ਖਸਤਾ ਹਾਲ ਇਮਾਰਤ ’ਚ ਚੱਲ ਰਿਹਾ ਥਾਣਾ ਹੁਣ ‘ਅਸੁਰੱਖਿਅਤ ਇਮਾਰਤ’ ਵਿੱਚ ਤਬਦੀਲ
ਮਹਿੰਦਰ ਸਿੰਘ ਰੱਤੀਆਂ
ਮੋਗਾ, 1 ਸਤੰਬਰ
ਸਰਕਾਰ ਵੱਲੋਂ ਭਾਵੇਂ ਪੰਜਾਬ ਪੁਲੀਸ ਨੂੰ ਹਾਈਟੈੱਕ ਕਰਨ ਤੇ ਆਧੁਨਿਕ ਤਕਨੀਕ ਵਾਹਨ ਮੁਹੱਈਆ ਕਰਵਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਕਈ ਜ਼ਿਲ੍ਹਿਆਂ ’ਚ ਥਾਣੇ ਖੰਡਰ ਇਮਾਰਤਾਂ ਵਿੱਚ ਚੱਲ ਰਹੇ ਹਨ। ਕਰੀਬ ਦਹਾਕੇ ਤੋਂ ਅਸੁਰੱਖਿਅਤ ਐਲਾਨੀ ਸ਼ਹਿਰ ਦੀ ਸੰਘਣੀ ਅਤੇ ਪੌਸ਼ ਆਬਾਦੀ ’ਚ ਸਥਿਤ ਇੱਕ ਖਸਤਾ ਹਾਲ ਇਮਾਰਤ ’ਚ ਚੱਲ ਰਿਹਾ ਥਾਣਾ ਸਿਟੀ ਦੱਖਣੀ ਮਾਰਕੀਟ ਕਮੇਟੀ ਅਧਿਕਾਰੀਆਂ ਦੇ ਵਿਰੋਧ ਕਰਨ ਦੇ ਬਾਵਜੂਦ ਪ੍ਰਸ਼ਾਸਨ ਨੇ ਸਥਾਨਕ ਰੇਲਵੇ ਰੋਡ ਸਥਿਤ ਮਾਰਕੀਟ ਕਮੇਟੀ ਦੇ ਸਰਕਾਰੀ ਰਿਹਾਇਸ਼ੀ ਕੁਆਰਟਰਾਂ ਵਿਚ ਅੱਜ ਤਬਦੀਲ ਕਰ ਦਿੱਤਾ। ਸਿਵਲ ਪ੍ਰਸ਼ਾਸਨ ਤੇ ਪੁਲੀਸ ਨੇ ਕਰੀਬ 5 ਸਾਲ ਪਹਿਲਾਂ ਵੀ ਇਹ ਇਮਾਰਤ ਮੋਗਾ ਜੀਤ ਸਿੰਘ ਪਟਵਾਰ ਭਵਨ ’ਚ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਮਾਲ ਵਿਭਾਗ ਤੇ ਲੋਕਾਂ ਵੱਲੋਂ ਵਿਰੋਧ ਕਰਨ ’ਤੇ ਇੱਥੇ ਥਾਣਾ ਤਬਦੀਲ ਨਾ ਹੋ ਸਕਿਆ। ਕਰੀਬ ਪੌਣੇ ਦੋ ਸਾਲ ਪਹਿਲਾਂ 21 ਜਨਵਰੀ 2023 ਨੂੰ ਸੂਬੇ ਦੇ ਲੋਕ ਨਿਰਮਾਣ ਅਤੇ ਬਿਜਲੀ ਵਿਭਾਗ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਥਾਣੇ ਦੀ ਇਸ ਖਸਤਾ ਹਾਲ ਇਮਾਰਤ ਦਾ ਜਾਇਜ਼ਾ ਲੈਂਦਿਆਂ ਭਰੋਸਾ ਦਿੱਤਾ ਸੀ ਕਿ ਜਲਦੀ ਹੀ ਇਸ ਇਮਾਰਤ ’ਚੋਂ ਥਾਣਾ ਤਬਦੀਲ ਕੀਤਾ ਜਾਵੇਗਾ ਪਰ ਪੌਣੇ 2 ਸਾਲ ਬਾਅਦ ਵੀ ਪਰਨਾਲਾ ਉੱਥੇ ਦਾ ਉੱਥੇ ਰਿਹਾ।
