ਪੁਲੀਸ ਨੇ ਠੇਕੇ ਤੋਂ ਨਕਦੀ ਲੁੱਟਣ ਦਾ ਮਾਮਲਾ ਸੁਲਝਾਇਆ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 27 ਜੁਲਾਈ
ਪਿੰਡ ਕਾਉਂਕੇ ਵਿੱਚ ਪਿਸਤੌਲ ਦੀ ਨੋਕ ’ਤੇ 2 ਨਕਾਬਪੋਸ਼ ਲੁਟੇਰਿਆਂ ਵੱਲੋਂ ਠੇਕੇ ਤੋਂ ਨਕਦੀ ਅਤੇ ਸ਼ਰਾਬ ਲੁੱਟ ਦੀ ਸ਼ਿਕਾਇਤ ਕਰਿੰਦੇ ਵਲੋਂ ਦਿੱਤੀ ਗਈ ਸੀ ਉਹ ਫ਼ਰਜ਼ੀ ਨਿਕਲੀ। ਪੁਲੀਸ ਨੇ ਕੁਝ ਹੀ ਘੰਟਿਆਂ ਵਿਚ ਇਸ ਮਾਮਲੇ ਨੂੰ ਸੁਲਝਾ ਲਿਆ। ਸ਼ਰਾਬ ਠੇਕੇ ਤੋਂ ਲੁੱਟ ਦੀ ਘਟਨਾ ਸਬੰਧੀ ਜਾਣਕਾਰੀ ਮਿਲਦਿਆਂ ਮਾਮਲੇ ਦੀ ਜਾਂਚ ਲਈ ਸਹਾਇਕ ਥਾਣੇਦਾਰ ਜਗਤਾਰ ਸਿੰਘ ਮੌਕੇ ’ਤੇ ਪੁੱਜੇ ਜਿਨ੍ਹਾਂ ਨੂੰ ਮਾਮਲਾ ਸ਼ੱਕੀ ਲੱਗਿਆ। ਠੇਕੇ ਦੇ ਕਰਿੰਦੇ ਨੂੰ ਪੁੱਛ-ਪੜਤਾਲ ਲਈ ਜਦੋਂ ਮਾਛੀਵਾੜਾ ਥਾਣੇ ਬੁਲਾਇਆ ਗਿਆ ਤਾਂ ਉੱਥੇ ਇੰਸਪੈਕਟਰ ਭਿੰਦਰ ਸਿੰਘ ਖੰਗੂੜਾ ਤੇ ਸਹਾਇਕ ਥਾਣੇਦਾਰ ਜਗਤਾਰ ਸਿੰਘ ਨੇ ਜਾਂਚ ਸ਼ੁਰੂ ਕੀਤੀ ਤਾਂ ਕਰਮਚਾਰੀ ਨਰੇਸ਼ ਆਪਣੇ ਬਿਆਨਾਂ ਵਿਚ ਉਲਝ ਗਿਆ। ਪੁਲੀਸ ਵਲੋਂ ਜਦੋਂ ਸਖ਼ਤੀ ਕੀਤੀ ਗਈ ਤਾਂ ਠੇਕੇ ਦੇ ਕਰਮਚਾਰੀ ਨਰੇਸ਼ ਨੇ ਦੱਸਿਆ ਕਿ ਡਿਊਟੀ ਦੌਰਾਨ ਹਿਸਾਬ ’ਚ ਕੁਝ ਗੜਬੜੀ ਹੋ ਗਈ ਸੀ ਅਤੇ ਉਸ ਕੋਲ ਸ਼ਰਾਬ ਵਿਕਰੀ ਦੇ ਪੈਸੇ ਘਟ ਗਏ ਜਿਸ ਲਈ ਉਸ ਨੇ ਕਹਾਣੀ ਬਣਾਈ ਕਿ ਪਿਸਤੌਲ ਦਿਖਾ ਕੇ 2 ਨਕਾਬਪੋਸ਼ ਲੁਟੇਰੇ 10 ਹਜ਼ਾਰ ਰੁਪਏ ਤੇ ਸ਼ਰਾਬ ਲੁੱਟ ਕੇ ਲੈ ਗਏ। ਥਾਣਾ ਮੁਖੀ ਭਿੰਦਰ ਸਿੰਘ ਖੰਗੂੜਾ ਨੇ ਦੱਸਿਆ ਕਿ ਠੇਕੇ ਦੇ ਆਸ-ਪਾਸ ਅਜਿਹੀ ਕੋਈ ਵੀ ਲੁੱਟ ਦੀ ਘਟਨਾ ਵਾਪਰਨ ਦਾ ਸੁਰਾਗ ਨਹੀਂ ਮਿਲਿਆ ਅਤੇ ਜੋ ਕਹਾਣੀ ਕਰਮਚਾਰੀ ਨਰੇਸ਼ ਕੁਮਾਰ ਦੱਸ ਰਿਹਾ ਹੈ ਉਹ ਬਿਲਕੁਲ ਸ਼ੱਕੀ ਜਾਪਦੀ ਸੀ। ਪੁਲੀਸ ਨੇ ਕੁਝ ਹੀ ਘੰਟਿਆਂ ਵਿਚ ਇਸ ਝੂਠੀ ਲੁੱਟ ਦਾ ਪਰਦਾਫਾਸ਼ ਕਰਦਿਆਂ ਝੂਠੀ ਸ਼ਿਕਾਇਤ ਦਰਜ ਕਰਵਾਉਣ ਵਾਲੇ ਵਿਅਕਤੀ ’ਤੇ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਤੋਂ ਬਾਅਦ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।