ਪੁਲੀਸ ਵੱਲੋਂ ਤਿੰਨ ਮੋਬਾਈਲ ਝਪਟਮਾਰ ਕਾਬੂ
ਹਰਜੀਤ ਸਿੰਘ
ਡੇਰਾਬੱਸੀ, 9 ਅਕਤੂਬਰ
ਸਥਾਨਕ ਪੁਲੀਸ ਨੇ ਤਿੰਨ ਮੋਬਾਈਲ ਝਪਟਮਾਰਾਂ ਨੂੰ ਕਾਬੂ ਕੀਤਾ ਹੈ, ਇਨ੍ਹਾਂ ਕੋਲੋ 20 ਮੋਬਾਈਲ ਫੋਨ ਬਰਾਮਦ ਹੋਏ ਹਨ। ਤਿੰਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ।
ਥਾਣਾ ਮੁਖੀ ਮਨਦੀਪ ਸਿੰਘ ਨੇ ਦੱਸਿਆ ਕਿ ਡੀਐੱਸਪੀ ਡੇਰਾਬੱਸੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ’ਚ ਪੁਲੀਸ ਨੇ ਡੇਰਾਬੱਸੀ ਤੇ ਜ਼ੀਰਕਪੁਰ ਖੇਤਰ ਵਿੱਚ ਰਾਹਗੀਰਾਂ ਤੋਂ ਮੋਬਾਈਲ ਖੋਹਣ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਝਪਟਮਾਰ ਕਾਬੂ ਕੀਤੇ ਹਨ। ਥਾਣਾ ਮੁਖੀ ਮੁਤਾਬਕ ਸੰਜੀਵ ਕੁਮਾਰ ਦੇ ਬਿਆਨ ’ਤੇ ਦਰਜ ਕੇਸ ਦੀ ਪੜਤਾਲ ਦੌਰਾਨ ਡੇਰਾਬੱਸੀ ਪੁਲੀਸ ਨੇ ਸਭ ਤੋਂ ਪਹਿਲਾਂ ਵਿਕਾਸ ਕੁਮਾਰ ਨੂੰ ਕਾਬੂ ਕੀਤਾ, ਫਿਰ ਰੋਹਿਤ ਕੁਮਾਰ ਕਾਬੂ ਆਇਆ। ਮੁਲਜ਼ਮਾਂ ਤੋਂ ਕੀਤੀ ਪੜਤਾਲ ਮਗਰੋਂ ਨੀਸੂ ਨੂੰ ਨਾਮਜ਼ਦ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਕੋਲੋਂ ਕੁੱਲ 20 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਥਾਣਾ ਮੁੱਖੀ ਨੇ ਦੱਸਿਆ ਕਿ ਮੁਲਜ਼ਮਾਂ ਦਾ ਪੁਲੀਸ ਰਿਮਾਂਡ ਹਾਸਲ ਕਰ ਕੇ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।
ਇਸ ਬਾਰੇ ਡੀਐੱਸਪੀ ਡੇਰਾਬੱਸੀ ਬਿਕਰਮਜੀਤ ਸਿੰਘ ਬਰਾੜ ਨੇ ਮੋਬਾਈਲ ਖੋਹਣ ਵਾਲੇ ਗਰੋਹ ਨੂੰ ਕਾਬੂ ਕਰਨ ਵਾਲੀ ਡੇਰਾਬੱਸੀ ਪੁਲੀਸ ਟੀਮ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਡੇਰਾਬੱਸੀ ਥਾਣਾ ਮੁਖੀ ਮਨਦੀਪ ਸਿੰਘ ਦੀ ਅਗਵਾਈ ਵਾਲੀ ਟੀਮ ਵਿੱਚ ਏਐੱਸਆਈ ਪਾਲ ਸਿੰਘ ਅਤੇ ਏਐੱਸਆਈ ਪਰਮਜੀਤ ਸਿੰਘ ਨੇ ਚੌਕਸੀ ਦਿਖਾਉਂਦੇ ਹੋਏ ਮੁਜ਼ਲਮਾਂ ਨੂੰ ਕਾਬੂ ਕੀਤਾ ਹੈ। ਅਜਿਹੇ ਝਪਟਮਾਰ ਕਾਬੂ ਆਉਣ ’ਤੇ ਲੋਕ ਬੇਖੌਫ਼ ਹੋ ਕੇ ਘੁੰਮ ਸਕਦੇ ਹਨ।