ਵਾਹਨ ’ਤੇ ਲੱਗੀ ਕਾਲੀ ਸਕਰੀਨ ਹਟਾਉਣ ਦਾ ਵਿਰੋਧ ਕਰਨ ਵਾਲਾ ਪੁਲੀਸ ਕਰਮੀ ਮੁਅੱਤਲ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 18 ਅਗਸਤ
ਥਾਰ ਗੱਡੀ ਦੀਆਂ ਖਿੜਕੀਆਂ ’ਤੇ ਕਾਲੀ ਸਕਰੀਨ ਲਗਾਉਣ ਨੂੰ ਲੈ ਕੇ ਟਰੈਫਿਕ ਅਤੇ ਸਵੈਟ (ਸਪੈਸ਼ਲ ਵੈਪਨ ਐਂਡ ਟੈਕਟਿਕਸ) ਪੁਲੀਸ ਟੀਮ ਨਾਲ ਪੁਲੀਸ ਕਰਮੀ ਦੀ ਬਹਿਸ ਕਰਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਪੁਲੀਸ ਅਧਿਕਾਰੀਆਂ ਨੇ ਅੱਜ ਇਸ ਦਾ ਗੰਭੀਰ ਨੋਟਿਸ ਲਿਆ ਹੈ। ਇਸ ਤਹਿਤ ਬਹਿਸ ਕਰਨ ਵਾਲੇ ਪੁਲੀਸ ਕਰਮੀ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।
ਮੁਅੱਤਲ ਕਾਂਸਟੇਬਲ ਸ਼ੁਭਕਰਮਨ ਸਿੰਘ ਅੰਮ੍ਰਿਤਸਰ ਦਿਹਾਤੀ ਪੁਲੀਸ ਵਿੱਚ ਡੀਐੱਸਪੀ ਰੈਂਕ ਦੇ ਅਧਿਕਾਰੀ ਨਾਲ ਗੰਨਮੈਨ ਵਜੋਂ ਤਾਇਨਾਤ ਸੀ। ਇਹ ਘਟਨਾ 16 ਅਗਸਤ ਨੂੰ ਸ਼ਹਿਰ ਦੇ ਪੁਲੀਸ ਕਮਿਸ਼ਨਰੇਟ ਖੇਤਰ ਵਿੱਚ ਵਾਪਰੀ ਸੀ। ਅੰਮ੍ਰਿਤਸਰ ਦਿਹਾਤੀ ਪੁਲੀਸ ਦੇ ਐੱਸਐੱਸਪੀ ਚਰਨਜੀਤ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਕਿ ਉਸ ਨੂੰ ਅਨੁਸ਼ਾਸਨਹੀਣਤਾ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੁਰਖਿਆ ਬਲ ਵਿੱਚ ਅਨੁਸ਼ਾਸਨਹੀਣਤਾ ਦੀ ਕੋਈ ਥਾਂ ਨਹੀਂ ਹੈ। ਅਣਗਹਿਲੀ ਵਰਤਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਵੀਡੀਓ ’ਚ ਇਹ ਕਾਂਸਟੇਬਲ ਜੀਪ ਵਿੱਚ ਲੱਗੀ ਕਾਲੀ ਨੈੱਟ ਵਾਲੀ ਸਕਰੀਨ ਲਗਾਉਣ ’ਤੇ ਅੜਿਆ ਨਜ਼ਰ ਆ ਰਿਹਾ ਸੀ। ਉਹ ਇਸ ਨੂੰ ਉਤਾਰਨ ਦਾ ਵਿਰੋਧ ਕਰ ਰਿਹਾ ਸੀ। ਟ੍ਰੈਫਿਕ ਪੁਲੀਸ ਨੇ ਉਸ ਨੂੰ ਕਾਲੀ ਸਕਰੀਨ ਲਗਾਉਣ ਖਿਲਾਫ ਰੋਕਿਆ ਸੀ ਜੋ ਗੈਰਕਾਨੂੰਨੀ ਹੈ ਅਤੇ ਮੋਟਰ ਵਹੀਕਲ ਐਕਟ ਦੀ ਉਲੰਘਣਾ ਹੈ ,ਜਿਸ ਤਹਿਤ ਉਲੰਘਣਾ ਕਰਨ ਵਾਲੇ ਨੂੰ ਭਾਰੀ ਜੁਰਮਾਨਾ ਦੇਣਾ ਪੈ ਸਕਦਾ ਹੈ। ਇੱਕ ਪੁਲੀਸ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਸਿਟੀ ਪੁਲੀਸ ਨੂੰ ਰਿਕਾਰਡ ਕੀਤੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਨਹੀਂ ਕਰਨੀ ਚਾਹੀਦੀ ਸੀ। ਇਹ ਵਿਭਾਗ ਦਾ ਅੰਦਰੂਨੀ ਮਾਮਲਾ ਸੀ ਅਤੇ ਇਸ ਨੂੰ ਸੋਸ਼ਲ ਮੀਡੀਆ ’ਤੇ ਅਪਲੋਡ ਕਰਕੇ ਜਨਤਕ ਨਹੀਂ ਕੀਤਾ ਜਾਣਾ ਚਾਹੀਦਾ ਸੀ।