ਨਮਾਜ਼ੀਆਂ ਨੂੰ ਠੁੱਡੇ ਮਾਰਨ ਵਾਲਾ ਪੁਲੀਸ ਮੁਲਾਜ਼ਮ ਮੁਅੱਤਲ
ਨਵੀਂ ਦਿੱਲੀ, 8 ਮਾਰਚ
ਦਿੱਲੀ ਪੁਲੀਸ ਨੇ ਇੰਦਰਲੋਕ ਇਲਾਕੇ ’ਚ ਇੱਕ ਸੜਕ ’ਤੇ ਨਮਾਜ਼ ਅਦਾ ਕਰ ਰਹੇ ਕੁਝ ਨਮਾਜ਼ੀਆਂ ਨੂੰ ਕਥਿਤ ਧੱਕੇ ਅਤੇ ਠੁੱਡੇ ਮਾਰਨ ਵਾਲੇ ਸਬ-ਇੰਸਪੈਕਟਰ ਨੂੰ ਅੱਜ ਮੁਅੱਤਲ ਕਰ ਦਿੱਤਾ ਹੈ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਸਿਆਸੀ ਆਗੂਆਂ ਸਣੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਸਬ-ਇੰਸਪੈਕਟਰ ਮਨੋਜ ਕੁਮਾਰ ਤੋਮਰ ਦੀ ਕਾਰਵਾਈ ਦੀ ਨਿਖੇਧੀ ਕੀਤੀ ਹੈ। ਦਿੱਲੀ ਕਾਂਗਰਸ ਨੇ ਪੁਲੀਸ ਮੁਲਾਜ਼ਮ ਵੱਲੋਂ ਨਮਾਜ਼ੀਆਂ ਨੂੰ ਠੁੱਡੇ ਮਾਰਨ ਦੀ ਘਟਨਾ ਨੂੰ ‘ਸ਼ਰਮਨਾਕ’ ਕਰਾਰ ਦਿੱਤਾ ਹੈ। ਇਹ ਘਟਨਾ ਅੱਜ ‘ਜੁੰਮੇ ਦੀ ਨਮਾਜ਼’ ਦੌਰਾਨ ਲਗਪਗ 2 ਵਜੇ ਇੰਦਰਲੋਕ ਮੈਟਰੋ ਸਟੇਸ਼ਨ ਨੇੜੇ ਵਾਪਰੀ। ਸਥਾਨਕ ਲੋਕਾਂ ਮੁਤਾਬਕ ਮਸਜਿਦ ’ਚ ਜਗ੍ਹਾ ਘੱਟ ਹੋਣ ਕਾਰਨ ਕੁਝ ਲੋਕ ਨੇੜਲੀ ਸੜਕ ’ਤੇ ਨਮਾਜ਼ ਪੜ੍ਹ ਰਹੇ ਸਨ। ਘਟਨਾ ਦੀ ਵਾਇਰਲ ਹੋਈ ਵੀਡੀਓ ’ਚ ਸਬ-ਇੰਸਪੈਕਟਰ ਤੋਮਰ ਸੜਕ ’ਤੇ ਨਮਾਜ਼ ਪੜ੍ਹ ਰਹੇ ਕੁਝ ਵਿਅਕਤੀਆਂ ਨੂੰ ਧੱਕੇ ਤੇ ਠੁੱਡੇ ਮਾਰਦਾ ਦਿਖਾਈ ਦੇ ਰਿਹਾ ਹੈ। ਇਸ ਕਾਰਨ ਸਥਾਨਕ ਲੋਕਾਂ ਨੇ ਪ੍ਰਦਰਸ਼ਨ ਕਰਦਿਆਂ ਸੜਕ ਬੰਦ ਕਰ ਦਿੱਤੀ ਤੇ ਚੌਕੀ ਇੰਚਾਰਜ ਤੋਮਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਘਟਨਾ ਮਗਰੋਂ ਇੰਦਰਲੋਕ ’ਚ ਸਥਿਤੀ ਤਣਾਅਪੂਰਨ ਹੋਣ ਕਾਰਨ ਸੁਰੱਖਿਆ ਵਧਾ ਦਿੱਤੀ ਗਈ। ਡੀਸੀਪੀ (ਉੱਤਰੀ) ਐੱਮ.ਕੇ. ਮੀਨਾ ਨੇ ਦੱੱਸਿਆ ਕਿ ਪੁਲੀਸ ਚੌਕੀ ਇੰਚਾਰਜ ਮਨੋਜ ਕੁਮਾਰ ਤੋਮਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਤੇ ਅਨੁਸ਼ਾਸਨੀ ਕਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਐੱਸਆਈ ਦੀ ਮੁਅੱਤਲੀ ਦੇ ਹੁਕਮ ਦਿਖਾਏ ਜਾਣ ਮਗਰੋਂ ਪ੍ਰਦਰਸ਼ਨਕਾਰੀਆਂ ਨੇ ਧਰਨਾ ਖਤਮ ਕਰ ਦਿੱਤਾ। ਜੁਆਇੰਟ ਕਮਿਸ਼ਨਰ ਆਫ ਪੁਲੀਸ (ਸੈਂਟਰਲ ਰੇਂਜ) ਪਰਮਦਿੱਤਿਆ ਪਰਮਿਦਿੱਤਿਆ ਨੇ ਕਿਹਾ ਕਿ ਸਥਿਤੀ ਕਾਬੂ ਹੇਠ ਹੈ ਅਤੇ ਇਲਾਕੇ ’ਚ ਪੁਲੀਸ ਤਾਇਨਾਤ ਰਹੇਗੀ। -ਪੀਟੀਆਈ