ਦਿੱਲੀ ਵਿੱਚ ਸਕੂਲ ਨੇੜੇ ਧਮਾਕੇ ’ਚ ਪੁਲੀਸ ਨੂੰ ਖਾਲਿਸਤਾਨੀਆਂ ਦੀ ਸ਼ਮੂਲੀਅਤ ਦਾ ਸ਼ੱਕ
ਨਵੀਂ ਦਿੱਲੀ, 21 ਅਕਤੂਬਰ
ਕੌਮੀ ਰਾਜਧਾਨੀ ਵਿੱਚ ਕੇਂਦਰੀ ਰਿਜ਼ਰਵ ਪੁਲੀਸ ਬਲ (ਸੀਆਰਪੀਐੱਫ) ਸਕੂਲ ਨੇੜੇ ਹੋਏ ਧਮਾਕੇ ਵਿੱਚ ਸੰਭਾਵੀ ਖਾਲਿਸਤਾਨੀ ਸਬੰਧਾਂ ਦੀ ਜਾਂਚ ਕਰ ਰਹੀ ਦਿੱਲੀ ਪੁਲੀਸ ਨੇ ਅੱਜ ਧਮਾਕੇ ਦੀ ਜ਼ਿੰਮੇਵਾਰੀ ਲੈਣ ਵਾਲੀ ਜਥੇਬੰਦੀ ਬਾਰੇ ਜਾਣਕਾਰੀ ਹਾਸਲ ਕਰਨ ਲਈ ਮੈਸੇਜਿੰਗ ਐਪ ਟੈਲੀਗ੍ਰਾਮ ਨੂੰ ਪੱਤਰ ਲਿਖਿਆ ਹੈ। ਪੁਲੀਸ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਰੋਹਿਣੀ ਦੇ ਪ੍ਰਸ਼ਾਂਤ ਵਿਹਾਰ ਇਲਾਕੇ ’ਚ ਸੀਆਰਪੀਐੱਫ ਸਕੂਲ ਨੇੜੇ ਬੀਤੀ ਸਵੇਰ ਜ਼ਬਰਦਸਤ ਧਮਾਕਾ ਹੋਇਆ ਸੀ। ਧਮਾਕੇ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਨੇੜਲੀਆਂ ਦੁਕਾਨਾਂ ਦੇ ਹੋਰਡਿੰਗ ਅਤੇ ਵਾਹਨਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਨੁਕਸਾਨੇ ਗਏ। ਘਟਨਾ ਸਬੰਧੀ ਦਰਜ ਕੀਤੀ ਐੱਫਆਈਆਰ ਵਿੱਚ ਪੁਲੀਸ ਨੇ ਘਟਨਾ ਸਥਾਨ ’ਤੇ ‘ਚਿੱਟਾ ਪਾਊਡਰ ਖਿਲਰਿਆ ਮਿਲਣ’ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਧਮਾਕਾ ‘ਕਿਸੇ ਅਣਜਾਣ ਧਮਾਕਾਖੇਜ਼ ਸਮੱਗਰੀ’ ਕਾਰਨ ਹੋਇਆ ਸੀ। ਸੋਸ਼ਲ ਮੀਡੀਆ ’ਤੇ ਕਥਿਤ ਟੈਲੀਗ੍ਰਾਮ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਧਮਾਕਾ ਭਾਰਤੀ ਏਜੰਟਾਂ ਵੱਲੋਂ ਕਥਿਤ ਤੌਰ ’ਤੇ ਖਾਲਿਸਤਾਨ ਪੱਖੀ ਵੱਖਵਾਦੀਆਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਜਵਾਬ ਵਿੱਚ ਕੀਤਾ ਗਿਆ ਹੈ। ਪੁਲੀਸ ਨੇ ਕਿਹਾ ਕਿ ਇਸ ਪੋਸਟ ਰਾਹੀਂ ਧਮਾਕੇ ਪਿੱਛੇ ਖਾਲਿਸਤਾਨ ਸਮਰਥਕ ਵੱਖਵਾਦੀਆਂ ਦੇ ਹੋਣ ਦੀ ਸੰਭਾਵਨਾ ਦਾ ਸੰਕੇਤ ਮਿਲਿਆ ਹੈ। ਉਨ੍ਹਾਂ ਕਿਹਾ, ‘ਪੁਲੀਸ ਨੇ ‘ਟੈਲੀਗ੍ਰਾਮ’ ਨੂੰ ਪੱਤਰ ਲਿਖ ਕੇ ‘ਜਸਟਿਸ ਲੀਗ ਇੰਡੀਆ’ ਗਰੁੱਪ ਬਣਾਉਣ ਵਾਲੇ ਦੀ ਜਾਣਕਾਰੀ ਮੰਗੀ ਹੈ, ਜਿਸ ਦੀ ਪੋਸਟ ਵਿੱਚ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਵਾਲੇ ‘ਵਾਟਰਮਾਰਕ’ ਨਾਲ ਧਮਾਕੇ ਦੀ ਇੱਕ ਸੀਸੀਟੀਵੀ ਫੁਟੇਜ ਦੀ ਵੀਡੀਓ ਸਾਂਝੀ ਕੀਤੀ ਗਈ ਹੈ।’ ਟੈਲੀਗ੍ਰਾਮ ’ਤੇ ਸਾਂਝੀ ਕੀਤੀ ਗਈ ਪੋਸਟ ਵਿੱਚ ‘ਜਸਟਿਸ ਲੀਗ ਇੰਡੀਆ’ ਨੇ ਲਿਖਿਆ, ‘ਜੇ ਭਾਰਤ ਦੀ ਕਾਇਰ ਏਜੰਸੀ ਅਤੇ ਉਨ੍ਹਾਂ ਦੇ ਮਾਲਕ ਇਹ ਸੋਚਦੇ ਹਨ ਕਿ ਉਹ ਸਾਡੀ ਆਵਾਜ਼ ਦਬਾ ਸਕਦੇ ਹਨ ਅਤੇ ਸਾਡੇ ਮੈਂਬਰਾਂ ਨੂੰ ਨਿਸ਼ਾਨਾ ਬਣਾਉਣ ਲਈ ਬਦਮਾਸ਼ ਕਿਰਾਏ ’ਤੇ ਲੈ ਸਕਦੇ ਹਨ ਤਾਂ ਉਹ ਮੂਰਖਾਂ ਦੀ ਦੁਨੀਆ ਵਿੱਚ ਰਹਿੰਦੇ ਹਨ। ਉਹ ਸੋਚ ਵੀ ਨਹੀਂ ਸਕਦੇ ਕਿ ਅਸੀਂ ਉਨ੍ਹਾਂ ਦੇ ਕਿੰਨੇ ਨੇੜੇ ਹਾਂ ਅਤੇ ਅਸੀਂ ਕਿਸੇ ਵੀ ਸਮੇਂ ਹਮਲਾ ਕਰਨ ਦੇ ਕਾਬਲ ਹਾਂ। ਖਾਲਿਸਤਾਨ ਜ਼ਿੰਦਾਬਾਦ।’ ਇਸ ਦੌਰਾਨ ਦਿੱਲੀ ਪੁਲੀਸ ਨੇ ਉਨ੍ਹਾਂ ਵੱਖ-ਵੱਖ ਬਾਜ਼ਾਰਾਂ ਵਿੱਚ ਸੁਰੱਖਿਆ ਵਧਾ ਦਿੱਤੀ ਹੈ, ਜਿੱਥੇ ਤਿਓਹਾਰਾਂ ਦੇ ਦਿਨਾਂ ਦੌਰਾਨ ਖਰੀਦਦਾਰਾਂ ਦੀ ਭੀੜ ਰਹਿੰਦੀ ਹੈ। ਇਸੇ ਤਰ੍ਹਾਂ ਪੁਲੀਸ ਨੇ ਰੇਲਵੇ ਅਤੇ ਮੈਟਰੋ ਕਰਮਚਾਰੀਆਂ ਨੂੰ ਵੀ ਚੌਕਸ ਰਹਿਣ ਲਈ ਕਿਹਾ ਹੈ। -ਪੀਟੀਆਈ
ਸੀਸੀਟੀਵੀ ਫੁਟੇਜ ਦੀ ਜਾਂਚ ਦੌਰਾਨ ਪੁਲੀਸ ਨੂੰ ਮਸ਼ਕੂਕ ਨਜ਼ਰ ਆਇਆ
ਸੀਆਰਪੀਐੱਫ ਦੀ ਟੀਮ ਨੇ ਅੱਜ ਸਵੇਰੇ ਘਟਨਾ ਸਥਾਨ ਦਾ ਦੌਰਾ ਕੀਤਾ। ਪੁਲੀਸ ਨੇ ਸੀਸੀਟੀਵੀ ਫੁਟੇਜ ਹਾਸਲ ਕੀਤੀ ਹੈ, ਜਿਸ ਵਿੱਚ ਇੱਕ ਮਸ਼ਕੂਕ ਧਮਾਕੇ ਤੋਂ ਇੱਕ ਰਾਤ ਪਹਿਲਾਂ ਵਾਲੀ ਥਾਂ ’ਤੇ ਚਿੱਟੀ ਟੀ-ਸ਼ਰਟ ਪਹਿਨੀ ਦਿਖਾਈ ਦੇ ਰਿਹਾ ਹੈ। ਦਿੱਲੀ ਪੁਲੀਸ ਦਾ ਸਪੈਸ਼ਲ ਸੈੱਲ, ਕ੍ਰਾਈਮ ਬ੍ਰਾਂਚ ਅਤੇ ਸਥਾਨਕ ਪੁਲੀਸ ਟੀਮ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।