ਪੁਲੀਸ ਨੇ ਨਾਬਾਲਗ ਲੜਕੀ ਦਾ ਵਿਆਹ ਰੁਕਵਾਇਆ
ਹਰਜੀਤ ਸਿੰਘ ਪਰਮਾਰ
ਬਟਾਲਾ, 27 ਅਗਸਤ
ਥਾਣਾ ਸਿਵਲ ਲਾਈਨਜ਼ ਦੀ ਪੁਲੀਸ ਨੇ ਅੱਜ ਇੱਕ ਬਾਲ ਵਿਆਹ ਦੀ ਸੂਚਨਾ ਮਿਲਣ ’ਤੇ ਤੁਰੰਤ ਕਾਰਵਾਈ ਕਰਦਿਆਂ ਮੌਕੇ ’ਤੇ ਪਹੁੰਚ ਕੇ ਨਾਬਾਲਗ ਲੜਕੀ ਦਾ ਵਿਆਹ ਰੁਕਵਾ ਦਿੱਤਾ। ਪੁਲੀਸ ਨੇ ਦੋਵਾਂ ਧਿਰਾਂ ਨੂੰ ਥਾਣੇ ਬੁਲਾ ਕੇ ਚਿਤਾਵਨੀ ਦਿੱਤੀ ਅਤੇ ਵਿਆਹ ਨਾ ਕਰਨ ਦੀ ਹਦਾਇਤ ਦੇ ਕੇ ਘਰਾਂ ਨੂੰ ਭੇਜ ਦਿੱਤਾ।
ਪ੍ਰਾਪਤ ਵੇਰਵਿਆਂ ਅਨੁਸਾਰ ਕਲਾਨੌਰ ਦੇ ਇੱਕ ਨੇੜਲੇ ਪਿੰਡ ਦਾ ਲੜਕਾ ਬਟਾਲਾ ਦੇ ਮੁਹੱਲਾ ਸ਼ੁਕਰਪੁਰਾ ਵਿਖੇ ਬਰਾਤ ਲੈ ਕੇ ਆਇਆ ਸੀ ਅਤੇ ਜਿਸ ਲੜਕੀ ਨਾਲ ਉਸ ਦਾ ਵਿਆਹ ਹੋਣ ਜਾ ਰਿਹਾ ਸੀ ਉਸ ਦੀ ਉਮਰ ਸਿਰਫ 14-15 ਸਾਲ ਦੇ ਕਰੀਬ ਸੀ। ਉਕਤ ਵਿਆਹ ਸਬੰਧੀ ਕਿਸੇ ਨੇ ਪੁਲੀਸ ਨੂੰ ਸੂਚਿਤ ਕਰ ਦਿੱਤਾ ਤਾਂ ਪੁਲੀਸ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਵਿਆਹ ਰੁਕਵਾ ਦਿੱਤਾ ਅਤੇ ਦੋਵਾਂ ਧਿਰਾਂ ਨੂੰ ਥਾਣੇ ਬੁਲਾ ਲਿਆ। ਕਾਫੀ ਸਮਾਂ ਥਾਣੇ ਰੱਖਣ ਉਪਰੰਤ ਥਾਣਾ ਸਿਵਲ ਲਾਈਨਜ਼ ਪੁਲੀਸ ਨੇ ਵਿਆਹੁਣ ਆਏ ਲੜਕੇ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੂੰ ਚਿਤਾਵਨੀ ਦੇ ਵਾਪਸ ਭੇਜ ਦਿੱਤਾ। ਇਸ ਮਾਮਲੇ ਦੀ ਭਿਣਕ ਮਿਲਦਿਆਂ ਹੀ ਮੀਡੀਆ ਕਰਮੀ ਵੀ ਥਾਣੇ ਪਹੁੰਚ ਗਏ। ਇਸ ਸਬੰਧੀ ਜਦੋਂ ਥਾਣਾ ਸਿਵਲ ਲਾਈਨਜ਼ ਦੇ ਮੁਖੀ ਸੁਖਰਾਜ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਫੋਨ ’ਤੇ ਕਿਸੇ ਨੇ ਇਸ ਬਾਲ ਵਿਆਹ ਬਾਰੇ ਸੂਚਨਾ ਦਿੱਤੀ ਸੀ ਤਾਂ ਉਨ੍ਹਾਂ ਤੁਰੰਤ ਪੁਲੀਸ ਪਾਰਟੀ ਭੇਜ ਕੇ ਵਿਆਹ ਨੂੰ ਰੁਕਵਾ ਦਿੱਤਾ ਅਤੇ ਦੋਵਾਂ ਧਿਰਾਂ ਨੂੰ ਥਾਣੇ ਬੁਲਾ ਕੇ ਹਦਾਇਤ ਕੀਤੀ ਕਿ ਜਦੋਂ ਤੱਕ ਲੜਕੀ ਬਾਲਗ ਨਹੀਂ ਹੋ ਜਾਂਦੀ ਤੱਦ ਤੱਕ ਉਸ ਦਾ ਵਿਆਹ ਨਾ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਦੋਵਾਂ ਧਿਰਾਂ ਨੂੰ ਚਿਤਾਵਨੀ ਦੇ ਕੇ ਘਰਾਂ ਭੇਜ ਦਿੱਤਾ ਗਿਆ ਹੈ।