ਪੁਲੀਸ ਅਧਿਕਾਰੀਆਂ ਨੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਿਆ
ਪੱਤਰ ਪ੍ਰੇਰਕ
ਮਾਛੀਵਾੜਾ, 3 ਅਕਤੂਬਰ
ਪੁਲੀਸ ਤੇ ਪ੍ਰਸਾਸ਼ਨ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਪੂਰੀ ਮੁਸ਼ਤੈਦੀ ਵਰਤੀ ਜਾ ਰਹੀ ਹੈ ਜਿਸ ਤਹਿਤ ਅੱਜ ਪੁਲੀਸ ਮੁਲਾਜ਼ਮਾਂ ਨੇ ਪਿੰਡ ਪਿੰਡ ਜਾ ਕੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਿਆ। ਅੱਜ ਨਾਇਬ ਤਹਿਸੀਲਦਾਰ ਦਲਵਿੰਦਰ ਸਿੰਘ, ਥਾਣਾ ਮੁਖੀ ਪਵਿੱਤਰ ਸਿੰਘ ਅਤੇ ਪੁਲੀਸ ਟੀਮਾਂ ਨੇ ਮਾਛੀਵਾੜਾ ਬੇਟ ਖੇਤਰ ਦੇ ਪਿੰਡਾਂ ਵਿੱਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਾਲ ਲੈ ਕੇ ਦੌਰਾ ਕੀਤਾ ਤੇ ਜਿੱਥੇ ਵੀ ਕਿਤੇ ਕੋਈ ਕਿਸਾਨ ਪਰਾਲੀ ਸਾੜਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਸ ਨੂੰ ਤੁਰੰਤ ਰੋਕਿਆ ਗਿਆ। ਇਸ ਤੋਂ ਇਲਾਵਾ ਪਿੰਡਾਂ ਦੀਆਂ ਸੱਥਾਂ ਵਿਚ ਜਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ।
ਥਾਣਾ ਮੁਖੀ ਪਵਿੱਤਰ ਸਿੰਘ ਤੇ ਨਾਇਬ ਤਹਿਸੀਲਦਾਰ ਦਲਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਕੋਈ ਕਿਸਾਨ ਪਰਾਲੀ ਨੂੰ ਅੱਗ ਲਗਾਏਗਾ ਤਾਂ ਉਸ ਖਿਲਾਫ਼ ਮਾਮਲਾ ਦਰਜ ਤੋਂ ਇਲਾਵਾ ਮਾਲ ਵਿਭਾਗ ਦੇ ਰਿਕਾਰਡ ਵਿਚ ਐਂਟਰੀ ਕੀਤੀ ਜਾਵੇਗੀ ਜਿਸ ਕਾਰਨ ਉਸ ਨੂੰ ਆਪਣੀ ਜ਼ਮੀਨ ਵੇਚਣ ਤੇ ਖਰੀਦਣ ਵਿਚ ਸਮੱਸਿਆ ਆਵੇਗੀ ਅਤੇ ਨਾਲ ਹੀ ਜੋ ਸਰਕਾਰ ਦੀਆਂ ਸੁਵਿਧਾਵਾਂ ਹਨ ਉਹ ਵੀ ਨਹੀਂ ਮਿਲਣਗੀਆਂ। ਪੁਲੀਸ ਪ੍ਰਸਾਸ਼ਨ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਪਰਾਲੀ ਨਾ ਸਾੜਨ ਅਤੇ ਜੇਕਰ ਕਿਸੇ ਕਿਸਾਨ ਨੂੰ ਮਸ਼ੀਨਰੀ ਨਹੀਂ ਮਿਲਦੀ ਤਾਂ ਉਹ ਵੀ ਉਪਲੱਬਧ ਕਰਵਾਈ ਜਾਵੇਗੀ।
ਪਰਾਲੀ ਨਾ ਸਾੜਨ ਦਾ ਸੁਨੇਹਾ ਦੇਣ ਸਬੰਧੀ ਡੀਸੀ ਤੇ ਐੱਸਐੱਸਪੀਜ਼ ਵੱਲੋਂ ਮੀਟਿੰਗ
ਲੁਧਿਆਣਾ (ਖੇਤਰੀ ਪ੍ਰਤੀਨਿਧ): ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦਾ ਸੁਨੇਹਾ ਦੇਣ ਦੇ ਉਦੇਸ਼ ਹਿਤ ਡਿਪਟੀ ਕਮਿਸ਼ਨਰ ਲੁਧਿਆਣਾ ਜਤਿੰਦਰ ਜੋਰਵਾਲ ਨੇ ਅੱਜ ਸਥਾਨਕ ਗੁਰੂ ਨਾਨਕ ਦੇਵ ਭਵਨ ਵਿੱਚ ਨੋਡਲ ਅਫਸਰਾਂ, ਕਲੱਸਟਰ ਅਫਸਰਾਂ ਅਤੇ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਡਿਪਟੀ ਕਮਿਸ਼ਨਰ ਨੇ ਗੁਰੂ ਨਾਨਕ ਦੇਵ ਦੇ ਆ ਰਹੇ ਗੁਰਪੁਰਬ ਨੂੰ ਧਿਆਨ ਵਿੱਚ ਰੱਖਦਿਆਂ ਕਿਸਾਨਾਂ ਨੂੰ ਉਨ੍ਹਾਂ ਦੀਆਂ ਸਿੱਖਿਆਵਾਂ ’ਤੇ ਚੱਲਣ ਦਾ ਸੁਨੇਹਾ ਦਿੱਤਾ। ਇਸ ਮੀਟਿੰਗ ਵਿੱਚ ਐੱਸਐੱਸਪੀ ਖੰਨਾ ਅਸ਼ਵਨੀ ਗੋਟਿਆਲ ਤੇ ਐੱਸਐੱਸਪੀ ਲੁਧਿਆਣਾ ਦਿਹਾਤੀ ਨਵਨੀਤ ਸਿੰਘ ਬੈਂਸ ਆਦਿ ਅਧਿਕਾਰੀ ਵੀ ਹਾਜ਼ਰ ਸਨ।