ਪੁਲੀਸ ਨੇ ਵਿਸ਼ੇਸ਼ ਮੁਹਿੰਮ ਤਹਿਤ ਫਿਲੌਰ ਦੇ ਪਿੰਡਾਂ ਦੀ ਤਲਾਸ਼ੀ ਲਈ
ਸਰਬਜੀਤ ਗਿੱਲ
ਫਿਲੌਰ, 17 ਨਵੰਬਰ
ਨਸ਼ੀਲੇ ਪਦਾਰਥਾਂ ਖ਼ਿਲਾਫ਼ ਅੱਜ ਸਵੇਰੇ ਘੇਰਾਬੰਦੀ ਅਤੇ ਸਰਚ ਆਪ੍ਰੇਸ਼ਨ ਦੌਰਾਨ, ਜਲੰਧਰ ਦਿਹਾਤੀ ਪੁਲੀਸ ਨੇ ਗੰਨਾ ਪਿੰਡ ਤੋਂ ਇੱਕ ਲੋੜੀਂਦੇ ਮਹਿਲਾ ਤਸਕਰ ਸਣੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ।
ਇਸ ਅਪ੍ਰੇਸ਼ਨ ਦੀ ਅਗਵਾਈ ਉਪ ਪੁਲੀਸ ਕਪਤਾਨ ਫਿਲੌਰ ਸਵਰਨ ਸਿੰਘ ਬੱਲ ਨੇ ਕੀਤੀ, ਜਿਸ ਵਿੱਚ ਦਿਹਾਤੀ ਪੁਲੀਸ ਦੇ ਐੱਸਐੱਚਓ ਥਾਣਾ ਫਿਲੌਰ ਦੀ ਅਗਵਾਈ ਵਿੱਚ ਤਿੰਨ ਵੱਖ-ਵੱਖ ਟੀਮਾਂ ਨੇ ਛਾਪੇ ਸ਼ੁਰੂ ਕਰਨ ਤੋਂ ਪਹਿਲਾਂ ਪਿੰਡ ਦੀ ਘੇਰਾਬੰਦੀ ਕੀਤੀ।
ਜਲੰਧਰ ਦਿਹਾਤੀ ਦੇ ਸੀਨੀਅਰ ਸੁਪਰਡੈਂਟ ਪੁਲੀਸ ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ, “ਗੰਨਾ ਪਿੰਡ ਵਿੱਚ ਨਸ਼ਿਆਂ ਦੀ ਤਸਕਰੀ ਦੀਆਂ ਗਤੀਵਿਧੀਆਂ ਬਾਰੇ ਖਾਸ ਖੁਫੀਆ ਸੂਚਨਾਵਾਂ ਮਿਲਣ ਤੋਂ ਬਾਅਦ ਸੀਏਐੱਸਓ ਅਪ੍ਰੇਸ਼ਨ ਨੂੰ ਸਾਵਧਾਨੀ ਨਾਲ ਯੋਜਨਾਬੱਧ ਕੀਤਾ ਗਿਆ ਸੀ। ਪੁਲੀਸ ਟੀਮਾਂ ਨੇ ਪਛਾਣੇ ਗਏ ਖੇਤਰਾਂ ਵਿੱਚ ਘਰ-ਘਰ ਤਲਾਸ਼ੀ ਲੈਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਾਰੇ ਪ੍ਰਵੇਸ਼ ਅਤੇ ਨਿਕਾਸ ਪੁਆਇੰਟਾਂ ਨੂੰ ਸੁਰੱਖਿਅਤ ਕਰ ਲਿਆ ਸੀ।’’ਕਈ ਘੰਟੇ ਚੱਲੇ ਇਸ ਆਪ੍ਰੇਸ਼ਨ ਦੌਰਾਨ ਪੁਲੀਸ ਟੀਮਾਂ ਨੇ ਕਈ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਕੀਤੀਆਂ। ਪਹਿਲੀ ਟੀਮ ਨੇ ਪਿੰਡ ਲਸਾੜਾ ਦੀ ਘੇਰਾਬੰਦੀ ਕਰਕੇ ਜਤਿੰਦਰ ਕੁਮਾਰ (ਉਰਫ਼ ਬਾਈ) ਪੁੱਤਰ ਚਮਨ ਲਾਲ ਅਤੇ ਦਵਿੰਦਰ ਕੁਮਾਰ (ਉਰਫ਼ ਮੋਟਾ) ਪੁੱਤਰ ਟੇਕ ਚੰਦ ਨੂੰ ਕਾਬੂ ਕਰ ਲਿਆ। ਟੀਮ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ 150 ਐਟੀਜ਼ੋਲਾਮ ਗੋਲੀਆਂ ਬਰਾਮਦ ਕੀਤੀਆਂ।
ਦੂਜੀ ਟੀਮ ਨੇ ਗੰਨਾ ਪਿੰਡ ਦੇ ਇੱਕ ਹੋਰ ਸੈਕਟਰ ਨੂੰ ਘੇਰਾ ਪਾ ਕੇ ਰੋਹਨ ਕੁਮਾਰ ਉਰਫ਼ ਸ਼ੇਖੂ ਪੁੱਤਰ ਰਾਜ ਕੁਮਾਰ ਨੂੰ ਕਾਬੂ ਕਰਕੇ ਉਸ ਕੋਲੋਂ 12 ਗ੍ਰਾਮ ਹੈਰੋਇਨ ਬਰਾਮਦ ਕੀਤੀ। ਤੀਜੀ ਟੀਮ ਨੇ ਸੁਰਜੀਤ ਕੁਮਾਰ ਦੀ ਪਤਨੀ ਨਿੰਦਰ ਉਰਫ਼ ਮੋਰਨੀ ਨੂੰ 150 ਹੋਰ ਐਟੀਜ਼ੋਲਮ ਗੋਲੀਆਂ ਬਰਾਮਦ ਕਰਕੇ ਗ੍ਰਿਫਤਾਰ ਕੀਤਾ। ਇਸੇ ਦੌਰਾਨ ਨਸੀਬ ਚੰਦ ਦੀ ਪਤਨੀ ਕਸ਼ਮੀਰ ਕੌਰ ਨੂੰ ਗ੍ਰਿਫਤਾਰ ਕੀਤਾ, ਜੋ ਕਿ 9 ਅਕਤੂਬਰ ਨੂੰ ਗ੍ਰਿਫਤਾਰੀ ਤੋਂ ਬਚ ਰਹੀ ਸੀ।
ਸ਼ਰਾਬ ਤਸਕਰ ਸਣੇ ਤਿੰਨ ਕਾਬੂ
ਜਲੰਧਰ (ਪੱਤਰ ਪ੍ਰੇਰਕ): ਜਲੰਧਰ ਦਿਹਾਤੀ ਪੁਲੀਸ ਨੇ ਦੋ ਨਸ਼ਾ ਤਸਕਰਾਂ ਅਤੇ ਇੱਕ ਨਜ਼ਾਇਜ ਸ਼ਰਾਬ ਦੇ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਿਲ੍ਹੇ ਭਰ ਵਿੱਚ ਵੱਖ-ਵੱਖ ਥਾਵਾਂ ਤੋਂ 130 ਨਸ਼ੀਲੀਆਂ ਗੋਲੀਆਂ ਅਤੇ 15 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ਹਨ। ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਜ਼ਿਲ੍ਹਾ ਪੁਲੀਸ ਹੈੱਡਕੁਆਰਟਰ ਵਿਖੇ ਸੰਬੋਧਨ ਕਰਦਿਆਂ ਦੱਸਿਆ ਕਿ ਪਤਾਰਾ ਪੁਲੀਸ ਨੇ ਪਿੰਡ ਢੱਡਾ ਪੁਲ ਦੇ ਕੋਲ ਇੱਕ ਰਣਨੀਤਕ ਗਸ਼ਤ ਮੁਹਿੰਮ ਦੌਰਾਨ ਅਮਰ ਸਿੰਘ ਉਰਫ ਸਾਬੀ ਵਾਸੀ ਸਿਕੰਦਰਪੁਰ ਨੂੰ 130 ਨਸ਼ੀਲੀਆਂ ਗੋਲੀਆਂ ਸਮੇਤ ਰੰਗੇ ਹੱਥੀਂ ਕਾਬੂ ਕੀਤਾ। ਇਸੇ ਤਰ੍ਹਾਂ ਲਾਂਬੜਾ ਪੁਲੀਸ ਨੇ ਪਿੰਡ ਅਠੌਲਾ ਤੋਂ ਬਲਦੇਵ ਸਿੰਘ ਪੁੱਤਰ ਫਕੀਰ ਚੰਦ ਨੂੰ ਗ੍ਰਿਫਤਾਰ ਕੀਤਾ।