For the best experience, open
https://m.punjabitribuneonline.com
on your mobile browser.
Advertisement

ਪੁਲੀਸ ਨੇ ਹਿਰਾਸਤ ’ਚ ਲਏ ਕਿਸਾਨ ਆਗੂ ਛੱਡੇ

06:42 AM Jul 18, 2024 IST
ਪੁਲੀਸ ਨੇ ਹਿਰਾਸਤ ’ਚ ਲਏ ਕਿਸਾਨ ਆਗੂ ਛੱਡੇ
ਸ਼ੰਭੂ ਬਾਰਡਰ ’ਤੇ ਨਵਦੀਪ ਸਿੰਘ ਜਲਬੇੜਾ ਦਾ ਸਨਮਾਨ ਕਰਦੇ ਹੋਏ ਕਿਸਾਨ।
Advertisement

ਰਤਨ ਸਿੰਘ ਢਿੱਲੋਂ
ਅੰਬਾਲਾ, 17 ਜੁਲਾਈ
ਕਿਸਾਨ ਯੂਨੀਅਨਾਂ ਦੇ ਸੱਦੇ ’ਤੇ ਅੰਬਾਲਾ ਸ਼ਹਿਰ ਦੀ ਦਾਣਾ ਮੰਡੀ ਵਿਚ ਅੱਜ ਸਵੇਰੇ 10 ਵਜੇ ਕੀਤੇ ਜਾਣ ਵਾਲੇ ਇਕੱਠ ਵਿੱਚ ਸ਼ਾਮਲ ਹੋਣ ਲਈ ਪੰਜਾਬ ਅਤੇ ਹਰਿਆਣਾ ਦੇ ਸੈਂਕੜੇ ਕਿਸਾਨਾਂ ਨੂੰ ਪੁਲੀਸ ਨੇ ਸ਼ਹਿਰ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਰੋਕ ਲਿਆ। ਪੁਲੀਸ ਨੇ ਅੰਬਾਲਾ-ਹਿਸਾਰ ਰੋਡ ’ਤੇ ਪੀਕੇਆਰ ਜੈਨ ਸਕੂਲ ਲਾਗੇ ਬੈਰੀਕੇਡ ਲਗਾ ਕੇ ਅਤੇ ਬਜਰੀ ਦਾ ਭਰਿਆ ਵੱਡਾ ਟਰੱਕ ਸੜਕ ’ਤੇ ਟੇਢਾ ਖੜ੍ਹਾ ਕਰਕੇ ਰੋਕਾਂ ਲਾਈਆਂ। ਪੁਲੀਸ ਵੱਲੋਂ ਰੋਕਣ ’ਤੇ ਕਿਸਾਨ ਉੱਥੇ ਹੀ ਸੜਕ ਉੱਤੇ ਬੈਠ ਗਏ ਅਤੇ ਹਰਿਆਣਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਪਹਿਲਾਂ ਡੀਐੱਸਪੀ ਰਾਮ ਕੁਮਾਰ ਨੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦੀ ਗੱਲਬਾਤ ਐੱਸਪੀ ਅੰਬਾਲਾ ਸੁਰਿੰਦਰ ਸਿੰਘ ਭੌਰੀਆ ਨਾਲ ਕਰਵਾਈ। ਕਿਸਾਨ ਆਗੂਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੀਟਿੰਗ ਵੀ ਹੋਈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਮੁੱਖ ਤੌਰ ’ਤੇ ਦੋ ਮੰਗਾਂ ਰੱਖੀਆਂ। ਪਹਿਲੀ ਸ਼ਰਤ ਵਿੱਚ ਹਿਰਾਸਤ ’ਚ ਲਏ ਕਿਸਾਨ ਆਗੂਆਂ ਨੂੰ ਬਿਨਾ ਸ਼ਰਤ ਰਿਹਾਅ ਕਰਨ ਦੀ ਮੰਗ ਰੱਖੀ ਗਈ ਅਤੇ ਦੂਜੀ ਵਿੱਚ ਕਿਸਾਨਾਂ ਨੂੰ ਦਾਣਾ ਮੰਡੀ ਪਹੁੰਚ ਕੇ ਨਵਦੀਪ ਜਲਬੇੜਾ ਦਾ ਸਨਮਾਨ ਕਰਨ ਦੇਣ ਦੀ ਮੰਗ ਕੀਤੀ।
ਅਧਿਕਾਰੀਆਂ ਨੇ ਕਿਸਾਨਾਂ ਨੂੰ ਦਾਣਾ ਮੰਡੀ ਤੱਕ ਜਾਣ ਦੀ ਇਜਾਜ਼ਤ ਦੇਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਬੀਐੱਨਐੱਸ ਦੀ ਧਾਰਾ 163 (ਪਹਿਲਾਂ 144) ਲੱਗੀ ਹੋਈ ਹੈ ਅਤੇ ਇਕੱਠ ਲਈ ਪ੍ਰਸ਼ਾਸਨ ਕੋਲੋਂ ਪੇਸ਼ਗੀ ਮਨਜ਼ੂਰੀ ਵੀ ਨਹੀਂ ਲਈ ਗਈ। ਮੀਟਿੰਗ ਮਗਰੋਂ ਐੱਸਪੀ ਭੌਰੀਆ ਨੇ ਮੀਡੀਆ ਨੂੰ ਦੱਸਿਆ ਕਿ ਕਿਸਾਨਾਂ ਨਾਲ ਦੋ ਗੱਲਾਂ ’ਤੇ ਸਹਿਮਤੀ ਬਣੀ ਹੈ ਕਿ ਉਹ ਧਾਰਾ 163 ਦੀ ਉਲੰਘਣਾ ਨਹੀਂ ਕਰਨਗੇ ਅਤੇ ਤੈਅ ਕੀਤੇ ਗਏ ਰੂਟ ’ਤੇ ਵਾਪਸ ਸ਼ੰਭੂ ਜਾਣਗੇ। ਉਨ੍ਹਾਂ ਦੱਸਿਆ ਕਿ ਆਰਜ਼ੀ ਤੌਰ ’ਤੇ ਹਿਰਾਸਤ ਵਿੱਚ ਲਏ ਕਿਸਾਨ ਆਗੂਆਂ ਨੂੰ ਛੱਡ ਦਿੱਤਾ ਗਿਆ ਹੈ।
ਇਸ ਮੌਕੇ ਸਰਵਣ ਸਿੰਘ ਪੰਧੇਰ ਨੇ ਆਪਣੇ ਸੰਬੋਧਨ ਵਿੱਚ ਕਿਸਾਨਾਂ ਨੂੰ ਜ਼ਾਬਤੇ ’ਚ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਚਾਹੁੰਦੀ ਹੈ ਕਿ ਕਿਸਾਨ ਕੋਈ ਗੜਬੜ ਕਰਨ, ਜਿਸ ਦੀ ਵੀਡੀਓ ਉਹ 22 ਜੁਲਾਈ ਨੂੰ ਸੁਪਰੀਮ ਕੋਰਟ ਵਿੱਚ ਦਿਖਾ ਸਕਣ ਕਿ ਬਾਰਡਰ ਖੋਲ੍ਹਣ ਨਾਲ ਹਰਿਆਣਾ ਵਿੱਚ ਅਮਨ-ਕਾਨੂੰਨ ਵਿਵਸਥਾ ਵਿਗੜ ਸਕਦੀ ਹੈ। ਪੰਧੇਰ ਨੇ ਦੱਸਿਆ ਕਿ ਪੁਲੀਸ ਨੇ ਕਿਸਾਨ ਆਗੂਆਂ ਨੂੰ ਰਿਹਾਅ ਕਰ ਦਿੱਤਾ ਹੈ ਅਤੇ ਉਹ ਸ਼ੰਭੂ ਬਾਰਡਰ ’ਤੇ ਨਵਦੀਪ ਜਲਬੇੜਾ ਦਾ ਸਨਮਾਨ ਕਰਨਗੇ। ਅੱਜ ਦੇ ਇਕੱਠ ਵਿੱਚ ਜਲਬੇੜਾ ਵੀ ਸ਼ਾਮਲ ਹੋਇਆ, ਜਿਸ ਨੂੰ ਮਿਲਣ ਲਈ ਲੱਖਾ ਸਿਧਾਣਾ ਪਹੁੰਚਿਆ ਹੋਇਆ ਸੀ।

