ਪੁਲੀਸ ਵੱਲੋਂ ਨਸ਼ਾ ਤਸਕਰ ਦੀ ਕੋਠੀ ਜ਼ਬਤ
ਜਸਬੀਰ ਚਾਨਾ
ਫਗਵਾੜਾ, 30 ਸਤੰਬਰ
ਪੁਲੀਸ ਨੇ ਇੱਥੋਂ ਦੇ ਗ੍ਰੀਨ ਲੈਂਡ ਵਿੱਚ ਨਸ਼ਾ ਤਸਕਰ ਦੀ ਕੋਠੀ ਨੂੰ ਜ਼ਬਤ ਕੀਤਾ ਹੈ। ਅੱਜ ਐੱਸਪੀ ਰੁਪਿੰਦਰ ਕੌਰ ਭੱਟੀ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਕੋਠੀ ਦੇ ਬਾਹਰ ਪੋਸਟਰ ਲਗਾ ਕੇ ਇਸ ਨੂੰ ਫਰੀਜ਼ ਕਰਵਾਇਆ।
ਐੱਸਪੀ ਨੇ ਦੱਸਿਆ ਕਿ 19 ਅਪਰੈਲ ਨੂੰ ਥਾਣਾ ਸਤਨਾਮਪੁਰਾ ਵਿੱਚ ਰਾਮਪਾਲ ਵਾਸੀ ਲਾਮਿਆ ਸਰਾਫ਼ਾ ਬਾਜ਼ਾਰ ਤੇ ਮੀਨਾ ਸੈਣੀ ਵਾਸੀ ਸੁਭਾਸ਼ ਨਗਰ ਖਿਲਾਫ਼ ਧਾਰਾ 18 (ਸੀ), 21-61-85 ਐਨ.ਡੀ.ਪੀ. ਤੇ ਆਰਮਜ਼ ਐਕਟ ਤਹਿਤ ਕੇਸ ਦਰਜ ਹੋਇਆ ਸੀ, ਇਸ ਤਹਿਤ ਕੰਪੀਟੈਂਟ ਅਥਾਰਿਟੀ ਦਿੱਲੀ ਦੇ ਹੁਕਮਾਂ ’ਤੇ ਉਸ ਦੀ ਜਾਇਦਾਦ ਨੂੰ ਜ਼ਬਤ ਕੀਤਾ ਹੈ ਜਿਸ ਨੂੰ ਇਹ ਖਰੀਦ ਤੇ ਵੇਚ ਨਹੀਂ ਸਕਦੇ। ਉਨ੍ਹਾਂ ਦੱਸਿਆ ਕਿ ਕੋਠੀ ਦੀ ਕੀਮਤ 30 ਲੱਖ 12 ਹਜ਼ਾਰ 500 ਰੁਪਏ ਹੈ। ਉਨ੍ਹਾਂ ਨਸ਼ਾ ਤਸਕਰਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਗੈਰਕਾਨੂੰਨੀ ਧੰਦਾ ਕਰਕੇ ਅਜਿਹੀਆਂ ਪ੍ਰਾਪਰਟੀਆਂ ਬਣਾਉਣ ਵਾਲਿਆਂ ਨੂੰ ਕਿਸੇ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਨਸ਼ੇ ਨੂੰ ਠੱਲ੍ਹ ਪਾਉਣ ਲਈ ਸਖ਼ਤ ਕਾਰਵਾਈ ਜਾਰੀ ਰਹੇਗੀ। ਉਨ੍ਹਾਂ ਸਮਾਜਿਕ ਅਨਸਰਾਂ ਨੂੰ ਮਾੜੇ ਕੰਮ ਛੱਡ ਕੇ ਮੁੱਖ ਧਾਰਾ ਵਿੱਚ ਆਉਣ ਲਈ ਉਤਸ਼ਾਹਿਤ ਕੀਤਾ।
