ਸਰਹੱਦੀ ਖੇਤਰ ’ਚ ਪੁਲੀਸ ਨੂੰ ਪਾਕਿਸਤਾਨ ਤੋਂ ਫੋਨ ਆਉਣ ਲੱਗੇ
ਐੱਨਪੀ ਧਵਨ
ਪਠਾਨਕੋਟ, 25 ਅਕਤੂਬਰ
ਹਿਮਾਚਲ ਅਤੇ ਜੰਮੂ-ਕਸ਼ਮੀਰ ਨਾਲ ਲੱਗਦੇ ਪੰਜਾਬ ਦੇ ਅਖਰੀਲੇ ਜ਼ਿਲ੍ਹੇ ਪਠਾਨਕੋਟ ਨੂੰ ਤਿਉਹਾਰਾਂ ਦੇ ਸੀਜ਼ਨ ਕਾਰਨ ਅਲਰਟ ’ਤੇ ਰੱਖਿਆ ਗਿਆ ਹੈ ਕਿਉਂਕਿ ਸਰਹੱਦੀ ਖੇਤਰ ’ਚ ਡਿਊਟੀ ਕਰ ਰਹੇ ਪੁਲੀਸ ਮੁਲਾਜ਼ਮਾਂ ਨੂੰ ਹੁਣ ਭਾਰਤੀ ਨੰਬਰਾਂ ’ਤੇ ਪਾਕਿਸਤਾਨੀਆਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਹਨ। ਹਾਲਾਂਕਿ ਪੁਲੀਸ ਇਸ ਬਾਰੇ ਕੁਝ ਨਹੀਂ ਕਹਿ ਰਹੀ ਕਿ ਉਹ ਕੀ ਕਹਿੰਦੇ ਹਨ ਅਤੇ ਕੀ ਮੰਗ ਕਰਦੇ ਹਨ। ਜ਼ਿਕਰਯੋਗ ਹੈ ਕਿ ਤਿੰਨ ਦਿਨ ਪਹਿਲਾਂ ਫੌਜ ਦੇ ਜਵਾਨਾਂ ਨੇ ਭਾਰਤ-ਪਾਕਿਸਤਾਨ ਸਰਹੱਦ ਨੇੜੇ ਵਗਦੇ ਤਰਨਾਹ ਨਾਲੇ ਵਿੱਚੋਂ ਇੱਕ ਪਾਕਿਸਤਾਨੀ ਕਿਸ਼ਤੀ ਬਰਾਮਦ ਕੀਤੀ ਸੀ ਅਤੇ ਦੋ ਦਿਨ ਪਹਿਲਾਂ ਪਾਕਿਸਤਾਨ ਦੀ ਤਰਫੋਂ ਭਾਰਤੀ ਖੇਤਰ ’ਚ ਦਾਖਲ ਹੋਏ ਡਰੋਨ ’ਤੇ ਬੀਐੱਸਐੱਫ ਵੱਲੋਂ ਫਾਇਰਿੰਗ ਕੀਤੀ ਗਈ ਸੀ। ਡੀਐੱਸਪੀ ਸਿਟੀ ਸੁਮੇਰ ਸਿੰਘ ਨੇ ਦੱਸਿਆ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਪਠਾਨਕੋਟ ਵਿੱਚ ਬਾਹਰਲੇ ਰਾਜਾਂ ਅਤੇ ਸ਼ਹਿਰਾਂ ਤੋਂ ਵੀ ਸੁਰੱਖਿਆ ਦੇ ਵਾਧੂ ਦਸਤੇ ਮੰਗਵਾਏ ਗਏ ਹਨ। ਅਜਿਹੇ ’ਚ 24 ਘੰਟੇ ਚੱਲਣ ਵਾਲੇ ਪੁਲੀਸ ਨਾਕੇ ਵੀ ਵਧਾਏ ਗਏ ਹਨ। ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ’ਚ 24 ਦੇ ਕਰੀਬ ਨਾਕੇ ਲਗਾਏ ਗਏ ਹਨ, ਜੋ 24 ਘੰਟੇ ਚਲਦੇ ਹਨ। ਇਨ੍ਹਾਂ ਨਾਕਿਆਂ ’ਤੇ ਸੁਰੱਖਿਆ ਜਵਾਨਾਂ ਵੱਲੋਂ ਜ਼ਿਲ੍ਹੇ ’ਚ ਦਾਖਲ ਹੋਣ ਵਾਲੇ ਹਰ ਵਾਹਨ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਦੂਜੇ ਪਾਸੇ ਕਿਊਆਰਟੀ, ਐੱਸਓਜੀ, ਐੱਸਐੱਸਜੀ, ਆਈਆਰਬੀ, ਪੀਸੀਆਰ ਦੇ ਜਵਾਨ ਸੁਰੱਖਿਆ ਫੋਰਸ ਵਿੱਚ ਮੌਜੂਦ ਹਨ ਜਿਨ੍ਹਾਂ ਨੂੰ ਵੱਖ-ਵੱਖ ਟੁਕੜੀਆਂ ਵਿੱਚ ਵੰਡਿਆ ਗਿਆ ਹੈ।
ਸਰਹੱਦੀ ਖੇਤਰ ਵਿੱਚ ਇੱਕ ਸੁੰਨਸਾਨ ਜਗ੍ਹਾ ’ਤੇ ਪੁਲੀਸ ਸਥਾਨਕ ਲੋਕਾਂ ਨੂੰ ਸੰਪਰਕ ਕਰ ਕੇ ਪਾਕਿਸਤਾਨੀਆਂ ਦੇ ਨੈੱਟਵਰਕ ਦਾ ਪਤਾ ਲਗਾਉਣ ਵਿੱਚ ਜੁਟ ਗਈ ਹੈ। ਸਰਹੱਦੀ ਖੇਤਰ ਵਿੱਚ ਤਾਇਨਾਤ ਇੱਕ ਪੁਲੀਸ ਮੁਲਾਜ਼ਮ ਨੇ ਆਪਣਾ ਨਾਂ ਨਾ ਦੱਸਣ ਦੀ ਸ਼ਰਤ ’ਤੇ ਕਿਹਾ ਕਿ ਉਨ੍ਹਾਂ ਨੂੰ ਭਾਰਤ ਦੇ ਨੰਬਰਾਂ ’ਤੇ ਪਾਕਿਸਤਾਨ ਤੋਂ ਫੋਨ ਆਉਣ ਲੱਗੇ ਹਨ। ਇਸ ਲਈ ਉਹ ਸਥਾਨਕ ਲੋਕਾਂ ਨਾਲ ਸੰਪਰਕ ਕਰ ਰਹੇ ਹਨ ਕਿ ਕਿਧਰੇ ਸਰਹੱਦੀ ਖੇਤਰ ਵਿੱਚ ਕਿਸੇ ਦਾ ਨੈੱਟਵਰਕ ਪਾਕਿਸਤਾਨ ਨਾਲ ਤਾਂ ਨਹੀਂ ਜੁੜਿਆ ਹੋਇਆ।