ ਅਫਰੀਕਾ ਨੂੰ ਇੱਕ ਅਹਿਮ ਮੋੜ ’ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਇਨ੍ਹਾਂ ਚੋਣਾਂ ’ਚ ਅਫਰੀਕੀ ਨੈਸ਼ਨਲ ਕਾਂਗਰਸ (ਏਐੱਨਸੀ) ਦਾ ਤਿੰਨ ਦਹਾਕਿਆਂ ਦਾ ਰਾਜਨੀਤਕ ਦਬਦਬਾ ਖ਼ਤਮ ਹੋ ਗਿਆ ਹੈ। ਏਐੱਨਸੀ, ਜਿਸ ਨੇ ਦੱਖਣੀ ਅਫਰੀਕਾ ਨੂੰ ਰੰਗਭੇਦ ਤੋਂ ਨਿਜਾਤ ਦਿਵਾਈ ਅਤੇ ਨੈਲਸਨ ਮੰਡੇਲਾ ਅਧੀਨ ਲੋਕਤੰਤਰ ਦੀ ਬੁਨਿਆਦੀ ਰੱਖੀ, 1994 ਤੋਂ ਬਾਅਦ ਪਹਿਲੀ ਵਾਰ ਬਹੁਮਤ ਹਾਸਿਲ ਕਰਨ ’ਚ ਅਸਫ਼ਲ ਰਹੀ ਹੈ। ਇਸ ਬਦਲਾਅ ਨੇ ਦੱਖਣੀ ਅਫਰੀਕਾ ਦੀ ਸਿਆਸਤ ਵਿੱਚ ਗੰਭੀਰ ਤਬਦੀਲੀ ਵੱਲ ਇਸ਼ਾਰਾ ਕੀਤਾ ਹੈ ਜਿਸ ’ਚ ਗੱਠਜੋੜ ਦਾ ਜੋੜ-ਤੋੜ ਮੁਲਕ ਦੇ ਭਵਿੱਖ ਨੂੰ ਨਵੀਂ ਦਿਸ਼ਾ ਦਿਖਾਉਣ ਲਈ ਤਿਆਰ ਹੈ। ਉੱਚੀ ਬੇਰੁਜ਼ਗਾਰੀ ਦਰ, ਅਪਰਾਧ, ਭ੍ਰਿਸ਼ਟਾਚਾਰ ਤੇ ਲੋੜੀਂਦੀਆਂ ਜਨਤਕ ਸੇਵਾਵਾਂ ਦੀ ਅਣਹੋਂਦ ਕਾਰਨ ਵੋਟਰਾਂ ਦੀ ਵਿਆਪਕ ਅਸੰਤੁਸ਼ਟੀ ਪਾਰਟੀ ਦੇ ਨਿਘਾਰ ਦਾ ਕਾਰਨ ਬਣੀ ਹੈ। ਰਾਸ਼ਟਰਪਤੀ ਸਾਇਰਿਲ ਰਾਮਫੋਸਾ ਜੋ ਕਿ ਦੂਜੇ ਕਾਰਜਕਾਲ ਦੀ ਤਿਆਰੀ ਖਿੱਚੀ ਬੈਠੇ ਸਨ। ਹੁਣ ਸਰਕਾਰ ਬਣਾਉਣ ਲਈ ਵਿਰੋਧੀ ਧਿਰਾਂ ਨਾਲ ਗੱਠਜੋੜ ਕਰਨ ਦੀ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ਤੌਖ਼ਲਿਆਂ ਦਾ ਹੱਲ ਕਰਨ ਦੀ ਉਨ੍ਹਾਂ ਦੀ ਯੋਗਤਾ ਦੱਖਣੀ ਅਫਰੀਕਾ ਦਾ ਅਗਲਾ ਰਸਤਾ ਤੈਅ ਕਰਨ ’ਚ ਅਹਿਮ ਸਾਬਿਤ ਹੋਵੇਗੀ।
ਵਿਰੋਧੀ ਧਿਰ ਦਾ ਡੈਮੋਕਰੈਟਿਕ ਗੱਠਜੋੜ (ਡੀਏ) ਜਿਸ ਨੇ ਕਰੀਬ 21 ਪ੍ਰਤੀਸ਼ਤ ਵੋਟ ਲਈ ਹੈ, ਸੰਭਾਵੀ ਤੌਰ ’ਤੇ ਗੱਠਜੋੜ ਭਿਆਲ ਵਜੋਂ ਉੱਭਰਿਆ ਹੈ। ਇਸ ਗੱਠਜੋੜ ਵੱਲੋਂ ਬਾਜ਼ਾਰ-ਪੱਖੀ ਸੁਧਾਰਾਂ ਤੇ ਨਿੱਜੀਕਰਨ ਦੀ ਵਕਾਲਤ ਕੀਤੀ ਜਾ ਰਹੀ ਹੈ। ਇਸ ਦੇ ਉਲਟ, ‘ਇਕਨੌਮਿਕ ਫਰੀਡਮ ਫਾਈਟਰਜ਼’ (ਈਐੱਫਐੱਫ) ਤੇ ਜੈਕਬ ਜ਼ੂਮਾ ਦੀ ਐੱਮਕੇਪੀ ਵਰਗੀਆਂ ਪਾਰਟੀਆਂ ਵੱਲੋਂ ਤਿੱਖੀਆਂ ਤਬਦੀਲੀਆਂ ’ਤੇ ਜ਼ੋਰ ਪਾਇਆ ਜਾ ਰਿਹਾ ਸੀ, ਜਿਨ੍ਹਾਂ ਵਿੱਚ ਜ਼ਮੀਨ ਦੀ ਪੁਨਰ ਵੰਡ ਤੇ ਕੌਮੀਕਰਨ ਸ਼ਾਮਿਲ ਹੈ। ਅਫਰੀਕੀ ਨੈਸ਼ਨਲ ਕਾਂਗਰਸ ਵੱਲੋਂ ਕੀਤੀ ਜਾਣ ਵਾਲੀ ਭਾਈਵਾਲਾਂ ਦੀ ਚੋਣ ਆਰਥਿਕ ਨੀਤੀਆਂ ਅਤੇ ਨਿਵੇਸ਼ਕਾਂ ਦੇ ਭਰੋਸੇ ਉੱਤੇ ਗਹਿਰਾ ਅਸਰ ਪਾਏਗੀ। ਇਹ ਪ੍ਰਭਾਵਸ਼ਾਲੀ ਬਦਲਾਅ ਦੱਖਣੀ ਅਫਰੀਕਾ ਦੀ ਜਮਹੂਰੀਅਤ, ਵੱਧ ਜਵਾਬਦੇਹੀ ਅਤੇ ਨਾਗਰਿਕਾਂ ਦੀਆਂ ਲੋੜਾਂ ਪੂਰਨ ਦੀ ਅਹਿਮੀਅਤ ਨੂੰ ਤਰਜੀਹ ਬਣਾਉਣ ਦਾ ਮੌਕਾ ਉਪਲਬਧ ਕਰਾਉਂਦਾ ਹੈ।
ਦੱਖਣੀ ਅਫਰੀਕਾ ਦੇ ਚੋਣ ਨਤੀਜਿਆਂ ਦੇ ਆਲਮੀ ਪੱਧਰ ’ਤੇ ਗੰਭੀਰ ਅਸਰ ਹੋਣਗੇ, ਕਿਉਂਕਿ ਇਸ ਸਾਲ ਦੇ ਅਖੀਰ ’ਚ ਮੁਲਕ ਗਰੁੱਪ-20 (ਜੀ20) ਦੀ ਪ੍ਰਧਾਨਗੀ ਵੀ ਸੰਭਾਲ ਰਿਹਾ ਹੈ। ਗੱਠਜੋੜ ਭਾਈਵਾਲਾਂ ਬਾਰੇ ਏਐੱਨਸੀ ਦੀ ਚੋਣ ਕੌਮਾਂਤਰੀ ਰਿਸ਼ਤਿਆਂ ’ਤੇ ਵੀ ਅਸਰ ਪਾ ਸਕਦੀ ਹੈ, ਖਾਸ ਤੌਰ ’ਤੇ ਉਦੋਂ ਜਦ ਦੱਖਣੀ ਅਫਰੀਕਾ ਨੇ ਇਜ਼ਰਾਈਲ-ਗਾਜ਼ਾ ਦੀ ਜੰਗ ਵਰਗੇ ਮੁੱਦਿਆਂ ’ਤੇ ਇਜ਼ਰਾਈਲ ਵਿਰੋਧੀ ਰੁਖ਼ ਅਖਤਿਆਰ ਕੀਤਾ ਹੋਇਆ ਹੈ, ਤੇ ਰੂਸ ਨਾਲ ਵੀ ਇਸ ਦੇ ਇਤਿਹਾਸਕ ਰਿਸ਼ਤੇ ਹਨ। ਇਹ ਚੋਣ ਦੱਖਣੀ ਅਫਰੀਕਾ ਦੇ ਭਾਰਤ ਨਾਲ ਰਿਸ਼ਤਿਆਂ ਉੱਤੇ ਵੀ ਅਸਰ ਪਾ ਸਕਦੀ ਹੈ। ਦੋਵੇਂ ਮੁਲਕ, ਜੋ ‘ਬਰਿਕਸ’ ਵਿੱਚ ਭਾਈਵਾਲ ਹਨ, ਦੇ ਰਿਸ਼ਤੇ ਇਸ ਚੋਣ ਨਾਲ ਜਾਂ ਤਾਂ ਮਜ਼ਬੂਤ ਹੋ ਸਕਦੇ ਹਨ ਜਾਂ ਫਿਰ ਇਨ੍ਹਾਂ ਵਿੱਚ ਤਣਾਅ ਵੀ ਪੈਦਾ ਹੋ ਸਕਦਾ ਹੈ। ਇਹ ਸਭ ਗੱਠਜੋੜ ਦੀਆਂ ਨੀਤੀਆਂ ਉੱਤੇ ਨਿਰਭਰ ਕਰੇਗਾ ਤੇ ਦੱਖਣੀ ਅਫਰੀਕਾ ਇਨ੍ਹਾਂ ਗੁੰਝਲਾਂ ਵਿੱਚੋਂ ਕਿਵੇਂ ਲੰਘਦਾ ਹੈ, ਇਸ ਨੂੰ ਦੁਨੀਆ ਬਾਰੀਕੀ ਨਾਲ ਦੇਖੇਗੀ।

Advertisement

Advertisement
Author Image

joginder kumar

View all posts

Advertisement
Advertisement
×