For the best experience, open
https://m.punjabitribuneonline.com
on your mobile browser.
Advertisement

ਪੁਲੀਸ ਨੇ ਕਾਂਗਰਸੀ ਕੌਂਸਲਰ ਨੂੰ ਘਰੋਂ ਚੁੱਕਿਆ, ਦੁਪਹਿਰ ਨੂੰ ਛੱਡਿਆ

08:59 AM Jul 22, 2023 IST
ਪੁਲੀਸ ਨੇ ਕਾਂਗਰਸੀ ਕੌਂਸਲਰ ਨੂੰ ਘਰੋਂ ਚੁੱਕਿਆ  ਦੁਪਹਿਰ ਨੂੰ ਛੱਡਿਆ
ਪੰਜਾਬ ਸਰਕਾਰ ਅਤੇ ਪੁਲੀਸ ਅਧਿਕਾਰੀਆਂ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਕਾਂਗਰਸੀ ਆਗੂ।
Advertisement

ਹੁਸ਼ਿਆਰ ਸਿੰਘ ਘਟੌੜਾ
ਰਾਮਾਂ ਮੰਡੀ, 21 ਜੁਲਾਈ
ਇੱਥੇ ਅੱਜ ਨਗਰ ਕੌਂਸਲ ਪ੍ਰਧਾਨ ਖ਼ਿਲਾਫ਼ ਬੇਭਰੋਸਗੀ ਮਤਾ ਪਾਸ ਹੋਣ ਤੋਂ ਐਨ ਪਹਿਲਾਂ ਸਵੇਰੇ 6 ਵਜੇ ਕਥਿਤ ਤੌਰ ’ਤੇ ਪੁਲੀਸ ਨੇ ਕੌਂਸਲ ਦੇ ਮੀਤ ਪ੍ਰਧਾਨ ਸਰਬਜੀਤ ਸਿੰਘ ਢਿੱਲੋਂ ਨੂੰ ਘਰੋਂ ਚੁੱਕ ਲਿਆ, ਜਿਸ ਨੂੰ ਦੁਪਹਿਰ ਵੇਲੇ ਛੱਡ ਦਿੱਤਾ ਗਿਆ। ਇਸ ਦੇ ਰੋਸ ਵਜੋਂ ਦੁਪਿਹਰ ਸਮੇਂ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਪੰਜਾਬ ਸਰਕਾਰ ਅਤੇ ਪੁਲੀਸ ਵਿਰੱਧ ਰੋਸ ਮੁਜ਼ਾਹਰਾ ਕੀਤਾ। ਮਿਲੀ ਜਾਣਕਾਰੀ ਅਨੁਸਾਰ ਅੱਜ ਨਗਰ ਕੌਂਸਲ ਪ੍ਰਧਾਨ ਵਿਰੁੱਧ ਲਿਆਂਦੇ ਬੇਭਰੋਸਗੀ ਮਤੇ ਨੂੰ ਲੈ ਕੇ ਦੁਪਿਹਰ ਸਮੇਂ ਵੋਟਿੰਗ ਹੋਣੀ ਸੀ ਪਰ ਸਵਖਤੇ ਹੀ ਨਗਰ ਕੌਂਸਲ ਦੇ ਮੀਤ ਪ੍ਰਧਾਨ ਸਰਬਜੀਤ ਸਿੰਘ ਢਿੱਲੋਂ ਨੂੰ ਪੁਲੀਸ ਨੇ ਘਰੋਂ ਚੁੱਕ ਲਿਆ। ਇਸ ਬਾਰੇ ਜਾਣਕਾਰੀ ਮਿਲਦੇ ਹੀ ਨਗਰ ਕੌਂਸਲ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਮਿੱਤਲ ਕਾਂਗਰਸ ਪਾਰਟੀ ਦੇ ਵੱਡੀ ਗਿਣਤੀ ਕਾਂਗਰਸੀ ਵਰਕਰਾਂ ਨਾਲ ਥਾਣੇ ਪੁੱਜੇ, ਜਿੱਥੇ ਉਨ੍ਹਾਂ ਨੂੰ ਘਰੋਂ ਚੁੱਕੇ ਕੌਂਸਲਰ ਬਾਰੇ ਕੁਝ ਪਤਾ ਨਹੀਂ ਲੱਗਿਆ। ਰੋਹ ਵਿੱਚ ਆਏ ਕਾਂਗਰਸੀ ਵਰਕਰਾਂ ਨੇ ਮੰਡੀ ਦੇ ਬਾਜ਼ਾਰਾਂ ਵਿੱਚ ਜਲੂਸ ਕੱਢ ਕੇ ਗਾਂਧੀ ਚੌਕ ਵਿੱਚ ਧਰਨਾ ਲਗਾ ਦਿੱਤਾ।
ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਖੁਸ਼ਬਾਜ਼ ਸਿੰਘ ਜਟਾਣਾ, ਕਾਂਗਰਸ ਦੇ ਤਰਜਮਾਨ ਅੰਮ੍ਰਿਤ ਕੌਰ ਗਿੱਲ, ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਰਣਜੀਤ ਸਿੰਘ ਸੰਧੂ ਸਮੇਤ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਗੁੰਡਾਗਰਦੀ ਦਾ ਖੁੱਲ੍ਹਾ ਨਾਚ ਕੀਤਾ ਜਾ ਰਿਹਾ ਹੈ। ਜਟਾਣਾ ਦੀ ਅਗਵਾਈ ਵਿੱਚ ਇੱਕ ਵਫ਼ਦ ਨੇ ਪੁਲੀਸ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਚੁੱਕੇ ਕੌਂਸਲਰ ਖ਼ਿਲਾਫ਼ ਕੀਤੀ ਕਾਰਵਾਈ ਦਿਖਾਉਣ ਦੀ ਮੰਗ ਕੀਤੀ। ਨਾਲ ਹੀ ਕੌਂਸਲਰ ਨੂੰ ਘਰੋਂ ਚੁੱਕਣ ਵਾਲੇ ਪੁਲੀਸ ਮੁਲਾਜ਼ਮਾਂ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਵੀ ਕੀਤੀ। ਇਸ ਬਾਰੇ ਕੌਂਸਲਰ ਸਰਬਜੀਤ ਢਿੱਲੋਂਂ ਨੇ ਕਿਹਾ ਕਿ ਉਸ ਨੂੰ ਪੁਲੀਸ ਦੀਆਂ ਦੋ ਗੱਡੀਆਂ ਸਵੇਰੇ ਘਰੋਂ ਚੁੱਕ ਕੇ ਸਿੰਗੋ ਥਾਣੇ ਲੈ ਗਈਆਂ ਜਿੱਥੇ ਜਾ ਕੇ ਉਸ ਨੂੰ ਦੱਸਿਆ ਗਿਆ ਕਿ ਉਸ ਖ਼ਿਲਾਫ਼ ਦਰਖਾਸਤ ਆਈ ਹੈ। ਆਗੂਆਂ ਨੇ ਕਿਹਾ ਕਿ ਜੇਕਰ 48 ਘੰਟਿਆਂ ਵਿੱਚ ਇਸ ਮਾਮਲੇ ਵਿੱਚ ਦੋਸ਼ੀ ਪੁਲੀਸ ਮੁਲਾਜ਼ਮਾਂ ਵਿਰੁੱਧ ਕੇਸ ਦਰਜ ਨਾ ਕੀਤਾ ਗਿਆ ਤਾਂ ਬਠਿੰਡਾ ਦੇ ਐਸਐਸਪੀ ਦਫਤਰ ਅੱਗੇ ਧਰਨਾ ਦਿੱਤਾ ਜਾਵੇਗਾ।