ਹੈਰੋਇਨ ਤੇ ਡਰੱਗ ਮਨੀ ਸਣੇ ਗ੍ਰਿਫ਼ਤਾਰ
ਪਠਾਨਕੋਟ (ਪੱਤਰ ਪ੍ਰੇਰਕ): ਸੀਆਈਏ ਸਟਾਫ ਵੱਲੋਂ 6 ਗਰਾਮ ਹੈਰੋਇਨ ਸਮੇਤ 2 ਮੁਲਜ਼ਮ ਗ੍ਰਿਫਤਾਰ ਕੀਤੇ ਗਏ, ਉਨ੍ਹਾਂ ਕੋਲੋਂ 16 ਹਜ਼ਾਰ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ। ਮੋਟਰਸਾਈਕਲ ਸਵਾਰ ਮੁਲਜ਼ਮ ਦੀ ਪਛਾਣ ਹਰਦੀਪ ਕੁਮਾਰ ਵਾਸੀ ਪਿੰਡ ਢੇਸੀਆਂ ਅਤੇ ਦੂਸਰੇ ਕਾਰ ਸਵਾਰ ਮੁਲਜ਼ਮ ਦੀ ਪਛਾਣ ਰੋਹਿਤ ਕੁਮਾਰ ਵਾਸੀ ਕੋਟਲੀ ਵਜੋਂ ਹੋਈ ਹੈ। ਦੋਵਾਂ ਖਿਲਾਫ ਸੁਜਾਨਪੁਰ ਥਾਣੇ ਵਿੱਚ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਸੁਜਾਨਪੁਰ ਥਾਣੇ ਦੇ ਸਬ-ਇੰਸਪੈਕਟਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਸੀਆਈਏ ਸਟਾਫ ਦੀ ਪੁਲੀਸ ਪਾਰਟੀ ਪਿੰਡ ਬਸਰੂਪ ਵੱਲ ਗਸ਼ਤ ਕਰ ਰਹੀ ਸੀ ਕਿ ਵਾਟਰ ਸਪਲਾਈ ਦੀ ਟੈਂਕੀ ਕੋਲ ਇੱਕ ਵਿਅਕਤੀ ਮੋਟਰਸਾਈਕਲ ’ਤੇ ਖੜ੍ਹਾ ਸੀ ਅਤੇ ਉਸ ਦੇ ਨਾਲ ਹੀ ਇੱਕ ਵਿਅਕਤੀ ਕਾਰ ਲੈ ਕੇ ਖੜ੍ਹਾ ਸੀ। ਜਦ ਪੁਲੀਸ ਨੂੰ ਦੋਵਾਂ ਨੇ ਦੇਖਿਆ ਤਾਂ ਮੋਟਰਸਾਈਕਲ ਸਵਾਰ ਨੇ ਆਪਣੀ ਜੇਬ ਵਿੱਚੋਂ ਲਿਫਾਫਾ ਕੱਢ ਕੇ ਥੱਲੇ ਸੁੱਟ ਦਿੱਤਾ। ਪੁਲੀਸ ਵੱਲੋਂ ਮੋਟਰਸਾਈਕਲ ਸਵਾਰ ਨੂੰ ਕਾਬੂ ਕਰ ਲਿਆ ਗਿਆ ਅਤੇ ਲਿਫਾਫੇ ਨੂੰ ਖੋਲ੍ਹ ਕੇ ਦੇਖਿਆ ਤਾਂ ਉਸ ਵਿੱਚੋਂ 3 ਗਰਾਮ ਹੈਰੋਇਨ ਬਰਾਮਦ ਹੋਈ। ਜਦ ਕਾਰ ਵਾਲੇ ਨੌਜਵਾਨ ਦੀ ਤਲਾਸ਼ੀ ਲਈ ਗਈ ਤਾਂ ਉਸ ਦੀ ਕਾਰ ਵਿੱਚੋਂ 3 ਗਰਾਮ ਹੈਰੋਇਨ ਬਰਾਮਦ ਹੋ ਗਈ।