ਚੋਣ ਮੈਦਾਨ ’ਚ ਕੁੱਦੇ ਉਮੀਦਵਾਰਾਂ ਦੇ ਸਿਆਸੀ ਵਾਰਿਸ
ਸ਼ਗਨ ਕਟਾਰੀਆ
ਬਠਿੰਡਾ, 4 ਮਈ
ਪੰਜਾਬ ’ਚ ਚੋਣ ਤਰੀਕ ਦੀ ਪੁੱਠੀ ਗਿਣਤੀ ਦੀ ਸ਼ੁਰੂਆਤ ਦੇ ਨਾਲ ਚੋਣ ਮੈਦਾਨ ਭਖਣ ਲੱਗਾ ਹੈ। ਉਮੀਦਵਾਰਾਂ ਦੇ ਸਿਆਸੀ ਵਾਰਿਸ ਵੀ ਹੁਣ ਪ੍ਰਚਾਰ ਮੁਹਿੰਮ ’ਚ ਨਿੱਤਰ ਆਏ ਹਨ। 3 ਜ਼ਿਲ੍ਹਿਆਂ ਅਤੇ 9 ਵਿਧਾਨ ਸਭਾ ਹਲਕਿਆਂ ਵਾਲੇ ਬਠਿੰਡਾ ਲੋਕ ਸਭਾ ਹਲਕੇ ’ਚ ਮੁਕਾਬਲਾ ਦਿਲਚਸਪ ਬਣਦਾ ਜਾ ਰਿਹਾ ਹੈ। ਇਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਪ੍ਰਚਾਰ ਨੂੰ ਉਨ੍ਹਾਂ ਦੇ ਪੁੱਤਰ ਸੁਮੀਤ ਅਤੇ ਅਮੀਤ ਖੰਭ ਲਾ ਰਹੇ ਹਨ। ਲੰਮੇ ਚੌੜੇ ਭੂਗੋਲਿਕ ਖਿੱਤੇ ਵਾਲੇ ਇਸ ਹਲਕੇ ’ਚ ਤਿੰਨੇ ਪਿਤਾ-ਪੁੱਤਰ ਇਲਾਕਿਆਂ ਨੂੰ ਵੰਡ ਕੇ ਪ੍ਰਚਾਰ ਕਰ ਰਹੇ ਹਨ। ਖੁੱਡੀਆਂ ਦਾ ਭਤੀਜਾ ਰਣਧੀਰ ਧੀਰਾ ਵੀ ਪਰਿਵਾਰ ਦੇ ਜੱਦੀ ਹਲਕੇ ਲੰਬੀ ’ਚ ਸਰਗਰਮ ਹੈ।
ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੀ ਪਤਨੀ ਨਿਮਰਤ ਕੌਰ ਆਪਣੇ ਪਤੀ ਦੇ ਹੱਕ ’ਚ ਪ੍ਰਚਾਰ ਕਰ ਰਹੀ ਹੈ। ਉਨ੍ਹਾਂ ਦੀ ਔਰਤਾਂ ਦੀਆਂ ਮੁਹੱਲਾ ਮੀਟਿੰਗਾਂ ’ਚ ਸ਼ਮੂਲੀਅਤ ਵਧੇਰੇ ਹੈ। ਜੀਤ ਮਹਿੰਦਰ ਸਿੱਧੂ ਦੇ ਪੁੱਤਰ ਗੁਰਬਾਜ਼ ਸਿੰਘ ਲੋਕਾਂ ਕੋਲ ਜਾ ਕੇ ਆਪਣੇ ਪਿਤਾ ਦੇ ਹੱਕ ’ਚ ਫ਼ਤਵੇ ਲਈ ਅਪੀਲ ਕਰ ਰਹੇ ਹਨ।
ਹਲਕੇ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਸਿੱਧੂ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਹੈ। ਸਾਬਕਾ ਆਈਏਐੱਸ ਅਧਿਕਾਰੀ ਪਰਮਪਾਲ ਕੌਰ ਨੇ ਕੁਝ ਦਿਨ ਪਹਿਲਾਂ ਹੀ ਆਪਣੀ ਨੌਕਰੀ ਨੂੰ ਅਲਵਿਦਾ ਕਹਿ ਕੇ ਭਾਜਪਾ ਦਾ ਪੱਲਾ ਫੜਿਆ ਸੀ। ਉਨ੍ਹਾਂ ਦੇ ਚੋਣ ਪ੍ਰਚਾਰ ਵਿੱਚ ਉਨ੍ਹਾਂ ਦੇ ਪਤੀ ਗੁਰਪ੍ਰੀਤ ਸਿੰਘ ਮਲੂਕਾ ਸਾਥ ਦੇ ਰਹੇ ਹਨ। ਸਿਕੰਦਰ ਸਿੰਘ ਮਲੂਕਾ ਨੇ ਫਿਲਹਾਲ ਉਨ੍ਹਾਂ ਦੇ ਚੋਣ ਪ੍ਰਚਾਰ ਤੋਂ ਦੂਰੀ ਬਣਾਈ ਹੋਈ ਹੈ। ਉਂਜ ਵੀ ਅਕਾਲੀ ਸਿਆਸਤ ’ਚ ਉਨ੍ਹਾਂ ਦੀ ਸਰਗਰਮੀ ਖ਼ਤਮ ਵਾਂਗ ਹੈ। ਮਲੂਕਾ ਕਿਸੇ ਅਕਾਲੀ ਉਮੀਦਵਾਰ ਦੇ ਹੱਕ ’ਚ ਪ੍ਰਚਾਰ ਕਰਦੇ ਵੀ ਨਜ਼ਰ ਨਹੀਂ ਆਏ।
ਹਰਸਿਮਰਤ ਵੱਲੋਂ ਫਿਲਹਾਲ ਇਕੱਲਿਆਂ ਚੋਣ ਪ੍ਰਚਾਰ
ਬਠਿੰਡਾ ਹਲਕੇ ਤੋਂ ਚੌਥੀ ਵਾਰ ਚੋਣ ਲੜ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਫਿਲਹਾਲ ਇਕੱਲੇ ਹੀ ਚੋਣ ਪ੍ਰਚਾਰ ’ਚ ਦਿਖਾਈ ਦੇ ਰਹੇ ਹਨ। ਉਂਜ ਉਨ੍ਹਾਂ ਦੇ ਪਤੀ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਹੈਸੀਅਤ ਵਜੋਂ ਪ੍ਰਚਾਰ ਵਿੱਚ ਹਾਜ਼ਰੀ ਜ਼ਰੂਰ ਲੁਆ ਰਹੇ ਹਨ। ਉਹ ਇਸ ਵੇਲੇ ‘ਪੰਜਾਬ ਬਚਾਓ’ ਯਾਤਰਾ ਵਿੱਚ ਰੁੱਝੇ ਹੋਏ ਹਨ। ਪਿਛਲੀਆਂ ਚੋਣਾਂ ’ਚ ਉਨ੍ਹਾਂ ਦੇ ਬੱਚਿਆਂ ਨੇ ਵੀ ਆਪਣੀ ਮਾਤਾ ਦੇ ਪੱਖ ’ਚ ਚੋਣ ਪ੍ਰਚਾਰ ਕੀਤਾ ਸੀ।