Advertisement

ਮੰਗਾਂ ਮੰਨੇ ਜਾਣ ਤੱਕ ਕਿਸਾਨ ਸੰਘਰਸ਼ ਜਾਰੀ ਰਹੇਗਾ: ਨਵਦੀਪ

ਪਟਿਆਲਾ (ਪੱਤਰ ਪ੍ਰੇਰਕ): ਸ਼ੰਭੂ ਬਾਰਡਰ ’ਤੇ ਕਿਸਾਨ ਅੰਦੋਲਨ ’ਚ ਪੁੱਜੇ ਨਵਦੀਪ ਸਿੰਘ ਜਲਬੇੜਾ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਸੰਘਰਸ਼ ਜਾਰੀ ਰਹੇਗਾ। ਨਵਦੀਪ ਨੇ ਕਿਹਾ ਕਿ ਕਿਸਾਨੀ ਸੰਘਰਸ਼ ਦੌਰਾਨ ਸਰਕਾਰ ਦੇ ਤਸ਼ੱਦਦ ਦਾ ਸ਼ਿਕਾਰ ਹੋਏ ਕਿਸਾਨ ਕਦੇ ਭੁਲਾਏ ਨਹੀਂ ਜਾਣਗੇ। ਉਨ੍ਹਾਂ ਕਿਹਾ ਕਿ ਪੁਲੀਸ ਨੇ ਉਸ ’ਤੇ ਬਹੁਤ ਤਸ਼ੱਦਦ ਕੀਤੇ ਪਰ ਉਹ ਘਬਰਾਇਆ ਨਹੀਂ।

Advertisement

ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ ਆਈ ਹਰਿਆਣਾ ਪੁਲੀਸ ਦਾ ਘਿਰਾਓ

ਗੁਰਨਾਮ ਸਿੰਘ ਅਕੀਦਾ
ਪਟਿਆਲਾ, 17 ਜੁਲਾਈ

ਕਿਸਾਨਾਂ ਨਾਲ ਸੜਕ ’ਤੇ ਬੈਠ ਕੇ ਨਾਅਰੇਬਾਜ਼ੀ ਕਰਦੇ ਹੋਏ ਨਵਦੀਪ ਜਲਬੇੜਾ ਦੇ ਪਿਤਾ ਜੈ ਸਿੰਘ ਜਲਬੇੜਾ ਅਤੇ ਤੇਜਵੀਰ ਸਿੰਘ ਪੰਜੋਖਰਾ। -ਫ਼ੋਟੋ: ਢਿੱਲੋਂ

