ਪੁਲੀਸ ਨੇ ਸਸਕਾਰ ਤੋਂ ਪਹਿਲਾਂ ਚਿਖਾ ਵਿੱਚੋਂ ਚੁੱਕੀ ਲਾਸ਼
ਸਰਬਜੀਤ ਗਿੱਲ
ਫਿਲੌਰ, 30 ਜੁਲਾਈ
ਪਿੰਡ ਗੜਾ ਦੇ ਸ਼ਮਸ਼ਾਨਘਾਟ ’ਚ ਔਰਤ ਦੇ ਸਸਕਾਰ ਤੋਂ ਐਨ ਪਹਿਲਾਂ ਪੁੱਜ ਕੇ ਪੁਲੀਸ ਨੇ ਸਸਕਾਰ ਰੋਕ ਦਿੱਤਾ ਅਤੇ ਮ੍ਰਿਤਕ ਦੇਹ ਨੂੰ ਕਬਜ਼ੇ ’ਚ ਲੈ ਲਿਆ। ਇਸ ਸਬੰਧੀ ਥਾਣਾ ਮੁਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਹੈਲਪਲਾਈਨ ਕਾਲ ਰਾਹੀਂ ਸੂਚਨਾ ਮਿਲੀ ਸੀ ਕਿ ਸ਼ੱਕੀ ਢੰਗ ਨਾਲ ਵਿਆਹੁਤਾ ਔਰਤ ਦਾ ਸਸਕਾਰ ਕੀਤਾ ਜਾ ਰਿਹਾ ਹੈ। ਇਸ ਮਗਰੋਂ ਮੌਕੇ ’ਤੇ ਪੁੱਜ ਕੇ ਪਿੰਡ ਗੜਾ ਦੇ ਸ਼ਮਸ਼ਾਨਘਾਟ ’ਚੋਂ ਮ੍ਰਿਤਕ ਦੇਹ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਪੁਲੀਸ ਨੇ ਬਖਸ਼ੋ, ਪ੍ਰਵੀਨ ਕੌਰ ਤੇ ਊਸ਼ਾ ਰਾਣੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਮ੍ਰਿਤਕਾ ਅਮਨਦੀਪ ਦੇ ਭਰਾ ਰਮਨ ਕੁਮਾਰ ਵਾਸੀ ਪ੍ਰਤਾਬਪੁਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ਆਇਆ ਸੀ ਕਿ ਅਮਨਦੀਪ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ’ਤੇ ਉਹ ਪਿੰਡ ਗੜਾ ਵਿੱਚ ਪਹੁੰਚੇ। ਰਮਨ ਕੁਮਾਰ ਨੇ ਦੱਸਿਆ ਕਿ ਅਮਨਦੀਪ ਨੂੰ ਨਹਾਉਣ ਮੌਕੇ ਉਸ ਦੀ ਪਤਨੀ ਨੇ ਦੇਖਿਆ ਕਿ ਉਸ ਦੇ ਪੱਟ ’ਤੇ ਕਾਲੇ ਪੈੱਨ ਨਾਲ ਲਿਖਿਆ ਹੋਇਆ ਸੀ ਕਿ ਉਸ ਨੂੰ ਸਹੁਰੇ ਪਰਿਵਾਰ ਵੱਲ਼ੋਂ ਮਾਰਿਆ ਗਿਆ ਹੈ। ਇਸ ਤੋਂ ਬਾਅਦ ਸ਼ੱਕ ਹੋਣ ’ਤੇ ਪੁਲੀਸ ਨੂੰ ਸੂਚਿਤ ਕੀਤਾ ਗਿਆ। ਇਸ ਦੌਰਾਨ ਸਹੁਰੇ ਪਰਿਵਾਰ ਨੇ ਮ੍ਰਿਤਕ ਦੇਹ ਨੂੰ ਸ਼ਮਸ਼ਾਨਘਾਟ ਲਿਜਾ ਕੇ ਸਸਕਾਰ ਕਰਨ ਦੀ ਕੋਸ਼ਿਸ਼ ਕੀਤੀ ਜਿੱਥੇ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਸਸਕਾਰ ਰੋਕ ਦਿੱਤਾ।
ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਮਨਦੀਪ ਦਾ 12 ਸਾਲ ਪਹਿਲਾਂ ਵਿਆਹ ਹੋਇਆ ਸੀ। ਉਸ ਦੇ ਤਿੰਨ ਬੱਚੇ ਹਨ ਤੇ ਉਸ ਦਾ ਪਤੀ ਦੁਬਈ ਵਿਚ ਹੈ।