ਪੁਲੀਸ ਨੇ ਛਾਪੇ ਮਾਰ ਕੇ ਨਸ਼ੀਲੇ ਪਦਾਰਥ ਬਰਾਮਦ ਕੀਤੇ
ਪੱੱਤਰ ਪ੍ਰੇਰਕ
ਪਟਿਆਲਾ, 24 ਜੂਨ
ਜ਼ਿਲ੍ਹਾ ਪੁਲੀਸ ਨੇ ਅੱਜ ਵੱਖ ਵੱਖ ਥਾਵਾਂ ’ਤੇ ਨਾਕੇ ਲਗਾ ਕੇ 3 ਔਰਤਾਂ ਨੂੰ 7 ਕਿੱਲੋ ਚਰਸ ਨਾਲ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਪ੍ਰੈੱਸ ਕਾਨਫਰੰਸ ਵਿੱਚ ਐੱਸਪੀ ਸਿਟੀ ਮੁਹੰਮਦ ਸਰਫ਼ਰਾਜ਼ ਆਲਮ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇੰਸਪੈਕਟਰ ਕਿਰਪਾਲ ਸਿੰਘ ਨੇ ਸਦਰ ਥਾਣਾ ਮੁਖੀ ਰਾਜਪੁਰਾ ਪਿੰਡ ਬਸੰਤਪੁਰਾ ਵਿੱਚ ਨਾਕਾ ਲਾਇਆ ਹੋਇਆ ਸੀ, ਬੱਸ ਵਿੱਚੋਂ ਇਕ ਔਰਤ ਉਤਰ ਕੇ ਮੇਨ ਸੜਕ ਦੇ ਨਾਲ ਬਣੇ ਸਰਵਿਸ ਰੋਡ ਰਾਹੀਂ ਤੇਜ਼ ਕਦਮੀ ਤੁਰ ਕੇ ਪਿੱਛੇ ਨੂੰ ਜਾਣ ਲੱਗੀ, ਸ਼ੱਕ ਪੈਣ ’ਤੇ ਜਦੋਂ ਪੁਲੀਸ ਨੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 2 ਕਿੱਲੋ ਚਰਸ ਬਰਾਮਦ ਹੋਈ। ਔਰਤ ਦੀ ਪਛਾਣ ਬਿਜਾਤੀ ਦੇਵੀ ਪਤਨੀ ਪਿਸਕਾਰ ਸਾਹਨੀ ਵਜੋਂ ਪਿੰਡ ਤਾਲਵਾ ਪੋਖਰ ਥਾਣਾ ਕੋਟਵਾ ਜ਼ਿਲ੍ਹਾ ਮੋਤੀਹਾਰੀ (ਬਿਹਾਰ) ਵਜੋਂ ਹੋਈ ਹੈ। ਇਸੇ ਤਰ੍ਹਾਂ ਏਐੱਸਆਈ ਹਰਜਿੰਦਰ ਸਿੰਘ ਵੱਲੋਂ ਰਾਜਪੁਰਾ ਤੋਂ ਬਨੂੜ ਰੋਡ ’ਤੇ ਪਿੰਡ ਆਲਮਪੁਰ ਕੋਲ ਨਾਕੇ ਦੌਰਾਨ ਬਨੂੜ ਸਾਈਡ ਵੱਲੋਂ ਆਈ ਬੱਸ ਵਿੱਚੋਂ ਇੱਕ ਔਰਤ ਨੂੰ ਸ਼ੱਕ ਪੈਣ ’ਤੇ ਕਾਬੂ ਕੀਤਾ ਤਾਂ ਉਸ ਕੋਲੋਂ 2 ਕਿੱਲੋ ਚਰਸ ਬਰਾਮਦ ਹੋਈ। ਇਸ ਔਰਤ ਦੀ ਪਛਾਣ ਲਲੀਤਾ ਦੇਵੀ ਵਾਸੀ ਪਿੰਡ ਕੋਟਲਾ ਪੋਖਰ ਥਾਣਾ ਕੋਟਵਾ ਜ਼ਿਲ੍ਹਾ ਚੰਪਾਰਨ ਬਿਹਾਰ ਵਜੋਂ ਹੋਈ। ਤੀਜੀ ਘਟਨਾ ਤਹਿਤ ਏਐੱਸਆਈ ਪਰਮਜੀਤ ਸਿੰਘ ਨੇ ਰਾਜਪੁਰਾ ਤੋਂ ਸਰਹਿੰਦ ਰੋਡ ’ਤੇ ਪਿੰਡ ਉਪਲਹੇੜੀ ਨੇੜੇ ਕੀਤੀ ਨਾਕਾਬੰਦੀ ਦੌਰਾਨ ਬੱਸ ਰਾਜਪੁਰਾ ਸਾਈਡ ਤੋਂ ਆਈ ਤਾਂ ਬੱਸ ਵਿਚੋਂ ਉਤਰ ਕੇ ਇਕ ਔਰਤ ਪਿੱਛੇ ਨੂੰ ਜਾਣ ਲੱਗੀ, ਸ਼ੱਕ ਦੇ ਆਧਾਰ ’ਤੇ ਉਸ ਦੀ ਤਲਾਸ਼ੀ ਦੌਰਾਨ ਉਸ ਕੋਲੋਂ 3 ਕਿੱਲੋ ਚਰਸ ਬਰਾਮਦ ਹੋਈ, ਜਿਸ ਦਾ ਨਾਮ ਸੁਦੀ ਦੇਵੀ ਪਤਨੀ ਝੀਰੀ ਲਾਲ ਸਾਹਨੀ ਵਾਸੀ ਤਾਲਵਾ ਥਾਣਾ ਕੋਟਵਾ ਜ਼ਿਲ੍ਹਾ ਮੋਤੀਹਾਰੀ (ਬਿਹਾਰ) ਪਤਾ ਲੱਗਿਆ। ਇਨ੍ਹਾਂ ਤੇ ਕੇਸ ਦਰਜ ਕਰਕੇ ਅਗਲੇਰੀ ਤਫ਼ਤੀਸ਼ ਸ਼ੁਰੂ ਕੀਤੀ ਹੈ।
ਰਾਜਪੁਰਾ (ਨਿੱਜੀ ਪੱਤਰ ਪ੍ਰੇਰਕ): ਸ਼ੰਭੂ ਦੀ ਪੁਲੀਸ ਨੇ ਦੋ ਸਕੇ ਭਰਾਵਾਂ ਨੂੰ 500 ਗਰਾਮ ਨਸ਼ੀਲਾ ਪਾਊਡਰ ਅਤੇ 20 ਕਿੱਲੋ ਭੁੱਕੀ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲੀਸ ਨੇ ਮੁਖਬਰੀ ਦੇ ਆਧਾਰ ’ਤੇ ਜਦੋਂ ਪਿੰਡ ਮਾਹੀ ਖ਼ੁਰਦ ਛੋਟੀ ਮਾਹੀ ਦੇ ਵਿੱਚ ਛਾਪਾ ਮਾਰਿਆ ਤਾਂ ਦੋ ਵਿਅਕਤੀ ਪੁਲੀਸ ਨੂੰ ਦੇਖ ਕੇ ਜਿਉਂ ਹੀ ਭੱਜਣ ਲੱਗੇ ਤਾਂ ਉਨ੍ਹਾਂ ਕੋਲੋਂ 500 ਗ੍ਰਾਮ ਨਸ਼ੀਲਾ ਪਾਊਡਰ ਤੇ 20 ਕਿੱਲੋ ਭੁੱਕੀ ਬਰਾਮਦ ਹੋਈ ਹੈ। ਮੁਲਜ਼ਮਾਂ ਦੀ ਪਛਾਣ ਅਰਸ਼ਪ੍ਰੀਤ ਸਿੰਘ ਅਤੇ ਅਮਨਪ੍ਰੀਤ ਸਿੰਘ ਵਾਸੀ ਮਾਹੀ ਖ਼ੁਰਦ ਛੋਟੀ ਮਾਹੀ ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਉਕਤ ਦੋਵੇਂ ਮੁਲਜ਼ਮ ਆਪਸ ਵਿਚ ਸਕੇ ਭਰਾ ਹਨ। ਮੁਲਜ਼ਮਾਂ ਖ਼ਿਲਾਫ਼ ਆਈਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਘਨੌਰ (ਨਿੱਜੀ ਪੱਤਰ ਪ੍ਰੇਰਕ): ਘਨੌਰ ਤੇ ਖੇੜੀ ਗੰਡਿਆਂ ਦੀ ਪੁਲੀਸ ਨੇ ਅੱਜ ਵੱਖ ਵੱਖ ਥਾਵਾਂ ’ਤੇ ਲਾਏ ਨਾਕੇ ਅਤੇ ਗਸ਼ਤ ਦੌਰਾਨ ਦੋ ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਘਨੌਰ ਦੇ ਡੀਐੱਸਪੀ ਬੂਟਾ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ 40 ਗਰਾਮ ਨਸ਼ੀਲਾ ਪਾਊਡਰ ਸਮੇਤ ਨਸ਼ਾ ਤਸਕਰ ਸਾਹਿਬ ਸਿੰਘ ਵਾਸੀ ਪੰਡ ਬਘੌਰਾ ਥਾਣਾ ਘਨੌਰ ਨੂੰ ਗ੍ਰਿਫ਼ਤਾਰ ਕੀਤਾ ਹੈ। ਕੁਲਵਿੰਦਰ ਸਿੰਘ ਉਰਫ਼ ਗਿੰਦਾ ਵਾਸੀ ਪਿੰਡ ਮੰਡੋਲੀ ਥਾਣਾ ਖੇੜੀ ਗੰਡਿਆਂ ਨੂੰ 24 ਬੋਤਲਾਂ ਸ਼ਰਾਬ ਠੇਕਾ ਹਰਿਆਣਾ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਕਾਰ ਵਿੱਚੋਂ ਨਾਜਾਇਜ਼ ਸ਼ਰਾਬ ਦੀਆਂ 180 ਬੋਤਲਾਂ ਬਰਾਮਦ
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਪੁਲੀਸ ਨੇ ਇੱਕ ਕਾਰ ਵਿੱਚੋਂ 180 ਬੋਤਲਾਂ ਸ਼ਰਾਬ ਠੇਕਾ ਦੇਸੀ ਬਰਾਮਦ ਕੀਤੀਆਂ ਹਨ। ਥਾਣਾ ਸਿਟੀ-1 ਵਿੱਚ ਤਾਇਨਾਤ ਸਹਾਇਕ ਥਾਣੇਦਾਰ ਯਾਦਵਿੰਦਰ ਸਿੰਘ ਅਨੁਸਾਰ ਉਹ ਸਮੇਤ ਪੁਲੀਸ ਪਾਰਟੀ ਪੁਲ ਸੂਆ ਹਰੇੜੀ ਰੋਡ ਸੰਗਰੂਰ ਮੌਜੂਦ ਸੀ ਤਾਂ ਮੁਖਬਰ ਖਾਸ ਦੀ ਇਤਲਾਹ ’ਤੇ ਉਨ੍ਹਾਂ ਛਾਪਾ ਮਾਰ ਕੇ ਸੁਖਵਿੰਦਰ ਸਿੰਘ ਉਰਫ਼ ਸਨੀ ਵਾਸੀ ਸੰਗਰੂਰ ਦੀ ਕਾਰ ਵਿੱਚੋਂ ਨਾਜਾਇਜ਼ ਸ਼ਰਾਬ ਦੀਆਂ 180 ਬੋਤਲਾਂ ਬਰਾਮਦ ਕੀਤੀਆਂ। ਸੁਖਵਿੰਦਰ ਸਿੰਘ ਉਰਫ਼ ਸਨੀ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਥਾਣਾ ਸਿਟੀ-1 ਸੰਗਰੂਰ ਵਿੱਚ ਕੇਸ ਦਰਜ ਕਰ ਲਿਆ ਹੈ। ਇਸ ਤੋਂ ਇਲਾਵਾ ਸਦਰ ਪੁਲੀਸ ਨੇ ਪਿੰਡ ਘਾਬਦਾਂ ’ਚ ਚੋਰੀ ਹੋਣ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਥਾਣਾ ਸਦਰ ਪੁਲੀਸ ਅਨੁਸਾਰ ਬਲਵੀਰ ਸਿੰਘ ਵਾਸੀ ਘਾਬਦਾਂ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਇਆ ਹੈ ਕਿ ਨਾਮਾਲੂਮ ਵਿਅਕਤੀ ਉਸ ਦੇ ਘਰ ’ਚੋਂ ਚਾਂਦੀ ਪੰਜੇਬ ਕਰੀਬ 9 ਤੋਲੇ, ਸੋਨੇ ਦੀਆਂ ਵਾਲੀਆਂ ਕਰੀਬ ਪੌਣਾ ਤੋਲਾ, ਝਾਂਜਰਾਂ, ਬੈਂਕਾਂ ਦੀਆਂ ਕਾਪੀਆਂ ਅਤੇ ਚੈੱਕ ਬੁੱਕ ਚੋਰੀ ਕਰ ਕੇ ਲੈ ਗਏ ਹਨ। ਪੁਲੀਸ ਨੇ ਨਾਲਾਮੂਲ ਵਿਅਕਤੀਆਂ ਖ਼ਿਲਾਫ਼ ਜ਼ੇਰੇ ਦਫ਼ਾ 457,380 ਆਈਪੀਸੀ ਤਹਿਤ ਕੇਸ ਦਰਜ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।