ਹਰਿਆਣਾ ਪੁਲੀਸ ਨੇ ਅੱਜ ਫਿਰ ਪੰਜਾਬ ਦੇ ਖੇਤਰ ਵਿੱਚ ਆ ਕੇ ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ, ਜਿਸ ਵਿਰੁੱਧ ਕਿਸਾਨਾਂ ਨੇ ਅੰਬਾਲਾ ਕੋਲ ਪੰਜਾਬ ਦੀ ਹੱਦ ਵਿਚ ਹਿਸਾਰ ਮਾਰਗ ਜਾਮ ਕਰ ਦਿੱਤਾ ਤੇ ਹਰਿਆਣਾ ਪੁਲੀਸ ਦੀ ਗੱਡੀ ਘੇਰ ਲਈ। ਮੌਕੇ ’ਤੇ ਹਰਿਆਣਾ ਪੁਲੀਸ ਦੇ ਮੁਲਾਜ਼ਮ ਇਹੀ ਕਹਿ ਰਹੇ ਸਨ ਕਿ ਉਹ ਕੁਰੂਕਸ਼ੇਤਰ ਪੁਲੀਸ ਦੇ ਮੁਲਾਜ਼ਮ ਹਨ ਅਤੇ ਬਾਕੀ ਮਾਮਲੇ ਬਾਰੇ ਉਨ੍ਹਾਂ ਦੇ ਅਧਿਕਾਰੀ ਹੀ ਜਾਣਦੇ ਹਨ। ਕਿਸਾਨਾਂ ਨੇ ਵਿਰੋਧ ਪ੍ਰਦਰਸ਼ਨ ਕਰਦਿਆਂ ਗ੍ਰਿਫ਼ਤਾਰ ਕੀਤੇ ਪੰਜ ਕਿਸਾਨਾਂ ਨੂੰ ਹਰਿਆਣਾ ਪੁਲੀਸ ਦੀ ਹਿਰਾਸਤ ਵਿੱਚੋਂ ਛੁਡਾ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅੰਬਾਲਾ ਅਨਾਜ ਮੰਡੀ ਵਿੱਚ ਇਕੱਠ ਲਈ ਕਿਸਾਨਾਂ ਦੇ ਲੋਹ ਸਿੰਬਲੀ ਮਾਰਗ ਰਾਹੀਂ ਅੰਬਾਲਾ ਵੱਲ ਕੂਚ ਕੀਤਾ, ਜਿਸ ਕਾਰਨ ਇਸ ਸੜਕ ’ਤੇ ਦਿਨ ਭਰ ਜਾਮ ਲੱਗਿਆ ਰਿਹਾ।
ਇਸੇ ਦੌਰਾਨ ਕਿਸਾਨਾਂ ਨੇ ਪੰਜਾਬ ਦੀ ਹੱਦ ਵਿੱਚ ਦਾਖਲ ਹੋਈ ਹਰਿਆਣਾ ਪੁਲੀਸ ਦੀ ਗੱਡੀ ਦਾ ਘਿਰਾਓ ਕੀਤਾ। ਕਿਸਾਨ ਤੇਜਵੀਰ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਪੁਲੀਸ ਮੁਲਾਜ਼ਮਾਂ ਤੋਂ ਸਵਾਲ ਕੀਤੇ ਜਿਸ ਦੇ ਜਵਾਬ ’ਚ ਪੁਲੀਸ ਮੁਲਾਜ਼ਮਾਂ ਨੇ ਦੱਸਿਆ ਕਿ ਉਹ ਭੁਲੇਖੇ ਨਾਲ ਇੱਥੇ ਆ ਗਏ ਹਨ। ਪੁਲੀਸ ਮੁਲਾਜ਼ਮ ਪੰਜਾਬ ਦੇ ਦੋ ਪਿੰਡ ਜਮੀਤਗੜ੍ਹ ਅਤੇ ਜੱਬੋਮਾਜਰਾ ਲੰਘ ਕੇ ਪੰਜਾਬ ਦੀ ਹੱਦ ਵਿਚ ਕਾਫ਼ੀ ਦੂਰ ਤੱਕ ਆ ਗਏ ਸਨ, ਜਿਸ ਕਰਕੇ ਕਿਸਾਨ ਭੁਲੇਖੇ ਵਾਲੀ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਸਨ। ਇਸੇ ਦੌਰਾਨ ਕਿਸਾਨਾਂ ਨੂੰ ਪਤਾ ਲੱਗਿਆ ਕਿ ਇਹ ਪੁਲੀਸ ਮੁਲਾਜ਼ਮ ਸਵੇਰੇ ਪੰਜਾਬ ਵਿੱਚੋਂ ਪੰਜ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਕੇ ਲੈ ਗਏ ਸਨ। ਕਿਸਾਨਾਂ ਨੇ ਪੁਲੀਸ ਮੁਲਾਜ਼ਮਾਂ ਦਾ ਘਿਰਾਓ ਕਰਕੇ ਹਿਰਾਸਤ ਵਿੱਚ ਲਏ ਕਿਸਾਨਾਂ ਨੂੰ ਰਿਹਾਅ ਕਰਵਾਇਆ ਅਤੇ ਇਸ ਮਗਰੋਂ ਹਰਿਆਣਾ ਪੁਲੀਸ ਦੇ ਮੁਲਾਜ਼ਮਾਂ ਦੀ ਗੱਡੀ ਨੂੰ ਜਾਣ ਦਿੱਤਾ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਮੁੱਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਹਰਿਆਣਾ ਪੁਲੀਸ ਪੰਜਾਬ ਦੀ ਹੱਦ ਵਿਚ ਆ ਕੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਿਵੇਂ ਕਰ ਸਕਦੀ ਹੈ। ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਦੀ ਵੱਡੀ ਨਾਕਾਮੀ ਹੈ ਕਿ ਹਰਿਆਣਾ ਪੁਲੀਸ ਪੰਜਾਬ ਵਿੱਚ ਆ ਕੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ। ਇਸ ਸਬੰਧੀ ਮੌਜੂਦਾ ਵਿਧਾਇਕ ਗੁਰਲਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨਾਲ ਕਿਸੇ ਵੀ ਕਿਸਾਨ ਨੇ ਸੰਪਰਕ ਨਹੀਂ ਕੀਤਾ ਅਤੇ ਨਾ ਹੀ ਪੁਲੀਸ ਕੋਲ ਕੋਈ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਕਿਹਾ ਕਿ ਜੇ ਪੁਲੀਸ ਕੋਲ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਪੰਜਾਬ ਸਰਕਾਰ ਕਾਰਵਾਈ ਜ਼ਰੂਰ ਕਰੇਗੀ।
ਇਸ ਬਾਰੇ ਅੰਬਾਲਾ ਦੇ ਐੱਸਐੱਸਪੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਫ਼ੋਨ ਨਹੀਂ ਚੁੱਕਿਆ।

Advertisement
Tags :
Author Image

joginder kumar

View all posts

Advertisement