ਪੁਲੀਸ ਮੁਲਾਜ਼ਮ ਹੀ ਨਿਕਲਿਆ ਲੁਟੇਰਾ
ਹਤਿੰਦਰ ਮਹਿਤਾ
ਜਲੰਧਰ, 21 ਸਤੰਬਰ
ਪਿੰਡ ਮੇਵਾ ਸਿੰਘ ਵਾਲਾ ਦੇ ਪੈਟਰੋਲ ਪੰਪ ’ਤੇ ਦੋ ਲੁਟੇਰਿਆਂ ਵੱਲੋਂ ਲੁੱਟ ਕੀਤੀ ਗਈ ਪਰ ਬਾਅਦ ’ਚ ਪੰਪ ਵਾਲਿਆਂ ਨੇ ਪਿੱਛਾ ਕਰ ਕੇ ਲੁਟੇਰਿਆਂ ’ਚੋਂ ਇਕ ਵਿਅਕਤੀ ਨੂੰ ਕਾਬੂ ਕਰ ਲਿਆ ਜਦਕਿ ਦੂਸਰਾ ਲੁਟੇਰਾ ਮੋਟਰਸਾਈਕਲ ਉੱਪਰ ਫ਼ਰਾਰ ਹੋ ਗਿਆ।
ਮੇਵਾ ਸਿੰਘ ਵਾਲਾ ਫਿਲਿੰਗ ਸਟੇਸ਼ਨ ਦੇ ਮਾਲਕ ਬਲਵੀਰ ਸਿੰਘ ਤੇ ਕਰਮਚਾਰੀ ਵਿਧੀ ਸ਼ੇਖ ਨੇ ਦੱਸਿਆ ਕਿ ਦੋ ਵਿਅਕਤੀ ਮੋਟਰਸਾਈਕਲ ’ਤੇ ਉਨ੍ਹਾਂ ਦੇ ਪੰਪ ’ਤੇ ਆਏ ਅਤੇ ਤੇਲ ਪਵਾਇਆ। ਉਨ੍ਹਾਂ ਦੱਸਿਆ ਕਿ ਲੁਟੇਰਿਆਂ, ਜਿਨ੍ਹਾਂ ਆਪਣੇ ਮੂੰਹ ਢਕੇ ਹੋਏ ਸਨ, ’ਚੋਂ ਇਕ ਨੇ ਉਸ ਨੂੰ ਜੱਫਾ ਮਾਰ ਲਿਆ ਤੇ ਪੈਸੇ ਦੇਣ ਲਈ ਕਿਹਾ। ਉਸ ਨੇ ਦੱਸਿਆ ਕਿ ਝਟਕਾ ਮਾਰ ਕੇ ਉਸ ਨੇ ਲੁਟੇਰੇ ਨੂੰ ਪਰਾਂ ਕੀਤਾ ਤੇ ਪੰਪ ਦੇ ਪਿਛਲੇ ਪਾਸੇ ਵੱਲ ਭੱਜ ਗਿਆ। ਇਸੇ ਦੌਰਾਨ ਲੁਟੇਰੇ ਨੇ ਉਸ ਕੋਲੋਂ ਪੰਜ ਹਜ਼ਾਰ ਰੁਪਏ ਦੇ ਕਰੀਬ ਨਕਦੀ ਖੋਹ ਲਈ ਸੀ। ਵਿਧੀ ਸ਼ੇਖ ਨੇ ਦੱਸਿਆ ਕਿ ਦੂਸਰੇ ਲੁਟੇਰੇ ਨੇ ਉਸ ਨਾਲ ਦੇ ਮੁਲਾਜ਼ਮ ਸੋਨੂੰ ਉਪਰ ਪਿਸਤੌਲ ਤਾਣ ਦਿੱਤੀ, ਜਿਸ ’ਤੇ ਸੋਨੂੰ ਲੁਟੇਰੇ ਨਾਲ ਗੁਥਮ ਗੁੱਥੀ ਹੋ ਗਿਆ ਤੇ ਉਸ ਦੀ ਪਿਸਤੌਲ ਖੋਹ ਲਈ। ਜਦੋਂ ਉਹ ਸੜਕ ਵੱਲ ਰੌਲਾ ਪਾਉਣ ਲਈ ਭੱਜਿਆ ਤਾਂ ਲੁਟੇਰਾ ਵੀ ਉਸ ਦੇ ਪਿੱਛੇ ਭੱਜਿਆ। ਉਪਰੰਤ ਲੁਟੇਰੇ ਮੋਟਰਸਾਈਕਲ ’ਤੇ ਪਿੰਡ ਮੇਵਾ ਸਿੰਘ ਵਾਲਾ ਤੋਂ ਕੱਚੇ ਰਸਤੇ ਰਾਹੀਂ ਕੁੱਲੀਆਂ ਵੱਲ ਨੂੰ ਫ਼ਰਾਰ ਹੋ ਗਏ।
ਬਲਬੀਰ ਸਿੰਘ ਨੇ ਦੱਸਿਆ ਕਿ ਉਸ ਨੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਲੁਟੇਰਿਆਂ ਦਾ ਪਿੱਛਾ ਕੀਤਾ ਤੇ ਉਨ੍ਹਾਂ ਨੂੰ ਘੇਰ ਕੇ ਇਕ ਲੁਟੇਰੇ ਨੂੰ ਕਾਬੂ ਕਰ ਲਿਆ, ਜਦਕਿ ਦੂਸਰਾ ਲੁਟੇਰਾ ਮੋਟਰਸਾਈਕਲ ’ਤੇ ਫ਼ਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਲੁਟੇਰੇ ਪਾਸੋਂ ਉਸ ਦਾ ਪੰਜਾਬ ਪੁਲੀਸ ਦਾ ਸ਼ਨਾਖਤੀ ਕਾਰਡ ਤੇ ਆਧਾਰ ਕਾਰਡ ਬਰਾਮਦ ਹੋਇਆ ਜਿਸ ਉੱਪਰ ਲੁਟੇਰੇ ਦਾ ਨਾਮ ਰਣਧੀਰ ਸਿੰਘ ਲਿਖਿਆ ਹੈ ਜੋ ਉਹ ਖ਼ੁਦ ਨੂੰ ਨਕੋਦਰ ਵਿੱਚ ਤਾਇਨਾਤ ਇਕ ਸਿਪਾਹੀ ਦੱਸ ਰਿਹਾ ਹੈ। ਪੰਪ ਦੇ ਮਾਲਕ ਬਲਵੀਰ ਸਿੰਘ ਨੇ ਪੁਲੀਸ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਫੜੇ ਗਏ ਲੁਟੇਰੇ ਕੋਲੋਂ ਦੂਸਰੇ ਲੁਟੇਰੇ ਦੀ ਸ਼ਨਾਖਤ ਕਰਵਾ ਕੇ ਉਸ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਤੇ ਦੋਹਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਡੀਐੱਸਪੀ ਬਬਨਦੀਪ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਲੁਟੇਰੇ ਪਾਸੋਂ ਆਈ ਕਾਰਡ ਵੀ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ ’ਚ ਕੇਸ ਦਰਜ ਕਰ ਲਿਆ ਗਿਆ ਹੈ ਤੇ ਮੁਲਜ਼ਮਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਲੁੱਟ ਖੋਹ ਦੌਰਾਨ ਡਿੱਗਿਆ ਲੁਟੇਰੇ ਦਾ ਪਿਸਤੌਲ ਵੀ ਬਰਾਮਦ ਕਰ ਲਿਆ ਗਿਆ ਹੈ।