ਪੁਲੀਸ ਵੱਲੋਂ ਸਪਾਅ ਸੈਂਟਰ ’ਤੇ ਛਾਪਾ
ਪੱਤਰ ਪ੍ਰੇਰਕ
ਯਮੁਨਾਨਗਰ, 11 ਅਗਸਤ
ਪੁਲੀਸ ਨੇ ਦੇਰ ਰਾਤ ਸ਼ਹਿਰ ਦੇ ਸੈਕਟਰ-17 ਸਥਿਤ ‘ਦਿ ਰਾਇਲ ਸੈਲੂਨ ਐਂਡ ਸਪਾਅ’ ਸੈਂਟਰ ’ਤੇ ਛਾਪਾ ਮਾਰ ਕੇ ਇੱਕ ਨੌਜਵਾਨ ਅਤੇ ਇੱਕ ਲੜਕੀ ਨੂੰ ਇਤਰਾਜ਼ਯੋਗ ਹਾਲਤ ਵਿੱਚ ਕਾਬੂ ਕੀਤਾ ਹੈ।
ਲੜਕੀ ਨੇ ਦੋਸ਼ ਲਾਇਆ ਕਿ ਸਪਾਅ ਸੰਚਾਲਕ ਅਜੈ ਵਾਸੀ ਛਛਰੌਲੀ ਨੇ ਗਾਹਕਾਂ ਦੀ ਮਾਲਸ਼ ਕਰਨ ਦੇ ਨਾਂ ’ਤੇ ਉਸ ਨੂੰ ਨੌਕਰੀ ’ਤੇ ਰੱਖਿਆ ਸੀ ਪਰ ਮੁਲਜ਼ਮ ਉਸ ਤੋਂ ਗਲਤ ਕੰਮ ਕਰਵਾਉਣ ਲੱਗ ਪਿਆ।
ਪੁਲੀਸ ਨੇ ਲੜਕੀ ਦੀ ਸ਼ਿਕਾਇਤ ’ਤੇ ਸਪਾ ਸੈਂਟਰ ਸੰਚਾਲਕ ਅਤੇ ਨੌਜਵਾਨ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਇੱਕ ਲੜਕੀ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਕਰੀਬ ਇਕ ਮਹੀਨਾ ਪਹਿਲਾਂ ਜਗਾਧਰੀ ’ਚ ਕੰਮ ਦੀ ਤਲਾਸ਼ ਵਿੱਚ ਆਈ ਸੀ। ਲੜਕੀ ਨੇ ਦੱਸਿਆ ਕਿ ਮੁਲਜ਼ਮ ਨੇ ਉਸ ਨੂੰ 30 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ’ਤੇ ਰੱਖ ਲਿਆ ਅਤੇ ਮੁਲਜ਼ਮ ਨੇ ਉਸ ਨੂੰ ਦਸ ਹਜ਼ਾਰ ਰੁਪਏ ਨਕਦ ਦਿੱਤੇ, ਬਾਕੀ ਮਹੀਨਾ ਪੂਰਾ ਹੋਣ ’ਤੇ ਦੇਣ ਦਾ ਵਾਅਦਾ ਕੀਤਾ। ਉਸ ਨੇ ਦੋਸ਼ ਲਾਇਆ ਕਿ ਕੁਝ ਦਿਨਾਂ ਬਾਅਦ ਮੁਲਜ਼ਮ ਉਸ ਤੋਂ ਗਲਤ ਕੰਮ ਕਰਨ ਲਈ ਮਜਬੂਰ ਕਰਨ ਲੱਗਾ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਸਪਾਅ ਸੰਚਾਲਕ ਨੇ ਉਸ ਨੂੰ ਨੌਕਰੀ ਤੋਂ ਕੱਢਣ ਦੀ ਧਮਕੀ ਦਿੱਤੀ।
ਲੜਕੀ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਦਿਲਬਾਗ ਸਿੰਘ ਨਾਂ ਦਾ ਨੌਜਵਾਨ ਸਪਾਅ ਵਿੱਚ ਆਇਆ ਸੀ। ਅਜੈ ਨੇ ਉਸ ਨੂੰ ਜ਼ਬਰਦਸਤੀ ਮਸਾਜ ਰੂਮ ਵਿੱਚ ਭੇਜ ਦਿੱਤਾ, ਜਿੱਥੇ ਦਿਲਬਾਗ ਨੇ ਉਸ ਨਾਲ ਗਲਤ ਕੰਮ ਕੀਤਾ। ਪੁਲੀਸ ਨੇ ਲੜਕੀ ਦੀ ਸ਼ਿਕਾਇਤ ’ਤੇ ਮੁਲਜ਼ਮ ਨੌਜਵਾਨ ਅਤੇ ਸਪਾਅ ਸੈਂਟਰ ਸੰਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।