ਪੰਜਾਬੀ ਟ੍ਰਿਬਿਊਨ ’ਚ 23 ਜੁਲਾਈ ਦੇ ਅੰਕ ’ਚ ਪੁਲੀਸ ਮੁਲਾਜ਼ਮ ਖਸਤਾ ਹਾਲ ਇਮਾਰਤ ’ਚ ਸੇਵਾਵਾਂ ਦੇਣ ਲਈ ਮਜਬੂਰ ਸਿਰਲੇਖ ਹੇਠ ਛਪੀ ਖਬਰ ਮਗਰੋਂ ਪ੍ਰਸ਼ਾਸਨ ਮੁੜ ਹਰਕਤ ’ਚ ਆਇਆ। ਇਸ ਮਗਰੋਂ ਸਥਾਨਕ ਰੇਲਵੇ ਰੋਡ ਸਥਿਤ ਮਾਰਕੀਟ ਕਮੇਟੀ ਦੇ ਸਰਕਾਰੀ ਰਿਹਾਇਸ਼ੀ ਕੁਆਰਟਰਾਂ ’ਤੇ ਪੁਲੀਸ ਦੀ ਨਜ਼ਰ ਪਈ ਅਤੇ ਅੱਜ ਇਨ੍ਹਾਂ ਕੁਆਰਟਰਾਂ ’ਚ ਥਾਣਾ ਸਿਟੀ ਦੱਖਣੀ ਤਬਦੀਲ ਹੋ ਗਿਆ। ਇਹ ਥਾਣਾ ਸਿਟੀ ਦੱਖਣੀ ਸੰਘਣੀ ਆਬਾਦੀ ’ਚੋਂ ਤਬਦੀਲ ਹੋਣ ਨਾਲ ਆਸ-ਪਾਸ ਦੇ ਲੋਕਾਂ ਨੇ ਵੀ ਸੁੱਖ ਦਾ ਸਾਹ ਲਿਆ ਹੈ।
ਮਾਰਕੀਟ ਕਮੇਟੀ ਚੇਅਰਮੈਨ ਹਰਜਿੰਦਰ ਸਿੰਘ ਰੋਡੇ ਅਤੇ ਸਥਾਨਕ ਮਾਰਕੀਟ ਕਮੇਟੀ ਸਕੱਤਰ ਗੁਰਲਾਲ ਸਿੰਘ ਨੇ ਇਸ ਨੂੰ ਪੁਲੀਸ ਦੀ ਧੱਕੇਸ਼ਾਹੀ ਕਰਾਰ ਦਿੰਦਿਆਂ ਕਿਹਾ ਕਿ ਅੱਜ ਐਤਵਾਰ ਹੋਣ ਕਾਰਨ ਉਹ ਕੁਝ ਨਹੀਂ ਕਰ ਸਕੇ ਪਰ ਭਲਕੇ ਸੋਮਵਾਰ ਨੂੰ ਐੱਸਐੱਸਪੀ ਨੂੰ ਕਬਜ਼ਾ ਛੱਡਣ ਲਈ ਲਿਖਤੀ ਰੂਪ ਵਿੱਚ ਪੱਤਰ ਦਿੱਤਾ ਜਾਵੇਗਾ ਅਤੇ ਪੰਜਾਬ ਮੰਡੀਕਰਨ ਬੋਰਡ ਅਧਿਕਾਰੀਆਂ ਨੂੰ ਵੀ ਜਾਣਕਾਰੀ ਭੇਜੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਇਮਾਰਤ ਕਰੀਬ ਦੋ ਮਹੀਨੇ ਪਹਿਲਾਂ ਹੀ ਲੋਕ ਨਿਰਮਾਣ ਵਿਭਾਗ ਵੱਲੋਂ ਅਸੁਰੱਖਿਅਤ ਐਲਾਨੀ ਗਈ ਹੈ। ਉਨ੍ਹਾਂ ਪੁਲੀਸ ਦੋਸ਼ ਲਗਾਇਆ ਕਿ ਉਨ੍ਹਾਂ ਤਾਲੇ ਤੋੜ ਕੇ ਤਾਨਾਸ਼ਾਹੀ ਨਾਲ ਕਥਿਤ ਕਬਜ਼ਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਮਾਰਤ ਅਸੁਰੱਖਿਅਤ ਕਰਾਰ ਦੇਣ ਉੱਤੇ ਇਨ੍ਹਾਂ ਮੁਲਾਜ਼ਮਾਂ ਤੋਂ ਕੁਆਰਟਰ ਖਾਲੀ ਕਰਵਾਏ ਗਏ ਸਨ ਅਤੇ ਬਾਕੀਆਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ।
ਥਾਣਾ ਮੁਖੀ ਨੇ ਦੋਸ਼ ਨਕਾਰੇ
ਥਾਣਾ ਮੁਖੀ ਇੰਸਪੈਕਟਰ ਪ੍ਰਤਾਪ ਸਿੰਘ ਨੇ ਕਬਜ਼ਾ ਕਰਨ ਦੇ ਦੋਸ਼ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੀਨੀਅਰ ਸਿਵਲ ਤੇ ਪੁਲੀਸ ਅਫ਼ਸਰਾਂ ਵੱਲੋਂ ਹਰੀ ਝੰਡੀ ਮਿਲਣ ਉੱਤੇ ਥਾਣਾ ਮਾਰਕੀਟ ਕਮੇਟੀ ਦੇ ਰਿਹਾਇਸ਼ੀ ਕੁਆਰਟਰਾਂ ਵਿੱਚ ਤਬਦੀਲ ਕੀਤਾ ਗਿਆ ਹੈ।