ਬੁਲੇਟ ਦੇ ਪਟਾਕੇ ਵਜਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰੇਗੀ ਪੁਲੀਸ
ਨਿੱਜੀ ਪੱਤਰ ਪ੍ਰੇਰਕ
ਮੋਗਾ, 6 ਜੂਨ
ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਬੁਲੇਟ ਮੋਟਰਸਾਈਕਲਾਂ ਦੇ ਪਟਾਕੇ ਵਜਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀਆਂ ਹਦਾਇਤਾਂ ਦਿੱਤੀਆਂ ਹਨ। ਸੂਬੇ ਦੇ ਏਡੀਜੀਪੀ ਟਰੈਫ਼ਿਕ ਏਐੱਸ ਰਾਏ ਨੇ ਦੱਸਿਆ ਕਿ ਹਾਈ ਕੋਰਟ ਦੇ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਸੂਬੇ ਦੇ ਸਾਰੇ ਪੁਲੀਸ ਕਮਿਸ਼ਨਰਾਂ ਅਤੇ ਐੱਸਐੱਸਪੀਜ਼ ਨੂੰ ਹਦਾਇਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਮੋਟਰਸਾਈਕਲ ਕੰਪਨੀ ਵੱਲੋਂ ਫਿੱਟ ਕੀਤੇ ਸਾਇਲੈਂਸਰ ਬਦਲਣ ਵਾਲੇ ਮਕੈਨਿਕ ਖ਼ਿਲਾਫ਼ ਵੀ ਧਾਰਾ 188 ਤਹਿਤ ਐੱਫ਼ਆਈਆਰ ਦਰਜ ਕਰ ਕੀਤੀ ਜਾਵੇਗੀ। ਸ੍ਰੀ ਰਾਏ ਨੇ ਕਿਹਾ ਕਿ ਟਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਟਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ, ਉਨ੍ਹਾਂ ਦੇ ਚਲਾਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਕੁਝ ਨੌਜਵਾਨ ਆਪਣੇ ਬੁਲੇਟ ਮੋਟਰਸਾਈਕਲਾਂ ‘ਤੇ ਸਾਇਲੈਂਸਰ ਬਦਲਵਾ ਕੇ ਪਟਾਕੇ ਵਜਾਉਂਦੇ ਹਨ, ਜਿਸ ਨਾਲ ਆਮ ਲੋਕ ਦਹਿਸ਼ਤ ‘ਚ ਆ ਜਾਂਦੇ ਹਨ ਤੇ ਕਈ ਹਾਦਸਿਆਂ ਦਾ ਵੀ ਸ਼ਿਕਾਰ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹੁਣ ਚੈਕਿੰਗ ਦੌਰਾਨ ਮੋਟਰਸਾਈਕਲਾਂ ਦੇ ਸਾਇਲੈਂਸਰਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ। ਜਿਹੜੇ ਵਿਅਕਤੀ ਦੇ ਮੋਟਰਸਾਈਕਲ ਦਾ ਸਾਇਲੈਂਸਰ ਏਜੰਸੀ ਫਿੱਟਡ ਨਾ ਹੋਇਆ ਤੇ ਪਟਾਕੇ ਮਾਰਦਾ ਹੋਇਆ, ਉਸ ਖ਼ਿਲਾਫ਼ ਤੁਰੰਤ ਮੋਟਰ ਵਾਹਨ ਐਕਟ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਨੇ ਮੁੱਖ ਅਫ਼ਸਰ ਥਾਣਾ ਤੇ ਚੌਕੀ ਇੰਚਾਰਜਾਂ ਨੂੰ ਵੀ ਹਦਾਇਤ ਕੀਤੀ ਕਿ ਮੋਟਰਸਾਈਕਲ ਮਕੈਨਿਕਾਂ ਅਤੇ ਵਰਕਸ਼ਾਪਾਂ ਦੇ ਮਾਲਕਾਂ ਨੂੰ ਵੀ ਹਾਈ ਕੋਰਟ ਦੇ ਇਨ੍ਹਾਂ ਹੁਕਮਾਂ ਬਾਰੇ ਦੱਸਿਆ ਜਾਵੇ।