ਪੁਲੀਸ ਵੱਲੋਂ ਨਸ਼ਾ ਤਸਕਰ ਦਾ ਘਰ ਜ਼ਬਤ
06:56 AM Aug 12, 2023 IST
ਪਟਿਆਲਾ: ਥਾਣਾ ਬਖਸ਼ੀਵਾਲ਼ਾ ਦੀ ਪੁਲੀਸ ਵੱਲੋਂ ਪਿੰਡ ਹਿਰਦਾਪੁਰ ਦੇ ਇਕ ਵਸਨੀਕ ਦਾ ਘਰ ਜ਼ਬਤ ਕਰ ਦਿੱਤਾ ਗਿਆ ਹੈ। ਪੁਲੀਸ ਦਾ ਤਰਕ ਹੈ ਕਿ ਇਹ ਘਰ ਉਸ ਨੇ ਕਥਿਤ ਰੂਪ ਵਿਚ ਨਸ਼ੇ ਦੇ ਕਾਰੋਬਾਰ ਵਿਚੋਂ ਕੀਤੀ ਗਈ ਕਮਾਈ ਨਾਲ਼ ਬਣਾਇਆ ਹੈ। ਪੁਲੀਸ ਨੇ ਇਸ ਸਬੰਧੀ ਘਰ ਦੇ ਬਾਹਰ ਬਾਕਾਇਦਾ ਨੋਟਿਸ ਵੀ ਚਿਪਕਾ ਦਿੱਤਾ ਹੈ। ਇਹ ਕਾਰਵਾਈ ਪਟਿਆਲਾ ਦੇ ਡੀਐੱਸਪੀ ਸਿਟੀ 2 ਜਸਵਿੰਦਰ ਸਿੰਘ ਟਿਵਾਣਾ ਦੀ ਅਗਵਾਈ ਹੇਠਲੀ ਟੀਮ ਨੇ ਕੀਤੀ ਜਿਸ ਵਿਚ ਥਾਣਾ ਬਖਸ਼ੀਵਾਲ਼ਾ ਦੇ ਐੱਸਐੱਚਓ ਵੈਭਵ ਚੌਧਰੀ (ਅੰਡਰ ਟਰੇਨਿੰਗ ਆਈਪੀਐੱਸ) ਅਤੇ ਥਾਣਾ ਤ੍ਰਿਪੜੀ ਦੇ ਐੱਸਐੱਚਓ ਇੰਸਪੈਕਟਰ ਪਰਦੀਪ ਸਿੰਘ ਬਾਜਵਾ ਮੌਜੂਦ ਸਨ। ਡੀਐੱਸਪੀ ਜਸਵਿੰਦਰ ਟਿਵਾਣਾ ਨੇ ਦੱਸਿਆ ਕਿ ਇਸ ਵਿਅਕਤੀ ਖ਼ਿਲਾਫ਼ ਨਸ਼ਾ ਤਸਕਰੀ ਦੇ ਅੱਧੀ ਦਰਜਨ ਦੇ ਕਰੀਬ ਕੇਸ ਦਰਜ ਹਨ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਨਸ਼ਾ ਤਸਕਰੀ ਰਾਹੀਂ ਜਾਇਦਾਦਾਂ ਬਣਾਉਣ ਵਾਲ਼ਿਆਂ ਖ਼ਿਲਾਫ਼ ਕੀਤੀ ਜਾ ਰਹੀ ਹੈ। -ਸਰਬਜੀਤ ਸਿੰਘ ਭੰਗੂ
Advertisement
Advertisement