For the best experience, open
https://m.punjabitribuneonline.com
on your mobile browser.
Advertisement

ਟਾਵਰ ’ਤੇ ਚੜ੍ਹੀ ਪੁਲੀਸ ਭਰਤੀ ਮਹਿਲਾ ਉਮੀਦਵਾਰ ਤੇ ਪ੍ਰਸ਼ਾਸਨ ਆਹਮੋ-ਸਾਹਮਣੇ

07:42 AM Apr 02, 2024 IST
ਟਾਵਰ ’ਤੇ ਚੜ੍ਹੀ ਪੁਲੀਸ ਭਰਤੀ ਮਹਿਲਾ ਉਮੀਦਵਾਰ ਤੇ ਪ੍ਰਸ਼ਾਸਨ ਆਹਮੋ ਸਾਹਮਣੇ
ਸੰਗਰੂਰ ’ਚ ਮੋਬਾਈਲ ਟਾਵਰ ’ਤੇ ਚੜ੍ਹੀ ਪੁਲੀਸ ਭਰਤੀ ਉਮੀਦਵਾਰ ਹਰਦੀਪ ਕੌਰ।
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 1 ਅਪਰੈਲ
ਪਿਛਲੇ ਕਰੀਬ ਇੱਕ ਮਹੀਨੇ ਤੋਂ ਮੁੱਖ ਮੰਤਰੀ ਦੀ ਕੋਠੀ ਤੋਂ ਕਰੀਬ ਡੇਢ ਕਿਲੋਮੀਟਰ ਦੂਰ ਕੌਮੀ ਹਾਈਵੇਅ ਨੇੜੇ ਮੋਬਾਈਲ ਟਾਵਰ ’ਤੇ ਚੜ੍ਹੀ ਪੰਜਾਬ ਪੁਲੀਸ ਭਰਤੀ ਉਮੀਦਵਾਰ ਹਰਦੀਪ ਕੌਰ ਅਬੋਹਰ ਨੇ ਚਿਤਾਵਨੀ ਦਿੱਤੀ ਹੈ ਕਿ ਉਹ ਸਿਰਫ਼ ਦੋ ਦਿਨ ਉਡੀਕ ਕਰੇਗੀ। ਜੇਕਰ ਕੋਈ ਸੁਣਵਾਈ ਨਾ ਹੋਈ ਤਾਂ ਉਹ ਟਾਵਰ ’ਤੇ ਸਖਤ ਐਕਸ਼ਨ ਕਰਨ ਲਈ ਮਜਬੂਰ ਹੋਵੇਗੀ ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਹੋਵੇਗਾ।
ਇਸ ਚਿਤਾਵਨੀ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ। ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ’ਤੇ ਤਾਇਨਾਤ ਕਰ ਦਿੱਤੀ ਗਈ ਹੈ। ਬਾਅਦ ਦੁਪਹਿਰ ਪ੍ਰਸ਼ਾਸਨ ਦੀ ਤਰਫ਼ੋਂ ਡਿਊਟੀ ਮੈਜਿਸਟ੍ਰੇਟ ਸੁਰਿੰਦਰ ਪਾਲ ਸਿੰਘ ਪੰਨੂ ਮੋਬਾਈਲ ਟਾਵਰ ਨਜ਼ਦੀਕ ਪੁੱਜੇ ਜਿਥੇ ਉਨ੍ਹਾਂ ਸਪੀਕਰ ਰਾਹੀਂ ਅਨਾਊਂਸਮੈਂਟ ਕੀਤੀ ਕਿ ਚੋਣ ਜ਼ਾਬਤਾ ਲੱਗਿਆ ਹੋਇਆ ਹੈ ਜਿਸ ਕਾਰਨ ਇਹ ਸੰਘਰਸ਼ ਗੈਰਕਾਨੂੰਨੀ ਹੈ ਅਤੇ ਚੋਣ ਜ਼ਾਬਤੇ ਦੌਰਾਨ ਮੰਗਾਂ ਦਾ ਕੁਝ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਇਹ ਵੀ ਪਤਾ ਲੱਗਿਆ ਹੈ ਕਿ ਕੁਝ ਬੰਦਿਆਂ ਨੇ ਹੇਠਾਂ ਤੋਂ ਤੇਲ ਦੀਆਂ ਬੋਤਲਾਂ ਉਪਰ ਪਹੁੰਚਾਈਆਂ ਹਨ ਜੋ ਸਰਾਸਰ ਗ਼ਲਤ ਹੈ। ਅਜਿਹੇ ਵਿਅਕਤੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕੇਸ ਦਰਜ ਕੀਤਾ ਜਾਵੇਗਾ। ਡਿਊਟੀ ਮੈਜਿਸਟ੍ਰੇਟ ਨਾਲ ਪੁੱਜੀ ਪੁਲੀਸ ਧਰਨੇ ’ਤੇ ਬੈਠੇ ਭਰਤੀ ਉਮੀਦਵਾਰਾਂ ਦੇ ਨਾਮ ਅਤੇ ਪਤੇ ਨੋਟ ਕਰ ਕੇ ਲੈ ਗਈ ਹੈ। ਇਸ ਦੌਰਾਨ ਜਦੋਂ ਡਿਊਟੀ ਮੈਜਿਸਟ੍ਰੇਟ ਵਲੋਂ ਅਨਾਊਂਸਮੈਂਟ ਕੀਤੀ ਜਾ ਰਹੀ ਸੀ ਤਾਂ ਮੋਬਾਈਲ ਟਾਵਰ ’ਤੇ ਬੈਠੀ ਲੜਕੀ ਹੋਰ ਉਪਰ ਚੜ੍ਹਨ ਲੱਗ ਗਈ।

