ਪੁਲੀਸ ਵੱਲੋਂ ਸਿਲੰਡਰਾਂ ਦੀ ਭਰੀ ਟਰਾਲੀ ਜ਼ਬਤ
ਜਗਮੋਹਨ ਸਿੰਘ
ਰੂਪਨਗਰ, 13 ਨਵੰਬਰ
ਇੱਥੇ ਰਸੋਈ ਗੈਸ ਦੇ ਸਿਲੰਡਰਾਂ ਵਿੱਚੋਂ ਗੈਸ ਚੋਰੀ ਕਰ ਕੇ ਖ਼ਪਤਕਾਰਾਂ ਨੂੰ ਚੂਨਾ ਲਗਾਉਣ ਦੇ ਦੋਸ਼ ਅਧੀਨ ਥਾਣਾ ਸਿਟੀ ਰੂਪਨਗਰ ਪੁਲੀਸ ਵੱਲੋਂ ਸਿਲੰਡਰਾਂ ਦੀ ਟਰਾਲੀ ਨੂੰ ਜ਼ਬਤ ਕੀਤਾ ਗਿਆ। ਸਮਾਜ ਸੇਵੀ ਰਣਜੀਤ ਸਿੰਘ ਪਤਿਆਲਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਆਟੋ ਚਾਲਕ ਸੋਹਣ ਸਿੰਘ ਨੇ ਦੱਸਿਆ ਸੀ ਕਿ ਉਸ ਨੂੰ ਇੱਕ ਗੈਸ ਏਜੰਸੀ ਦੇ ਕਰਿੰਦਿਆਂ ਵੱਲੋਂ ਦਿੱਤੇ ਸਿਲੰਡਰ ’ਚੋਂ ਗੈਸ ਘੱਟ ਨਿੱਕਲੀ ਹੈ। ਉਹ ਜਦੋਂ ਗੈਸ ਏਜੰਸੀ ਦੇ ਦਫ਼ਤਰ ਪਹੁੰਚੇ ਤਾਂ ਉੱਥੇ ਮੋਟਰਸਾਈਕਲ ਰੇਹੜੀ ਵਿੱਚ ਲੱਦੇ ਸਿਲੰਡਰਾਂ ਦਾ ਵਜ਼ਨ ਚੈੱਕ ਕਰਵਾਇਆ ਤਾਂ ਹਰ ਸਿਲੰਡਰ ਦਾ ਵਜ਼ਨ 30 ਕਿਲੋ ਦੀ ਬਜਾਇ ਲਗਪਗ 26 ਤੋਂ 27 ਕਿਲੋ ਹੀ ਨਿੱਕਲਿਆ। ਇਸ ਮਗਰੋਂ ਪੁਲੀਸ ਨੇ ਸ਼ਿਕਾਇਤ ਮਿਲਣ ’ਤੇ ਉੱਥੇ ਖੜ੍ਹੀ ਟਰਾਲੀ ਨੂੰ ਵੀ ਜ਼ਬਤ ਕਰ ਲਿਆ। ਇਸ ਸਬੰਧੀ ਐੱਸਐੱਚਓ ਪਵਨ ਕੁਮਾਰ ਨੇ ਕਿਹਾ ਕਿ ਖ਼ਪਤਕਾਰਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲੀਸ ਵੱਲੋਂ ਸਿਲੰਡਰਾਂ ਦੀ ਟਰਾਲੀ ਕਬਜ਼ੇ ਵਿੱਚ ਲੈ ਕੇ ਖੁਰਾਕ ਤੇ ਸਪਲਾਈ ਵਿਭਾਗ ਰਾਹੀਂ ਜਾਂਚ ਕਰਵਾਈ ਜਾ ਰਹੀ ਹੈ।
ਰਿਪੋਰਟ ਤਿਆਰ ਕੀਤੀ ਜਾ ਰਹੀ ਹੈ: ਏਐੱਫਐੱਸਓ
ਏਐੱਫਐੱਸਓ ਮਮਤਾ ਗਰਗ ਨੇ ਕਿਹਾ ਕਿ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਭਲਕੇ ਰਿਪੋਰਟ ਤਿਆਰ ਕਰ ਕੇ ਕਸੂਰਵਾਰਾਂ ਖ਼ਿਲਾਫ਼ ਨਿਯਮਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ।