For the best experience, open
https://m.punjabitribuneonline.com
on your mobile browser.
Advertisement

ਬੜੀ ’ਚ ਪਰਾਲੀ ਸਾੜਦੇ ਕਿਸਾਨਾਂ ਨੂੰ ਰੋਕਣ ਆਈ ਪੁਲੀਸ ਪਾਰਟੀ ਦਾ ਘਿਰਾਓ

07:11 AM Nov 02, 2024 IST
ਬੜੀ ’ਚ ਪਰਾਲੀ ਸਾੜਦੇ ਕਿਸਾਨਾਂ ਨੂੰ ਰੋਕਣ ਆਈ ਪੁਲੀਸ ਪਾਰਟੀ ਦਾ ਘਿਰਾਓ
Advertisement

ਬੀਰਬਲ ਰਿਸ਼ੀ
ਸ਼ੇਰਪੁਰ, 1 ਨਵੰਬਰ
ਨੇੜਲੇ ਪਿੰਡ ਬੜੀ ਵਿੱਚ ਅੱਜ ਬਾਅਦ ਦੁਪਹਿਰ ਪਰਾਲੀ ਨੂੰ ਅੱਗ ਲਾਉਂਦੇ ਕਿਸਾਨਾਂ ਨੂੰ ਰੋਕਣ ਆਈ ਸ਼ੇਰਪੁਰ ਪੁਲੀਸ ਦੀ ਇੱਕ ਟੀਮ ਨੂੰ ਖੇਤਾਂ ਵਿੱਚ ਹੀ ਘੇਰ ਲੈਣ ਤੋਂ ਮਾਮਲਾ ਭੱਖ ਗਿਆ ਅਤੇ ਤਿੰਨ ਘੰਟੇ ਦੀ ਲੰਬੀ ਜੱਦੋ-ਜਹਿਦ ਮਗਰੋਂ ਕਿਸਾਨਾਂ ਤੇ ਪ੍ਰਸਾਸ਼ਨਿਕ ਅਧਿਕਾਰੀਆਂ ਦੀ ਹੋਈ ਮੀਟਿੰਗ ਤੋਂ ਬਾਅਦ ਦੇਰ ਸ਼ਾਮ 6.45 ਵਜੇ ਟੀਮ ਨੂੰ ਜਾਣ ਦਿੱਤਾ ਗਿਆ।
ਪ੍ਰਤੱਖਦਰਸ਼ੀਆਂ ਅਨੁਸਾਰ ਅੱਜ ਸ਼ਾਮ ਕਰੀਬ 3.45 ਵਜੇ ਪਿੰਡ ਬੜੀ ਵਿੱਚ ਕੁੱਝ ਕਿਸਾਨ ਪਰਾਲੀ ਨੂੰ ਅੱਗ ਲਗਾ ਰਹੇ ਸਨ ਤਾਂ ਪੁਲੀਸ ਦੀ ਇੱਕ ਟੀਮ ਕੁੱਝ ਕਿਸਾਨਾਂ ਦੇ ਮਗਰ ਪੈ ਗਈ ਤੇ ਕਿਸਾਨ ਪੁਲੀਸ ਦੇ ਡਰੋਂ ਭੱਜ ਗਏ। ਇਸ ਦਾ ਪਤਾ ਜਿਵੇਂ ਹੀ ਪਿੰਡ ਬੜੀ ਦੇ ਲੋਕਾਂ ਨੂੰ ਲੱਗਿਆ ਤਾਂ ਮੌਕੇ ’ਤੇ ਪਹੁੰਚੇ ਸਾਬਕਾ ਸਰਪੰਚ ਤੇ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਜਸਮੇਲ ਸਿੰਘ ਬੜੀ, ਸੰਤ ਸਿੰਘ, ਹਰਦੇਵ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਲੋਕਾਂ ਨੇ ਪੁਲੀਸ ਦੇ ਇਸ ਰਵੱਈਏ ਦੀ ਨਿੰਦਾ ਕੀਤੀ। ਵੱਖ-ਵੱਖ ਪਿੰਡਾਂ ’ਚੋਂ ਪੁੱਜੇ ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਪਿੰਡ ਬੜੀ ਦੇ ਕਿਸਾਨਾਂ ਨੇ ਕਈ ਦਿਨ ਪਹਿਲਾਂ ਪਰਾਲੀ ਇਕੱਠੀ ਕਰਨ ਲਈ ਬੇਲਰ ਮੰਗੇ ਸਨ ਪਰ ਇੱਕ ਬੇਲਰ ਮਿਲਿਆ ਅਤੇ ਉਸ ਨਾਲ ਬਣਾਈਆਂ ਗੱਠਾਂ ਵੀ ਹਾਲੇ ਤੱਕ ਨਹੀਂ ਚੁੱਕੀਆਂ ਗਈਆਂ। ਕੰਮ ਪੂਰਾ ਨਾ ਹੁੰਦਿਆਂ ਦੇਖ ਕੇ ਮਜਬੂਰੀਵੱਸ ਅੱਜ ਪਰਾਲੀ ਨੂੰ ਅੱਗ ਲਗਾਉਣੀ ਪਈ। ਪੁਲੀਸ ਟੀਮ ਦੇ ਘਿਰਾਓ ਦਾ ਪਤਾ ਲੱਗਦੇ ਹੀ ਐੱਸਐੱਚਓ ਬਲਵੰਤ ਸਿੰਘ ਮੌਕੇ ’ਤੇ ਪੁੱਜੇ ਅਤੇ ਫਿਰ ਨਾਇਬ ਤਹਿਸ਼ੀਲਦਾਰ ਸ਼ੇਰਪੁਰ ਜਸਪ੍ਰੀਤ ਸਿੰਘ ਨੇ ਕਿਸਾਨਾਂ ’ਤੇ ਕੋਈ ਵੀ ਕਾਰਵਾਈ ਨਾ ਕਰਨ ਦਾ ਭਰੋਸਾ ਦੇ ਕੇ ਦੇਰ ਸ਼ਾਮ 6.45 ਵਜੇ ਇੱਕ ਵਾਰ ਮਸਲੇ ਦਾ ਨਿਪਟਾਰਾ ਕਰ ਦਿੱਤਾ। ਉੱਧਰ, ਐੱਸਡੀਐੱਮ ਧੂਰੀ ਵਿਕਾਸ ਹੀਰਾ ਨੇ ਕਿਹਾ ਕਿ ਕਿਸਾਨਾਂ ਨੇ ਕੋਈ ਘਿਰਾਓ ਨਹੀਂ ਕੀਤਾ ਸੀ ਸਗੋਂ ਅਸਲ ਵਿੱਚ ਕਿਸਾਨ ਪ੍ਰਸਾਸ਼ਨ ਨਾਲ ਮੀਟਿੰਗ ਕਰਨਾ ਚਹੁੰਦੇ ਸੀ ਅਤੇ ਮੀਟਿੰਗ ਦੌਰਾਨ ਉਨ੍ਹਾਂ ਆਪਣੀਆਂ ਸਮੱਸਿਆਵਾਂ ਦੱਸੀਆਂ। ਪ੍ਰਸ਼ਾਸਨ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਵਚਨਬੱਧ ਹਨ। ਉਨ੍ਹਾਂ ਸਪੱਸ਼ਟ ਕਿਹਾ ਕਿ ਜੇ ਕੋਈ ਕਾਨੂੰਨੀ ਕੰਮ ਵਿੱਚ ਅੜਿੱਕਾ ਬਣੇਗਾ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Advertisement

ਐੱਸਡੀਐੱਮ ਦੀ ਅਗਵਾਈ ਹੇਠਲੀ ਟੀਮ ਨੇ ਪਿੰਡ ਲਦਾਲ ਵਿੱਚ ਪਰਾਲੀ ਸਾੜਨ ਤੋਂ ਰੋਕੀ

ਲਹਿਰਾਗਾਗਾ (ਪੱਤਰ ਪ੍ਰੇਰਕ): ਐੱਸਡੀਐੱਮ ਸੂਬਾ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਪਿੰਡ ਲਦਾਲ ’ਚ ਕਰੀਬ ਨੌਂ ਏਕੜ ਰਕਬੇ ਦੀ ਪਰਾਲੀ ਸਾੜਨ ਤੋਂ ਰੋਕੀ। ਐੱਸਡੀਐੱਮ ਸੁਬਾ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਸਬ ਡਿਵੀਜ਼ਨ ਦੇ ਪਿੰਡ ਲਦਾਲ ਵਿੱਚ ਇੱਕ ਕਿਸਾਨ ਵੱਲੋਂ ਪਰਾਲੀ ਸਾੜੇ ਜਾਣ ਦੀ ਕਾਰਵਾਈ ਸ਼ੁਰੂ ਕੀਤੇ ਜਾਣ ਦਾ ਪਤਾ ਲੱਗਿਆ ਤਾਂ ਉਹ ਨਾਇਬ ਤਹਿਸੀਲਦਾਰ, ਖੇਤੀ ਵਿਕਾਸ ਅਧਿਕਾਰੀ, ਪੁਲੀਸ ਅਤੇ ਫਾਇਰ ਬ੍ਰਿਗੇਡ ਦੇ ਅਮਲੇ ਸਮੇਤ ਮੌਕੇ ਉੱਤੇ ਪੁੱਜੇ ਅਤੇ ਪਾਣੀ ਦੀਆਂ ਬੁਛਾੜਾਂ ਨਾਲ ਖੇਤ ਵਿੱਚ ਨਾੜ ਸਾੜਨ ਦੀ ਪ੍ਰਕਿਰਿਆ ਨੂੰ ਸ਼ੁਰੂਆਤੀ ਸਮੇਂ ਵਿੱਚ ਹੀ ਰੋਕ ਦਿੱਤਾ ਗਿਆ। ਐੱਸਡੀਐੱਮ ਸੂਬਾ ਸਿੰਘ ਨੇ ਸਖ਼ਤ ਸਖਤ ਸ਼ਬਦਾਂ ਵਿੱਚ ਕਿਹਾ ਕਿ ਵਾਤਾਵਰਨ ਅਤੇ ਮਨੁੱਖਤਾ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਖ਼ਿਲਾਫ਼ ਕੇਸ ਦਰਜ ਅਤੇ ਵੱਖ-ਵੱਖ ਐਕਟਾਂ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਿਹੜੇ ਲੋਕ ਵਾਰ-ਵਾਰ ਅਜਿਹਾ ਕਰ ਕੇ ਮਨੁੱਖੀ ਸਿਹਤ ਨੂੰ ਖਤਰੇ ਵਿੱਚ ਪਾ ਰਹੇ ਹਨ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਲਦਾਲ ਦੇ ਖੇਤਾਂ ਦੇ ਲਗਪਗ ਨੌ ਏਕੜ ਰਕਬੇ ਵਿੱਚ ਪਰਾਲੀ ਨੂੰ ਸਾੜਨ ਤੋਂ ਰੋਕਿਆ ਗਿਆ ਹੈ ਅਤੇ ਵਾਤਾਵਰਨ ਨੂੰ ਬਚਾਉਣ ਦੀ ਇਹ ਮੁਹਿੰਮ ਜਾਰੀ ਰੱਖੀ ਜਾਵੇਗੀ।

Advertisement

Advertisement
Author Image

sukhwinder singh

View all posts

Advertisement