Advertisement

ਕੌਂਸਲਰ ਨੂੰ ਸੱਦਿਆ ਸੀ ਉਠਾਇਆ ਨਹੀਂ: ਡੀਐੱਸਪੀ਼

ਡੀਐਸਪੀ ਬੂਟਾ ਸਿੰਘ ਨੇ ਕਿਹਾ ਪੁਲੀਸ ਕੋਲ ਇੱਕ ਦਰਖਾਸਤ ਆਈ ਸੀ ਜਿਸ ਸਬੰਧੀ ਕੌਂਸਲਰ ਨੂੰ ਥਾਣੇ ਸੱਦਿਆ ਗਿਆ ਸੀ ਅਤੇ ਪੁੱਛ ਪੜਤਾਲ ਕਰਨ ਮਗਰੋਂ ਛੱਡ ਦਿੱਤਾ ਗਿਆ।

ਨਗਰ ਕੌਂਸਲ ਪ੍ਰਧਾਨ ਵਿਰੁੱਧ ਬੇਭਰੋਸਗੀ ਦਾ ਮਤਾ ਪਾਸ

ਸਥਾਨਕ ਨਗਰ ਕੌਂਸਲ ਦੇ ਮੀਟਿੰਗ ਹਾਲ ਵਿੱਚ ਅੱਜ ਕਨਵੀਨਰ ਨਾਇਬ ਤਹਿਸੀਲਦਾਰ ਗੁਰਪ੍ਰੀਤ ਕੌਰ ਦੀ ਹਾਜ਼ਰੀ ਵਿੱਚ ਹੋਈ ਕੌਂਸਲਰਾਂ ਦੀ ਮੀਟਿੰਗ ਵਿੱਚ ਕੁੱਲ 15 ਕੌਂਸਲਰਾਂ ਵਿੱਚੋਂ ਪ੍ਰਧਾਨ ਸਣੇ 14 ਕੌਂਸਲਰ ਹਾਜ਼ਰ ਸਨ। ਇਸ ਦੌਰਾਨ ਨਗਰ ਕੌਂਸਲ ਦੇ ਮੌਜੂਦਾ ਪ੍ਰਧਾਨ ਕ੍ਰਿਸ਼ਨ ਕੁਮਾਰ ਕਾਲਾ ਵਿਰੁੱਧ 12 ਮੈਂਬਰਾਂ ਤੇਲੂ ਰਾਮ ਲਹਿਰੀ, ਪ੍ਰਵੀਨ ਕੁਮਾਰ ਪੱਕਾ, ਸੰਜੀਵ ਕੁਮਾਰ ਪੱਪੂ, ਮਾਤਾ ਕਰਮਜੀਤ ਕੌਰ, ਸੁਨੀਤਾ ਰਾਣੀ ਬਾਂਸਲ, ਸੁਨੀਤਾ ਸ਼ਰਮਾ, ਗੀਤਾ ਰਾਣੀ, ਬੰਤ ਸਿੰਘ ਚੱਠਾ, ਕਿਰਨ ਨਾਗਰ, ਨਿਰਮਲਾ ਦੇਵੀ, ਗੋਲਡੀ ਰਾਣੀ, ਰਾਕੇਸ਼ ਰਾਣੀ ਵੱਲੋਂ ਬੇਭਰੋਸਗੀ ਦਾ ਮਤਾ ਪੇਸ਼ ਕੀਤਾ ਗਿਆ, ਜਿਸ ਨੂੰ ਮੀਟਿੰਗ ਵਿੱਚ ਪਾਸ ਕਰ ਦਿੱਤਾ ਗਿਆ। ਸਾਲ 2021 ਵਿਚ ਹੋਈਆਂ ਨਗਰ ਕੌਂਸਲ ਰਾਮਾਂ ਦੀਆਂ ਚੋਣਾਂ ਵਿੱਚ ਸਾਰੇ ਹੀ 15 ਕੌਂਸਲਰ ਕਾਂਗਰਸ ਪਾਰਟੀ ਦੇ ਜਿੱਤੇ ਸਨ।

Advertisement
Author Image

joginder kumar

View all posts

Advertisement
Advertisement
×