For the best experience, open
https://m.punjabitribuneonline.com
on your mobile browser.
Advertisement

ਅੰਮ੍ਰਿਤਪਾਲ ਸਿੰਘ ਦੀ ਆਮਦ ਨਾਲ ਬਦਲੇ ਸਿਆਸੀ ਸਮੀਕਰਨ

08:03 AM May 10, 2024 IST
ਅੰਮ੍ਰਿਤਪਾਲ ਸਿੰਘ ਦੀ ਆਮਦ ਨਾਲ ਬਦਲੇ ਸਿਆਸੀ ਸਮੀਕਰਨ
Advertisement

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 9 ਮਈ
ਲੋਕ ਸਭਾ ਹਲਕਾ ਖਡੂਰ ਸਾਹਿਬ ਨੂੰ ਪਹਿਲਾਂ ਤਰਨ ਤਾਰਨ ਲੋਕ ਸਭਾ ਹਲਕੇ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਇੱਥੋਂ ਆਜ਼ਾਦ ਉਮੀਦਵਾਰ ਵਜੋਂ ਅੰਮ੍ਰਿਤਪਾਲ ਸਿੰਘ ਦੀ ਆਮਦ ਨਾਲ ਸਿਆਸੀ ਸਮੀਕਰਨ ਬਦਲਣ ਲੱਗੇ ਹਨ। ਉਸ ਦੀ ਆਮਦ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦੀ ਜਿੱਤ ਹਾਰ ਨੂੰ ਪ੍ਰਭਾਵਿਤ ਕਰੇਗੀ। ਇਸ ਲੋਕ ਸਭਾ ਹਲਕੇ ਵਿੱਚ ਹੁਣ ਤੱਕ ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਪੰਜ ਮੁੱਖ ਸਿਆਸੀ ਪਾਰਟੀਆਂ ਦੇ ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਿਨ੍ਹਾਂ ’ਚ ਕਾਂਗਰਸ ਵੱਲੋਂ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ‘ਆਪ’ ਵੱਲੋਂ ਮੌਜੂਦਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ, ਭਾਜਪਾ ਵੱਲੋਂ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਮੀਆਂਵਿੰਡ ਤੇ ਖੱਬੇ ਪੱਖੀ ਧਿਰਾਂ ਸੀਪੀਆਈ ਵੱਲੋਂ ਗੁਰਦਿਆਲ ਸਿੰਘ ਸ਼ਾਮਿਲ ਹਨ। ਇਸ ਕਾਰਨ ਇਸ ਲੋਕ ਸਭਾ ਹਲਕੇ ਵਿੱਚ ਵੀ ਇਸ ਵਾਰ ਬਹੁਕੋਣਾ ਮੁਕਾਬਲਾ ਹੋਵੇਗਾ। ਪਿਛੋਕੜ ’ਤੇ ਜੇਕਰ ਝਾਤ ਮਾਰੀ ਜਾਵੇ ਤਾਂ 2008 ਤੋਂ ਪਹਿਲਾਂ ਇਹ ਹਲਕਾ ਤਰਨ ਤਾਰਨ ਲੋਕ ਸਭਾ ਹਲਕੇ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਪਰ 2009 ਵਿੱਚ ਇਸ ਨੂੰ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਰੂਪ ਵਿੱਚ ਬਦਲ ਦਿੱਤਾ ਗਿਆ ਅਤੇ ਇਸ ਵਿੱਚ ਕਈ ਨਵੇਂ ਵਿਧਾਨ ਸਭਾ ਹਲਕੇ ਸ਼ਾਮਲ ਕੀਤੇ ਗਏ। ਇਸ ਲੋਕ ਸਭਾ ਹਲਕੇ ਹੇਠ ਆਉਂਦੇ ਨੌਂ ਵਿਧਾਨ ਸਭਾ ਹਲਕੇ ਵੱਖ ਵੱਖ ਚਾਰ ਜ਼ਿਲ੍ਹਿਆਂ ਤੋਂ ਹਨ ਜਿਨ੍ਹਾਂ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਦੋ ਵਿਧਾਨ ਸਭਾ ਹਲਕੇ ਜੰਡਿਆਲਾ ਅਤੇ ਬਾਬਾ ਬਕਾਲਾ, ਤਰਨ ਤਾਰਨ ਜ਼ਿਲ੍ਹੇ ਦੇ ਚਾਰ ਤਰਨ ਤਾਰਨ, ਖਡੂਰ ਸਾਹਿਬ, ਪੱਟੀ ਅਤੇ ਖੇਮਕਰਨ, ਕਪੂਰਥਲਾ ਜ਼ਿਲ੍ਹੇ ਦੇ ਕਪੂਰਥਲਾ ਤੇ ਸੁਲਤਾਨਪੁਰ ਲੋਧੀ ਅਤੇ ਫਿਰੋਜ਼ਪੁਰ ਜ਼ਿਲ੍ਹੇ ਦਾ ਜ਼ੀਰਾ ਹਲਕਾ ਸ਼ਾਮਲ ਹੈ। ਇਸ ਲੋਕ ਸਭਾ ਹਲਕੇ ਦੇ ਨੌਂ ਵਿਧਾਨ ਸਭਾ ਹਲਕਿਆਂ ’ਚੋਂ ਸੱਤ ’ਚ ‘ਆਪ’ ਵਿਧਾਇਕ ਕਾਬਜ਼ ਹਨ ਜਦਕਿ ਇੱਕ ਵਿਧਾਨ ਸਭਾ ਹਲਕੇ ’ਚ ਕਾਂਗਰਸ ਤੇ ਇੱਕ ਵਿਧਾਨ ਸਭਾ ਹਲਕੇ ਵਿੱਚ ਆਜ਼ਾਦ ਵਿਧਾਇਕ ਕਾਬਜ਼ ਹੈ। ਇਸ ਕਾਰਨ ਕਿਹਾ ਜਾ ਸਕਦਾ ਹੈ ਕਿ ਇਸ ਵੇਲੇ ਲੋਕ ਸਭਾ ਹਲਕੇ ’ਤੇ ‘ਆਪ’ ਦਾ ਦਬਦਬਾ ਹੈ।

