For the best experience, open
https://m.punjabitribuneonline.com
on your mobile browser.
Advertisement

ਮੂਸੇਵਾਲਾ ਪਰਿਵਾਰ ਦੇ ਚੋਣ ਮੈਦਾਨ ’ਚੋਂ ਹਟਣ ਪਿੱਛੋਂ ਸਿਆਸੀ ਧਿਰਾਂ ਖੁਸ਼

11:49 AM May 01, 2024 IST
ਮੂਸੇਵਾਲਾ ਪਰਿਵਾਰ ਦੇ ਚੋਣ ਮੈਦਾਨ ’ਚੋਂ ਹਟਣ ਪਿੱਛੋਂ ਸਿਆਸੀ ਧਿਰਾਂ ਖੁਸ਼
Advertisement

ਪੱਤਰ ਪ੍ਰੇਰਕ
ਮਾਨਸਾ, 30 ਅਪਰੈਲ
ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਕਿਸੇ ਮੈਂਬਰ ਦੇ ਚੋਣ ਮੈਦਾਨ ਵਿੱਚ ਨਾ ਉਤਰਨ ਦੇ ਫੈਸਲੇ ਤੋਂ ਬਾਅਦ ਕਾਂਗਰਸ ਸਮੇਤ ਹੋਰਨਾਂ ਪਾਰਟੀਆਂ ਦੇ ਆਗੂ ਖੁਸ਼ ਹਨ। ਪਰਿਵਾਰ ਵੱਲੋਂ ਚੋਣ ਮੈਦਾਨ ਵਿੱਚ ਆਜ਼ਾਦ ਉਮੀਦਵਾਰ ਵਜੋਂ ਉਤਰਨ ਦੇ ਐਲਾਨ ਤੋਂ ਬਾਅਦ ਬੀਤੀ ਦੇਰ ਰਾਤ ਉਨ੍ਹਾਂ ਨੂੰ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਚੋਣਾਂ ਵਿੱਚ ਭਾਗ ਨਾ ਲੈਣ ਲਈ ਮਨਾਉਣ ਵਿੱਚ ਸਫ਼ਲ ਹੋ ਗਏ। ਆਜ਼ਾਦ ਉਮੀਦਵਾਰ ਵਜੋਂ ਉਤਰਨ ਦੇ ਐਲਾਨ ਤੋਂ ਬਾਅਦ ਬਠਿੰਡਾ ਹਲਕੇ ਵਿੱਚ ਅਚਾਨਕ ਸਿਆਸੀ ਸਮੀਕਰਨ ਬਦਲ ਗਏ ਸਨ ਪਰ ਹੁਣ ਨਵੇਂ ਫੈਸਲੇ ਮਗਰੋਂ ਕਾਂਗਰਸ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਆਗੂ ਖੁਸ਼ ਹਨ।
ਇਥੇ ਦਿਲਚਸਪ ਗੱਲ ਹੈ ਕਿ ਮੂਸੇਵਾਲਾ ਵੱਲੋਂ ਮਾਨਸਾ ਵਿਧਾਨ ਸਭਾ ਹਲਕੇ ਤੋਂ 2022 ਵਿੱਚ ਕਾਂਗਰਸ ਵੱਲੋਂ ਚੋਣ ਲੜੀ ਸੀ ਪਰ ਉਹ ‘ਆਪ’ ਦੇ ਡਾ. ਵਿਜੈ ਸਿੰਗਲਾ ਤੋਂ ਹਾਰ ਗਏ ਸਨ। ਬਾਅਦ ਵਿੱਚ ਉਨ੍ਹਾਂ ਦੇ 29 ਮਈ, 2022 ਨੂੰ ਹੋਏ ਕਤਲ ਤੋਂ ਬਾਅਦ ਲੋਕਾਂ ਦੀ ਇੱਕ ਵੱਡੀ ਹਮਦਰਦੀ ਮੂਸੇਵਾਲਾ ਪਰਿਵਾਰ ਨਾਲ ਜੁੜ ਗਈ। ਪੰਜਾਬੀ ਗਾਇਕ ਦੇ ਕਤਲ ਤੋਂ ਬਾਅਦ ਜਦੋਂ ਪਰਿਵਾਰ ਵੱਲੋਂ ਇਨਸਾਫ਼ ਦੀ ਲੜਾਈ ਆਰੰਭ ਕੀਤੀ ਤਾਂ ਬਲਕੌਰ ਸਿੰਘ ਸਿੱਧੂ ਵੱਲੋਂ ਸਾਰੀਆਂ ਸਿਆਸੀ ਧਿਰਾਂ ਨੂੰ ਇਨਸਾਫ਼ ਵਾਸਤੇ ਯੋਗਦਾਨ ਪਾਉਣ ਲਈ ਜ਼ੋਰਦਾਰ ਅਪੀਲ ਕੀਤੀ ਗਈ ਪਰ ਇਸਦੇ ਬਾਵਜੂਦ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਕੋਈ ਭਰਵਾਂ ਹੁੰਗਾਰਾ ਨਹੀਂ ਦਿੱਤਾ ਗਿਆ। ਇਸੇ ਦੌਰਾਨ ਮੂਸੇਵਾਲਾ ਦੇ ਪਰਿਵਾਰ ਨੇ ਪੁੱਤ ਦੇ ਇਨਸਾਫ਼ ਲਈ ਰਾਜਨੀਤੀ ਵਿੱਚ ਆਉਣ ਦਾ ਐਲਾਨ ਕੀਤਾ ਅਤੇ ਹੁਣ ਜਦੋਂ ਲੋਕ ਸਭਾ ਚੋਣਾਂ ਦਾ ਬਿਗਲ ਵੱਜਿਆ ਤਾਂ ਇਲਾਕੇ ਦੇ ਨੌਜਵਾਨਾਂ ਸਮੇਤ ਹੋਰਨਾਂ ਅਨੇਕਾਂ ਧਿਰਾਂ ਨੇ ਮੂਸੇਵਾਲਾ ਪਰਿਵਾਰ ’ਤੇ ਚੋਣ ਮੈਦਾਨ ਵਿੱਚ ਆਉਣ ਲਈ ਦਬਾਅ ਪਾਉਣਾ ਆਰੰਭ ਕਰ ਦਿੱਤਾ ਗਿਆ। ਪਰਿਵਾਰ ਵੱਲੋਂ ਜਦੋਂ ਪਰਸੋਂ ਅਜ਼ਾਦ ਉਮੀਦਵਾਰ ਵਜੋਂ ਮੈਦਾਨ ’ਚ ਉਤਰਨ ਦਾ ਐਲਾਨ ਤੋਂ ਬਾਅਦ ਰਾਜਨੀਤਿਕ ਧਿਰਾਂ ਵਿੱਚ ਘਬਰਾਹਟ ਪੈਦਾ ਹੋ ਗਈ ਅਤੇ ਉਹ ਪੱਤਰਕਾਰਾਂ ਸਮੇਤ ਪਰਿਵਾਰ ਦੇ ਨੇੜਲੇ ਮੈਂਬਰਾਂ ਤੋਂ ਕੰਨਸੋਆਂ ਲੈਂਦੇ ਰਹੇ ਪਰ ਆਖਰ ਪਰਿਵਾਰ ਦੀ ਨਾਂਹ ਤੋਂ ਬਾਅਦ ਸਾਰਿਆਂ ਨੇ ਸੁੱਖ ਦਾ ਸਾਹ ਲਿਆ।
ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ ਨੇ ਕਿਹਾ ਕਿ ਮੂਸੇਵਾਲਾ ਪਰਿਵਾਰ ਦਾ ਨੌਜਵਾਨਾਂ ਅਤੇ ਆਮ ਲੋਕਾਂ ਵਿੱਚ ਭਰਵਾਂ ਪ੍ਰਭਾਵ ਹੋਣ ਕਾਰਨ, ਉਨ੍ਹਾਂ ਦੇ ਚੋਣਾਂ ਵਿੱਚ ਖੜ੍ਹੇ ਹੋਣ ਨਾਲ ਸਾਰੀਆਂ ਸਿਆਸੀ ਧਿਰਾਂ ਦੇ ਵੋਟ ਬੈਂਕ ਉਤੇ ਅਸਰ ਪੈਣਾ ਸੀ। ਕਾਂਗਰਸੀ ਆਗੂ ਕਰਮ ਸਿੰਘ ਚੌਹਾਨ ਨੇ ਕਿਹਾ ਕਿ ਮੂਸੇਵਾਲਾ ਪਰਿਵਾਰ ਦੇ ਚੋਣ ਲੜਨ ਨਾਲ ਸਾਰੀਆਂ ਰਾਜਸੀ ਪਾਰਟੀਆਂ ਦੀਆਂ ਗਿਣਤੀਆਂ-ਮਿਣਤੀਆਂ ਹਿਲਾ ਧਰਨੀਆਂ ਸਨ।

Advertisement

Advertisement
Author Image

Advertisement
Advertisement
×