Advertisement

ਟਾਵਰ ਨੇੜੇ ਪੁੱਜੇ ਡਿਊਟੀ ਮੈਜਿਸਟ੍ਰੇਟ ਸਪੀਕਰ ਰਾਹੀਂ ਅਨਾਊਂਸਮੈਂਟ ਕਰਦੇ ਹੋਏ।

ਇਸ ਤੋਂ ਪਹਿਲਾਂ ਮੋਬਾਈਲ ਟਾਵਰ ’ਤੇ ਬੈਠੀ ਹਰਦੀਪ ਕੌਰ ਨੇ ਕਿਹਾ ਕਿ ਉਹ ਪੰਜਾਬ ਪੁਲੀਸ ਭਰਤੀ-2016 ਦੀ ਵੇਟਿੰਗ ਲਿਸਟ ਦੀ ਉਮੀਦਵਾਰ ਹੈ ਜੋ ਨੌਕਰੀ ’ਤੇ ਜੁਆਇੰਨਿੰਗ ਦੀ ਮੰਗ ਨੂੰ ਲੈ ਕੇ 3 ਮਾਰਚ 2024 ਤੋਂ ਮੋਬਾਈਲ ਟਾਵਰ ’ਤੇ ਬੈਠੀ ਹੈ। ਦਿਨ ਰਾਤ ਟਾਵਰ ਉਪਰ ਬੈਠਣ ਕਾਰਨ ਉਸ ਦੀ ਸਰੀਰਕ ਤੇ ਮਾਨਸਿਕ ਹਾਲਤ ਖਰਾਬ ਹੋ ਗਈ ਹੈ ਜਿਸ ਕਾਰਨ ਉਸਦਾ ਉਪਰ ਬੈਠਣਾ ਬਹੁਤ ਮੁਸ਼ਕਲ ਹੋ ਗਿਆ ਹੈ। ਉਸ ਨੇ ਕਿਹਾ ਕਿ ਉਹ ਦੋ ਦਿਨ ਇੰਤਜ਼ਾਰ ਕਰੇਗੀ ਕਿਉਂਕਿ ਉਸਦਾ ਸਰੀਰ ਸਾਥ ਛੱਡ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਉਹ ਕੋਈ ਐਕਸ਼ਨ ਕਰਨ ਲਈ ਮਜਬੂਰ ਹੋਵੇਗੀ ਜਿਸ ਲਈ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।
ਉਧਰ ਧਰਨੇ ’ਤੇ ਬੈਠੇ ਪੁਲੀਸ ਭਰਤੀ ਉਮੀਦਵਾਰਾਂ ’ਚੋਂ ਅਮਨਦੀਪ ਸਿੰਘ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ। ਮੁੱਖ ਮੰਤਰੀ ਨੂੰ ਮੰਗਾਂ ਬਾਰੇ ਪਤਾ ਹੈ। ਉਹ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਦੀ ਮੰਗ ਕਰ ਰਹੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਜ਼ਿਕਰਯੋਗ ਹੈ ਕਿ ਬੀਤੀ 3 ਮਾਰਚ ਨੂੰ ਭਰਤੀ ਉਮੀਦਵਾਰ ਦੋ ਲੜਕੀਆਂ ਹਰਦੀਪ ਕੌਰ ਅਤੇ ਅਮਨਦੀਪ ਕੌਰ ਮੋਬਾਇਲ ਟਾਵਰ ’ਤੇ ਚੜ੍ਹੀਆਂ ਸਨ ਜਿਨ੍ਹਾਂ ’ਚੋਂ ਇੱਕ ਦੀ ਸਿਹਤ ਜ਼ਿਆਦਾ ਖਰਾਬ ਹੋਣ ਕਾਰਨ ਹੇਠਾਂ ਉਤਾਰ ਲਿਆ ਗਿਆ ਸੀ।

Advertisement
Author Image

Advertisement
Advertisement
×