Advertisement

11 ਵਾਰ ਅਕਾਲੀ ਦਲ ਤੇ 7 ਵਾਰ ਕਾਂਗਰਸ ਨੇ ਹਾਸਲ ਕੀਤੀ ਜਿੱਤ

ਸਾਲ 1952 ਤੋਂ ਲੈ ਕੇ 2019 ਤੱਕ ਇਸ ਹਲਕੇ ਵਿੱਚ ਹੋਈਆਂ ਲੋਕ ਸਭਾ ਚੋਣਾਂ ਅਤੇ ਉਪ ਚੋਣਾਂ ਦੌਰਾਨ ਸੱਤ ਵਾਰ ਕਾਂਗਰਸੀ ਉਮੀਦਵਾਰ ਅਤੇ 11 ਵਾਰ ਅਕਾਲੀ ਉਮੀਦਵਾਰ ਜਿੱਤੇ ਹਨ ਜਿਨ੍ਹਾਂ ਵਿੱਚ 1989 ਵਿੱਚ ਸਿਮਰਨਜੀਤ ਸਿੰਘ ਮਾਨ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਵਜੋਂ ਚੋਣ ਜਿੱਤ ਚੁੱਕੇ ਹਨ। ਇਸ ਤੋਂ ਇਲਾਵਾ 10 ਵਾਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚੋਣ ਜਿੱਤੇ ਹਨ ਜਿਸ ਵਿੱਚ ਸਭ ਤੋਂ ਵਧੇਰੇ ਤੁੜ ਪਰਿਵਾਰ ਦੇ ਜੀਅ ਸ਼ਾਮਲ ਸਨ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਜਦੋਂ ਇੱਕ ਵਾਰ ਮੁੜ ਕਾਂਗਰਸ ਦੇ ਜਸਬੀਰ ਸਿੰਘ ਡਿੰਪਾ ਨੇ ਇਸ ਹਲਕੇ ਵਿੱਚ ਸੰਨ੍ਹ ਲਾਈ ਸੀ ਤਾਂ ਉਸ ਵੇਲੇ ਵੀ ਪੰਥਕ ਵੋਟ ਵੰਡੀ ਗਈ ਸੀ। ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਅਤੇ ਪੰਥਕ ਉਮੀਦਵਾਰ ਵਜੋਂ ਬੀਬੀ ਪਰਮਜੀਤ ਕੌਰ ਖਾਲੜਾ ਨੇ ਚੋਣ ਲੜੀ ਸੀ। ਜੇ ਦੋਵਾਂ ਉਮੀਦਵਾਰਾਂ ਦੀ ਵੋਟ ਫੀਸਦ ਨੂੰ ਜੋੜਿਆ ਜਾਵੇ ਤਾਂ ਉਨ੍ਹਾਂ ਨੇ 50 ਫੀਸਦ ਵੋਟ ਪ੍ਰਾਪਤ ਕੀਤੀ ਸੀ ਜਦਕਿ ਕਾਂਗਰਸ ਦੇ ਉਮੀਦਵਾਰ ਨੇ 43 ਫੀਸਦ ਵੋਟ ਪ੍ਰਾਪਤ ਕੀਤੀ ਸੀ ਪਰ ਸਿੱਖ ਵੋਟ ਵੰਡੇ ਜਾਣ ਕਾਰਨ ਕਾਂਗਰਸੀ ਉਮੀਦਵਾਰ ਨੂੰ ਲਾਹਾ ਮਿਲਿਆ ਸੀ। ਇਸ ਵਾਰ ਪੰਥਕ ਵੋਟਰਾਂ ਦਾ ਝੁਕਾਅ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਖਾਲਸਾ ਵੱਲ ਵਧ ਰਿਹਾ ਹੈ। ਅੰਮ੍ਰਿਤਪਾਲ ਸਿੰਘ ਇਸ ਵੇਲੇ ਐੱਨਐੱਸਏ ਹੇਠ ਅਸਾਮ ਦੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ। ਉਸ ਦੇ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਨਿਤਰਨ ਕਾਰਨ ਪਿਛਲੀ ਵਾਰ ਚੋਣ ਲੜ ਚੁੱਕੀ ਬੀਬੀ ਪਰਮਜੀਤ ਕੌਰ ਖਾਲੜਾ ਵੀ ਉਸ ਦੇ ਹੱਕ ਵਿੱਚ ਆ ਗਈ ਹੈ।

Advertisement

Advertisement
Author Image

joginder kumar

View all posts

Advertisement